ਕੈਨੇਡਾ ਵਿਚ ਭਾਰਤੀ ਪਰਵਾਰ ਦੇ ਘਰ ’ਤੇ ਗੋਲੀਬਾਰੀ!
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਵਾਰਦਾਤਾਂ ਦਰਮਿਆਨ ਐਬਸਫੋਰਡ ਵਿਖੇ ਇਕ ਘਰ ’ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਐਬਸਫੋਰਡ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਵਾਰਦਾਤਾਂ ਦਰਮਿਆਨ ਐਬਸਫੋਰਡ ਵਿਖੇ ਇਕ ਘਰ ’ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵੇਲੇ ਪਰਵਾਰ ਘਰ ਅੰਦਰ ਸੌਂ ਰਿਹਾ ਸੀ। ਅਚਨਚੇਤ ਗੋਲੀਆਂ ਚੱਲਣ ਦੀ ਆਵਾਜ਼ ਸੁਣਦਿਆਂ ਹੀ ਪਰਵਾਰ ਸਹਿਮ ਗਿਆ ਅਤੇ ਪੁਲਿਸ ਨੂੰ ਕਾਲ ਕੀਤੀ। ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਟੌਲਮੀ ਰੋਡ ਦੇ 2700 ਬਲਾਕ ਵਿਖੇ ਵਾਪਰੀ ਵਾਰਦਾਤ ਮਗਰੋਂ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਐਬਸਫੋਰਡ ਪੁਲਿਸ ਦੇ ਮੇਜਰ ਕ੍ਰਾਈਮ ਯੂਨਿਟ ਨਾਲ 604 859 5225 ’ਤੇ ਸੰਪਰਕ ਕੀਤਾ ਜਾਵੇ।
ਐਬਸਫੋਰਡ ਪੁਲਿਸ ਕਰ ਰਹੀ ਹੈ ਮਾਮਲੇ ਦੀ ਪੜਤਾਲ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਆਰ.ਸੀ.ਐਮ.ਪੀ. ਵੱਲੋਂ ਸਰੀ ਨਾਲ ਸਬੰਧਤ 2 ਸ਼ੱਕੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਜੋ ਬੀ.ਸੀ. ਦੇ ਲੋਅਰ ਮੇਨਲੈਂਡ ਇਲਾਕੇ ਵਿਚ ਗੋਲੀਬਾਰੀ, ਅਗਜ਼ਨੀ ਅਤੇ ਹੋਰ ਵਾਰਦਾਤਾਂ ਵਿਚ ਕਥਿਤ ਤੌਰ ’ਤੇ ਸ਼ਾਮਲ ਰਹੇ। ਪਿਛਲੇ ਮਹੀਨੇ ਸਰੀ ਦੀ ਨਿੱਜਰ ਟ੍ਰਕਿੰਗ ਦੇ ਮਾਲਕ ਰਘਬੀਰ ਸਿੰਘ ਨਿੱਜਰ ਨੂੰ 24 ਘੰਟੇ ਵਿਚ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਜਦੋਂ ਇਕ ਅਣਪਛਾਤੇ ਬੰਦੂਕਧਾਰੀ ਨੇ ਸਰੀ ਦੇ ਉੱਤਰ-ਪੱਛਮੀ ਇਲਾਕੇ ਵਿਚ ਉਨ੍ਹਾਂ ਦੀ ਟ੍ਰਕਿੰਗ ਕੰਪਨੀ ਦੇ ਦਫ਼ਤਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ।