ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੇ ਮਾਮਲੇ ਤਹਿਤ ਪੰਜਾਬ ਵਿਚ ਛਾਪੇ

ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕਰਨ ਦੇ ਮਾਮਲੇ ਤਹਿਤ ਐਨ.ਆਈ.ਏ. ਵੱਲੋਂ ਅੱਜ ਪੰਜਾਬ ਵਿਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ।

Update: 2024-09-13 12:24 GMT

ਅੰਮ੍ਰਿਤਸਰ : ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕਰਨ ਦੇ ਮਾਮਲੇ ਤਹਿਤ ਐਨ.ਆਈ.ਏ. ਵੱਲੋਂ ਅੱਜ ਪੰਜਾਬ ਵਿਚ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਜੂਨ 2023 ਵਿਚ ਦਰਜ ਐਫ਼.ਆਈ.ਆਰ. ਮੁਤਾਬਕ ਖਡੂਰ ਸਾਹਿਬ ਤੋਂ ਐਮ.ਪੀ. ਅੰਮ੍ਰਿਤਪਾਲ ਸਿੰਘ ਦਾ ਰਿਸ਼ਤੇਦਾਰ ਅਮਰਜੋਤ ਸਿੰਘ ਵਿਖਾਵਾਕਾਰੀਆਂ ਵਿਚ ਸ਼ਾਮਲ ਸੀ ਜਦੋਂ ਦੋ ਹਥਗੋਲੇ ਹਾਈ ਕਮਿਸ਼ਨ ਦੀ ਇਮਾਰਤ ਅੰਦਰ ਸੁੱਟੇ ਗਏ। ਅੰਮ੍ਰਿਤਪਾਲ ਸਿੰਘ ਦਾ ਜੀਜਾ ਅਮਰਜੋਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਦੇ ਬੁਤਾਲਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਅਤੇ ਇਸੇ ਦੌਰਾਨ ਐਨ.ਆਈ.ਏ. ਵੱਲੋਂ ਅੰਮ੍ਰਿਤਪਾਲ ਦੇ ਭਣੋਈਏ ਦੇ ਘਰ ਵੀ ਛਾਪਾ ਮਾਰਿਆ ਗਿਆ। ਇਥੇ ਦਸਣਾ ਬਣਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਵਿਚ ਭਾਰਤੀ ਮਿਸ਼ਨਾਂ ਦੇ ਬਾਹਰ ਰੋਸ ਵਿਖਾਵੇ ਕੀਤੇ ਗਏ।

ਅੰਮ੍ਰਿਤਪਾਲ ਸਿੰਘ ਦੇ ਜੀਜੇ ਅਮਰਜੋਤ ਸਿੰਘ ਦੇ ਘਰ ਦੀ ਤਲਾਸ਼ੀ ਲਈ

ਐਨ.ਆਈ.ਏ. ਦੀ ਇਹ ਰੇਡ 23 ਮਾਰਚ 2023 ਨੂੰ ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਕਥਿਤ ਹਮਲੇ ਨਾਲ ਸਬੰਧਤ ਦੱਸੀ ਜਾ ਰਹੀ ਹੈ। ਇਸੇ ਦੌਰਾਨ ਮੋਗਾ ਜ਼ਿਲ੍ਹੇ ਦੇ ਕਸਬਾ ਸਮਾਲਸਰ ਵਿਖੇ ਕਵਿਸ਼ਰ ਮੱਖਣ ਸਿੰਘ ਮੁਸਾਫਿਰ ਦੇ ਘਰ ਵੀ ਸ਼ੁੱਕਰਵਾਰ ਸਵੇਰੇ 6 ਵਜੇ ਐਨ.ਆਈ.ਏ. ਦੀ ਟੀਮ ਪਹੁੰਚ ਗਈ ਅਤੇ ਇਥੇ ਛਾਪਾ ਮਾਰਨ ਦੇ ਮਕਸਦ ਬਾਰੇ ਪਤਾ ਨਹੀਂ ਲੱਗ ਸਕਿਆ। ਮੰਨਿਆ ਜਾ ਰਿਹਾ ਹੈ ਕਿ ਇਹ ਰੇਡ ਵੀ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਹੋ ਸਕਦੀ ਹੈ। ਰਿਸ਼ਤੇਦਾਰਾਂ ਦੇ ਘਰਾਂ ’ਤੇ ਹਮਲੇ ਮਗਰੋਂ ਅੰਮ੍ਰਿਤਪਾਲ ਸਿੰਘ ਦੀ ਟੀਮ ਵੀ ਐਕਟਿਵ ਹੋ ਗਈ ਹੈ। ਦੂਜੇ ਪਾਸੇ ਪਾਸੇ ਚੰਡੀਗੜ੍ਹ ਵਿਖੇ ਹੋਏ ਬੰਬ ਧਮਾਕੇ ਦਾ ਮਸਲਾ ਵੀ ਖਾਲਿਸਤਾਨ ਹਮਾਇਤੀਆਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਇਕ ਸ਼ੱਕੀ ਰੋਹਨ ਮਸੀਹ ਨੂੰ ਕਾਬੂ ਕੀਤਾ ਹੈ ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਾਸ਼ੀਆ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

Tags:    

Similar News