ਕੈਲਗਰੀ ਵਿਖੇ ਲੁਟੇਰਿਆਂ ਦੀ ਗੱਡੀ ਨੇ ਕਰਵਾਇਆ ਵੱਡਾ ਹਾਦਸਾ
ਕੈਲਗਰੀ ਦੇ ਦੱਖਣੀ ਹਿੱਸੇ ਵਿਚ ਘੱਟੋ ਘੱਟ ਪੰਜ ਗੱਡੀਆਂ ਦੀ ਟੱਕਰ ਦੌਰਾਨ 2 ਬੱਚਿਆਂ ਸਣੇ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ।
ਕੈਲਗਰੀ : ਕੈਲਗਰੀ ਦੇ ਦੱਖਣੀ ਹਿੱਸੇ ਵਿਚ ਘੱਟੋ ਘੱਟ ਪੰਜ ਗੱਡੀਆਂ ਦੀ ਟੱਕਰ ਦੌਰਾਨ 2 ਬੱਚਿਆਂ ਸਣੇ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ। ਕੈਲਗਰੀ ਪੁਲਿਸ ਨੇ ਦੱਸਿਆ ਕਿ ਇਕ ਫਾਰਮੇਸੀ ਵਿਚ ਲੁੱਟ ਦੀ ਵਾਰਦਾਤ ਕਰਨ ਵਾਲਿਆਂ ਦੀ ਪਿੱਛਾ ਕੀਤਾ ਜਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ। ਕੈਲਫਰੀ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਹਾਦਸੇ ਦੌਰਾਨ ਪੰਜ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਅਤੇ ਇਕ ਸ਼ਖਸ ਗੱਡੀ ਵਿਚੋਂ ਬੁੜਕ ਕੇ ਬਾਹਰ ਜਾ ਡਿੱਗਾ।
5 ਗੱਡੀਆਂ ਦੀ ਟੱਕਰ, 2 ਬੱਚਿਆਂ ਸਣੇ 4 ਗੰਭੀਰ ਜ਼ਖਮੀ
ਬਟਾਲੀਅਨ ਚੀਫ਼ ਸਕੌਟ ਕਾਵਨ ਨੇ ਕਿਹਾ ਕਿ ਜ਼ਖਮੀਆਂ ਵਿਚੋਂ ਦੋ ਜਣਿਆਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਮੌਕੇ ’ਤੇ ਮੌਜੂਦ ਪੌਲ ਡੌਨਲਡਸਨ ਨੇ ਦੱਸਿਆ ਕਿ ਹਾਦਸਾ ਦੇਖ ਕੇ ਉਹ ਰੁਕ ਗਿਆ ਅਤੇ ਉਸ ਦੀ ਨਜ਼ਰ ਇਕ ਬੱਚੀ ’ਤੇ ਪਈ ਜੋ ਸੜਕ ’ਤੇ ਪਈ ਸੀ। ਉਸ ਨੇ ਬੱਚੀ ਨੂੰ ਚੁੱਕਣ ਦਾ ਯਤਨ ਕੀਤਾ ਅਤੇ ਇਸੇ ਦੌਰਾਨ ਐਮਰਜੰਸੀ ਕਾਮੇ ਪੁੱਜ ਗਏ। ਹਾਦਸਾ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਇਕ ਮਿੰਨੀਵੈਨ ਲਾਲ ਬੱਤੀ ਦੇ ਬਾਵਜੂਦ ਇੰਟਰਸੈਕਸ਼ਨ ਕਰੌਸ ਕਰ ਰਹੀ ਸੀ ਪਰ ਇਸੇ ਦਰਾਨ ਗਰੇਅ ਕਲਰ ਦੀ ਕਾਰ ਨੇ ਮੁੜਨ ਦਾ ਯਤਨ ਕੀਤਾ ਅਤੇ ਹਾਦਸਾ ਵਾਪਰ ਗਿਆ। ਇਸੇ ਦੌਰਾਨ ਹਰੀ ਬੱਤੀ ਤੋਂ ਲੰਘ ਰਹੀਆਂ ਹੋਰ ਗੱਡੀਆਂ ਵੀ ਉਲਝ ਗਈਆਂ।
ਪਿੱਛਾ ਕਰ ਰਹੀ ਪੁਲਿਸ ਤੋਂ ਬਚਣ ਲਈ ਲਾਲ ਬੱਤੀ ਕੀਤੀ ਕਰੌਸ
ਪੁਲਿਸ ਵੱਲੋਂ ਮੌਕੇ ’ਤੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸੰਭਾਵਤ ਤੌਰ ’ਤੇ ਉਹ ਲੁੱਟ ਦੀ ਵਾਰਦਾਤ ਵਿਚ ਸ਼ਾਮਲ ਹੋ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਹਾਦਸੇ ਤੋਂ ਪਹਿਲਾਂ ਕੈਲਗਰੀ ਦੇ ਸਾਊਥ ਵੈਸਟ ਇਲਾਕੇ ਦੇ ਮਿਲਰਾਈਜ਼ ਬੁਲੇਵਾਰਡ ਵਿਖੇ ਇਕ ਫਾਰਮੇਸੀ ਲੁੱਟੀ ਗਈ ਅਤੇ ਇਕ ਗੱਡੀ ਵੀ ਚੋਰੀ ਹੋਈ। ਪੁਲਿਸ ਅਫ਼ਸਰਾਂ ਨੇ ਸ਼ੱਕੀਆਂ ਦੀ ਗੱਡੀ ਨੂੰ ਘੇਰਨ ਦਾ ਯਤਨ ਕੀਤਾ ਪਰ ਉਹ ਫਰਾਰ ਹੋ ਗਏ ਜਿਸ ਮਗਰੋਂ ਪੁਲਿਸ ਅਫਸਰਾਂ ਵੱਲੋਂ ਪਿੱਛਾ ਸ਼ੁਰੂ ਕੀਤਾ ਗਿਆ ਅਤੇ ਅੱਗੇ ਜਾ ਕੇ ਹਾਦਸਾ ਵਾਪਰ ਗਿਆ।