ਕੈਨੇਡਾ ’ਚ ਗੋਲੀਬਾਰੀ, 3 ਪੰਜਾਬੀ ਗ੍ਰਿਫ਼ਤਾਰ
ਕੈਨੇਡਾ ਵਿਚ ਗੋਲੀਬਾਰੀ ਦੌਰਾਨ 2 ਜਣਿਆਂ ਦੇ ਜ਼ਖਮੀ ਹੋਣ ਮਗਰੋਂ ਆਰੰਭੀ ਗਈ ਪੜਤਾਲ ਦੇ ਆਧਾਰ ’ਤੇ ਲਵਪ੍ਰੀਤ ਸਿੰਘ, ਰਮਣੀਕ ਸਿੰਘ ਅਤੇ ਨਵਜੀਤ ਵਿਰਕ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ
ਬਰੈਂਪਟਨ : ਕੈਨੇਡਾ ਵਿਚ ਗੋਲੀਬਾਰੀ ਦੌਰਾਨ 2 ਜਣਿਆਂ ਦੇ ਜ਼ਖਮੀ ਹੋਣ ਮਗਰੋਂ ਆਰੰਭੀ ਗਈ ਪੜਤਾਲ ਦੇ ਆਧਾਰ ’ਤੇ ਲਵਪ੍ਰੀਤ ਸਿੰਘ, ਰਮਣੀਕ ਸਿੰਘ ਅਤੇ ਨਵਜੀਤ ਵਿਰਕ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਡਫਰਿਨ ਕਾਊਂਟੀ ਦੇ ਹਸਪਤਾਲ ਵਿਚ ਗੋਲੀਬਾਰੀ ਦੇ ਇਕ ਜ਼ਖਮੀ ਨੂੰ ਦਾਖਲ ਕਰਵਾਉਣ ਬਾਰੇ ਪਤਾ ਲੱਗਾ ਪਰ ਇਸੇ ਦੌਰਾਨ ਬਰੈਂਪਟਨ ਦੇ ਹਸਪਤਾਲ ਵਿਚ ਇਕ ਹੋਰ ਜ਼ਖਮੀ ਦੇ ਦਾਖਲ ਹੋਣ ਬਾਰੇ ਇਤਲਾਹ ਮਿਲੀ। ਜਾਂਚ ਦੌਰਾਨ ਸਪੱਸ਼ਟ ਹੋ ਗਿਆ ਕਿ ਗੋਲੀਬਾਰੀ ਦੀ ਵਾਰਦਾਤ ਡਫਰਿਨ ਇਲਾਕੇ ਵਿਚ ਵਾਪਰੀ ਅਤੇ ਸ਼ੱਕੀ ਮੌਕੇ ਤੋਂ ਫ਼ਰਾਰ ਹੋ ਗਏ।
ਲਵਪ੍ਰੀਤ, ਰਮਣੀਕ ਅਤੇ ਨਵਜੀਤ ਵਿਰੁੱਧ ਦੋਸ਼ ਆਇਦ
ਹਸਪਤਾਲ ਵਿਚ ਮੌਜੂਦ ਪੁਲਿਸ ਅਫ਼ਸਰਾਂ ਨੇ ਸ਼ੱਕੀਆਂ ਦੀ ਗੱਡੀ ਦੀ ਸ਼ਨਾਖਤ ਕਰਦਿਆਂ ਇਸ ਦੀ ਭਾਲ ਆਰੰਭ ਦਿਤੀ। ਜਲਦ ਹੀ ਸਬੰਧਤ ਗੱਡੀ ਮਿਲ ਗਈ ਜਿਸ ਵਿਚੋਂ ਇਕ ਹੈਂਡਗੰਨ ਬਰਾਮਦ ਕੀਤੀ ਗਈ। ਵਿੰਨੀਪੈਗ ਦੇ 25 ਸਾਲਾ ਲਵਪ੍ਰੀਤ ਸਿੰਘ ਅਤੇ ਬਰੈਂਪਟਨ ਦੇ 25 ਸਾਲਾ ਰਮਣੀਕ ਸਿੰਘ ਵਿਰੁੱਧ ਪਾਬੰਦੀਸ਼ੁਦਾ ਹਥਿਆਰ ਰੱਖਣ ਅਤੇ ਅਣਅਧਿਕਾਰਤ ਤਰੀਕੇ ਨਾਲ ਹਥਿਆਰ ਰੱਖਣ ਦੇ ਸੱਤ ਦੋਸ਼ ਆਇਦ ਕੀਤੇ ਹਨ ਜਦਕਿ ਪੈਰਿਸ ਨਾਲ ਸਬੰਧਤ 49 ਸਾਲ ਦੇ ਨਵਜੀਤ ਵਿਰਕ ਵਿਰੁੱਧ ਪਾਬੰਦੀ ਹਥਿਆਰ ਜਾਂ ਗੋਲੀ ਸਿੱਕਾ ਰੱਖਣ ਦਾ ਦੋਸ਼ ਲਾਇਆ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 1888 310 112 ’ਤੇ ਸੰਪਰਕ ਕਰ ਸਕਦਾ ਹੈ।
ਮਿਸੀਸਾਗਾ ਵਿਖੇ ਗੋਲੀਬਾਰੀ ਦੇ ਮਾਮਲੇ ਵਿਚ 3 ਹੋਰ ਗ੍ਰਿਫ਼ਤਾਰ
ਦੂਜੇ ਪਾਸੇ ਮਿਸੀਸਾਗਾ ਵਿਚ ਟਾਰਗੈਟਡ ਸ਼ੂਟਿੰਗ ਦੇ ਮਾਮਲੇ ਤਹਿਤ 3 ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੀ 3 ਸਤੰਬਰ ਨੂੰ ਸਵੇਰੇ ਤਕਰੀਬਨ 4 ਵਜੇ ਵਾਪਰੀ ਵਾਰਦਾਤ ਦੌਰਾਨ ਚਿੱਟੇ ਰੰਗ ਦੀ ਫੌਰਡ ਐਕਸਪਲੋਰਰ ਨੇ ਅਣਦੱਸੇ ਕਾਰਨਾਂ ਕਰ ਕੇ ਚਿੱਟੇ ਰੰਗ ਦੀ ਫੌਰਡ ਬਰੌਂਕੋ ਸਪੋਰਟ ਦਾ ਪਿੱਛਾ ਸ਼ੁਰੂ ਕਰ ਦਿਤਾ। ਜਦੋਂ ਗੱਡੀਆਂ ਲੇਕਸ਼ੋਰ ਰੋਡ ਵੈਸਟ ’ਤੇ ਪੁੱਜੀਆਂ ਤਾਂ ਐਕਸਪਲੋਰਰ ਵਿਚ ਸਵਾਰ ਸ਼ੱਕੀ ਨੇ ਬਰੌਂਕੋ ਸਵਾਰ ਦੋ ਜਣਿਆਂ ਉਤੇ 9 ਗੋਲੀਆਂ ਚਲਾਈਆਂ। ਗੋਲੀਬਾਰੀ ਦੌਰਾਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ ਜਦਕਿ ਦੂਜੇ ਨੂੰ ਕੋਈ ਸੱਟ ਨਾ ਵੱਜੀ। ਲੰਮੀ ਪੜਤਾਲ ਦੇ ਆਧਾਰ ’ਤੇ ਮਿਸੀਸਾਗਾ ਅਤੇ ਓਕਵਿਲ ਨਾਲ ਸਬੰਧਤ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ।