ਉਨਟਾਰੀਓ ਦੇ ਵੌਨ ਸ਼ਹਿਰ ਵਿਚ ਤਿੰਨ ਥਾਵਾਂ ’ਤੇ ਡਾਕੇ
ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਚੋਰੀ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਦੀ ਵੀਡੀਓ ਯਾਰਕ ਰੀਜਨਲ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ।
ਵੌਅਨ : ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਚੋਰੀ ਦੀਆਂ ਤਿੰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਦੀ ਵੀਡੀਓ ਯਾਰਕ ਰੀਜਨਲ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਸ਼ੱਕੀ ਵੱਲੋਂ ਇਕ ਪਲਾਜ਼ਾ ਵਿਚ ਤਿੰਨ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਵਾਰਦਾਤਾਂ ਕਲਾਰਕ ਐਵੇਨਿਊ ਅਤੇ ਹਿਲਡਾ ਐਵੇਨਿਊ ਦੇ ਪਲਾਜ਼ਾ ਵਿਚ 18 ਅਪ੍ਰੈਲ ਨੂੰ ਵਾਪਰੀਆਂ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਚਿੱਟੇ ਰੰਗ ਦੀ ਗੱਡੀ ਵਿਚੋਂ ਬਾਹਰ ਆਉਂਦਾ ਹੈ ਅਤੇ ਸ਼ੀਸ਼ਾ ਤੋੜ ਕੇ ਇਕ ਕਾਰੋਬਾਰੀ ਅਦਾਰੇ ਵਿਚ ਦਾਖਲ ਹੋ ਜਾਂਦਾ ਹੈ। ਸ਼ੱਕੀ ਵੱਲੋਂ ਸ਼ੀਸ਼ੇ ਤੋੜਨ ਲਈ ਰੈਂਚ ਦੀ ਵਰਤੋਂ ਕੀਤੀ ਗਈ ਅਤੇ ਕੈਸ਼ ਰਜਿਸਟਰ ਲੈ ਕੇ ਫਰਾਰ ਹੋ ਗਿਆ ਜਦਕਿ ਥਰਮਲ ਪੇਪਰ ਪਿੱਛੇ ਖਿਲਰਦਾ ਨਜ਼ਰ ਆਇਆ।
ਯਾਰਕ ਰੀਜਨਲ ਪੁਲਿਸ ਨੇ ਜਾਰੀ ਕੀਤੀ ਸ਼ੱਕੀ ਦੀ ਵੀਡੀਓ
ਪੁਲਿਸ ਮੁਤਾਬਕ ਸ਼ੱਕੀ ਵੱਲੋਂ ਹਰ ਕਾਰੋਬਾਰੀ ਅਦਾਰੇ ਦੇ ਕੈਸ਼ ਰਜਿਸਟਰ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਅਤੇ ਸਾਰੀਆਂ ਥਾਵਾਂ ਕਤਾਰ ਵਿਚ ਮੌਜੂਦ ਹਨ। ਵੌਅਨ ਦੇ ਮੇਅਰ ਸਟੀਵਨ ਡੈਲ ਡੁਕਾ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੁੱਟ ਦੀਆਂ ਇਨ੍ਹਾਂ ਵਾਰਦਾਤਾਂ ਦੌਰਾਨ ਯਹੂਦੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਸਿੱਧੇ ਤੌਰ ’ਤੇ ਵੌਅਨ ਦੇ ਯਹੂਦੀਆ ਨੂੰ ਧਮਕਾਉਣ ਦਾ ਯਤਨ ਮੰਨਿਆ ਜਾ ਸਕਦਾ ਹੈ। ਉਧਰ ਪੁਲਿਸ ਦਾ ਮੰਨਣਾ ਹੈ ਕਿ ਹੁਣ ਤੱਕ ਕੀਤੀ ਪੜਤਾਲ ਦੇ ਆਧਾਰ ’ਤੇ ਇਨ੍ਹਾਂ ਵਾਰਦਾਤਾਂ ਨੂੰ ਨਸਲੀ ਨਫ਼ਰਤ ਤੋਂ ਪ੍ਰੇਰਿਤ ਨਹੀਂ ਮੰਨਿਆ ਜਾ ਸਕਦਾ।
ਕਾਰੋਬਾਰੀ ਅਦਾਰਿਆਂ ਦੇ ਦਰਵਾਜ਼ੇ ਤੋੜ ਕੇ ਲੁੱਟੀ ਨਕਦੀ
ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਵਾਰਦਾਤ ਵੇਲੇ ਉਸ ਨੇ ਗੂੜ੍ਹੇ ਰੰਗ ਦੀ ਹੂਡੀ ਪਹਿਨੀ ਹੋਈ ਸੀ ਅਤੇ ਬਾਹਾਂ ’ਤੇ ਦੋ ਧਾਰੀਆਂ ਨਜ਼ਰ ਆ ਰਹੀਆਂ ਸਨ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1866 876 5423 ਐਕਸਟੈਨਸ਼ਨ 7244 ’ਤੇ ਸੰਪਰਕ ਕੀਤਾ ਜਾ ਸਕਦਾ ਹੈ।