ਕੈਨੇਡਾ ’ਚ ਬਗਾਵਤ, ਐਲਬਰਟਾ ਦੀ ਪ੍ਰੀਮੀਅਰ ਨੇ ਵਜਾਇਆ ਬਿਗਲ
ਕੈਨੇਡਾ ਸਰਕਾਰ ’ਤੇ 500 ਅਰਬ ਡਾਲਰ ਦਾ ਨੁਕਸਾਨ ਕਰਨ ਦਾ ਦੋਸ਼ ਲਾਉਂਦਿਆਂ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਬਗਾਵਤ ਦਾ ਝੰਡਾ ਚੁੱਕ ਦਿਤਾ ਹੈ।
ਐਡਮਿੰਟਨ : ਕੈਨੇਡਾ ਸਰਕਾਰ ’ਤੇ 500 ਅਰਬ ਡਾਲਰ ਦਾ ਨੁਕਸਾਨ ਕਰਨ ਦਾ ਦੋਸ਼ ਲਾਉਂਦਿਆਂ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਬਗਾਵਤ ਦਾ ਝੰਡਾ ਚੁੱਕ ਦਿਤਾ ਹੈ। ਲਾਈਵ ਸਟ੍ਰੀਮ ਰਾਹੀਂ ਐਲਬਰਟਾ ਦੇ ਲੋਕਾਂ ਨੂੰ ਸੰਬੋਧਤ ਹੁੰਦਿਆਂ ਡੈਨੀਅਲ ਸਮਿਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਏਸ਼ੁਮਾਰੀ ਨਹੀਂ ਚਾਹੁੰਦੀ ਪਰ ਸੂਬੇ ਦੇ ਲੋਕਾਂ ਨੇ ਚਾਹਿਆ ਤਾਂ 2026 ਵਿਚ ਕੈਨੇਡਾ ਤੋਂ ਵੱਖ ਹੋਣ ਵਾਸਤੇ ਰਾਏਸ਼ੁਮਾਰੀ ਕਰਵਾਈ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਪਣੀ ਹੀ ਫੈਡਰਲ ਸਰਕਾਰ ਵੱਲੋਂ ਸੂਬੇ ਉਤੇ ਕੀਤੇ ਜਾ ਰਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਉਦਯੋਗਿਕ ਮੁਲਕਾਂ ਵਿਚ ਕੈਨੇਡਾ ਦੀ ਆਰਥਿਕ ਵਾਧਾ ਦਰ ਸਭ ਤੋਂ ਪੱਛੜ ਚੁੱਕੀ ਹੈ ਅਤੇ ਦੁਨੀਆਂ ਸਾਨੂੰ ਪਾਗਲ ਸਮਝਣ ਲੱਗੀ ਹੈ।
2026 ਵਿਚ ਹੋ ਸਕਦੀ ਐ ਰਾਏਸ਼ੁਮਾਰੀ
ਡੈਨੀਅਲ ਸਮਿੱਥ ਨੇ ਦਾਅਵਾ ਕੀਤਾ ਕਿ ਕੈਨੇਡਾ ਕੋਲ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਮੁਕਾਬਲੇ ਸਭ ਤੋਂ ਵੱਧ ਕੁਦਰਤੀ ਸਰੋਤ ਮੌਜੂਦ ਹਨ ਪਰ ਅਸੀਂ ਉਨ੍ਹਾਂ ਦੀ ਵਰਤੋਂ ਨਹੀਂ ਕਰ ਰਹੇ ਅਤੇ ਅਮਰੀਕਾ ਦੇ ਰੂਪ ਵਿਚ ਸਿਰਫ਼ ਇਕ ਗਾਹਕ ਨੂੰ ਵੇਚ ਰਹੇ ਹਾਂ। ਡੈਨੀਅਲ ਸਮਿੱਥ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਸਾਹਮਣੇ ਆਈਆਂ ਹਨ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕਾ ਪੁੱਜ ਚੁੱਕੇ ਹਨ ਅਤੇ ਇਕ ਦਿਨ ਪਹਿਲਾਂ ਹੀ ਟਰੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ’ਤੇ ਮੁੜ ਜ਼ੋਰ ਦਿਤਾ। ਡੈਨੀਲਅ ਸਮਿੱਥ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਬੇਹੱਦ ਹਾਂਪੱਖੀ ਰਹੀ ਅਤੇ ਸੋਮਵਾਰ ਦੇ ਭਾਸ਼ਣ ਦੌਰਾਨ ਇਹ ਗੱਲ ਦੁਹਰਾਈ ਪਰ ਨਾਲ ਹੀ ਕਿਹਾ ਕਿ ਐਲਬਰਟਾ ਨੂੰ ਔਟਵਾ ਤੋਂ ਬਚਾਉਣ ਦੇ ਉਪਰਾਲੇ ਜਾਰੀ ਰੱਖੇ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਫੈਡਰਲ ਚੋਣਾਂ ਤੋਂ ਪਹਿਲਾਂ ਸਾਹਮਣੇ ਆਏ ਸਰਵੇਖਣ ਵਿਚ 30 ਫੀ ਸਦੀ ਐਲਬਰਟਾ ਵਾਸੀਆਂ ਨੇ ਕਿਹਾ ਸੀ ਕਿ ਜੇ ਲਿਬਰਲ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਹ ਕੈਨੇਡਾ ਤੋਂ ਵੱਖ ਹੋਣਾ ਚਾਹੁਣਗੇ। ਦੂਜੇ ਪਾਸੇ ਐਲਬਰਟਾ ਦੇ ਵੱਖ ਹੋਣ ਨਾਲ ਸਬੰਧਤ 2019 ਵਿਚ ਆਰੰਭੀ ਗਈ ਆਨਲਾਈਨ ਪਟੀਸ਼ਨ ’ਤੇ ਐਤਵਾਰ ਤੱਕ 2 ਲੱਖ 30 ਹਜ਼ਾਰ ਦਸਤਖਤ ਹੋ ਚੁੱਕੇ ਸਨ।
ਐਨ.ਡੀ.ਪੀ. ਵੱਲੋਂ ਡੈਨੀਅਲ ਸਮਿੱਥ ਦੀ ਕਰੜੀ ਨੁਕਤਾਚੀਨੀ
ਇਸੇ ਦੌਰਾਨ ਐਲਬਰਟਾ ਵਿਚ ਐਨ.ਡੀ.ਪੀ. ਦੇ ਆਗੂ ਨਾਹੀਦ ਨੈਂਸ਼ੀ ਨੇ ਡੈਨੀਅਲ ਸਮਿੱਥ ਨੂੰ ਕਰੜਾ ਜਵਾਬ ਦਿੰਦਿਆਂ ਕਿਹਾ ਕਿ ਐਬਰਟਾ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਪ੍ਰੀਮੀਅਰ ਨੇ ਔਟਵਾ ਨਾਲ ਡਾਂਗ ਖੜਕਾਉਣ ਦਾ ਫੈਸਲਾ ਕਰ ਲਿਆ ਹੈ। ਐਨ.ਡੀ.ਪੀ. ਆਗੂ ਨੇ ਸਵਾਲ ਉਠਾਇਆ ਕਿ ਪ੍ਰੀਮੀਅਰ ਨੇ ਇਕ ਵਾਰ ਵੀ ਇਹ ਨਹੀਂ ਕਿਹਾ ਕਿ ਉਹ ਵੱਖਵਾਦ ਦੇ ਵਿਰੁੱਧ ਹਨ ਅਤੇ ਕਦੇ ਵੀ ਨਾ ਖਤਮ ਹੋਣ ਵਾਲੀ ਲੜਾਈ ਵਿੱਢਣ ਦਾ ਐਲਾਨ ਕਰ ਦਿਤਾ। ਸੋਮਵਾਰ ਨੂੰ ਕੋਈ ਪੱਤਰਕਾਰ ਡੈਨੀਅਲ ਸਮਿੱਥ ਤੋਂ ਸਵਾਲ ਨਾ ਪੁੱਛ ਸਕਿਆ ਪਰ ਅੱਜ ਬਾਅਦ ਦੁਪਹਿਰ ਇਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਦੱਸ ਦੇਈਏ ਕਿ ਕੈਨੇਡਾ ਚੋਣਾਂ ਤੋਂ ਅਗਲੇ ਹੀ ਦਿਨ ਡੈਨੀਅਲ ਸਮਿੱਥ ਵੱਲੋਂ ਬਿਲ 54 ਪੇਸ਼ ਕਰ ਦਿਤਾ ਜਿਸ ਰਾਹੀਂ ਰਾਏਸ਼ੁਮਾਰੀ ਵਿਚ ਸ਼ਾਮਲ ਹੋਣ ਵਾਲੇ ਘੱਟੋ ਘੱਟ ਲੋਕਾਂ ਦੀ ਹੱਦ 50 ਫੀ ਸਦੀ ਤੋਂ ਘਟਾ ਕੇ 10 ਫੀ ਸਦੀ ਕਰ ਦਿਤੀ ਜਾਵੇਗੀ। ਇਸ ਦੇ ਨਾਲ ਲੋਕਾਂ ਨੂੰ ਹਾਮੀ ਭਰਨ ਵਾਸਤੇ ਕੁਲ 120 ਦਿਨ ਦਾ ਸਮਾਂ ਦਿਤਾ ਗਿਆ ਹੈ।