ਪੰਜਾਬੀਆਂ ਨੇ ਕੈਨੇਡਾ ਜਾਣ ’ਤੇ ਖਰਚੇ 30 ਹਜ਼ਾਰ ਕਰੋੜ ਰੁ.

ਇਹ ਰਕਮ ਸਿਰਫ਼ ਇਕ ਸਾਲ ਦੀ ਹੈ ਅਤੇ ਭਾਰਤੀ ਵਿਦਿਆਰਥੀਆਂ ਵੱਲੋਂ ਕੈਨੇਡਾ ਜਾਣ ’ਤੇ ਖਰਚ ਕੀਤੀ ਕੁਲ ਰਕਮ 90 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਣਦੀ ਹੈ।

Update: 2024-09-27 12:39 GMT

ਚੰਡੀਗੜ੍ਹ : ਪੰਜਾਬੀ ਵਿਦਿਆਰਥੀਆਂ ਨੇ ਕੈਨੇਡਾ ਜਾਣ ਲਈ 30 ਹਜ਼ਾਰ ਕਰੋੜ ਰੁਪਏ ਖਰਚ ਕਰ ਦਿਤੇ। ਜੀ ਹਾਂ, ਇਹ ਰਕਮ ਸਿਰਫ਼ ਇਕ ਸਾਲ ਦੀ ਹੈ ਅਤੇ ਭਾਰਤੀ ਵਿਦਿਆਰਥੀਆਂ ਵੱਲੋਂ ਕੈਨੇਡਾ ਜਾਣ ’ਤੇ ਖਰਚ ਕੀਤੀ ਕੁਲ ਰਕਮ 90 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਸਖ਼ਤ ਇੰਮੀਗ੍ਰੇਸ਼ਨ ਨੀਤੀਆਂ ਅਤੇ ਵਧਦੇ ਖਰਚਿਆਂ ਦੀ ਪ੍ਰਵਾਹ ਕੀਤੇ ਬਗੈਰ ਪੰਜਾਬੀ ਵਿਦਿਆਰਥੀ ਧੜਾ-ਧੜ ਵੀਜ਼ਾ ਅਰਜ਼ੀਆਂ ਦਾਖਲ ਕਰ ਰਹੇ ਹਨ ਅਤੇ 2025 ਵਿਚ ਸਾਢੇ ਤਿੰਨ ਲੱਖ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹਾਈ ਵਾਸਤੇ ਜਾ ਸਕਦੇ ਹਨ। ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂ ਦੁਨੀਆਂ ਦੇ ਹੋਰਨਾਂ ਮੁਲਕਾਂ ਦੇ ਸਟੱਡੀ ਵੀਜ਼ਾ ਲਈ ਸਭ ਤੋਂ ਲੰਮੀ ਕਤਾਰ ਪੰਜਾਬੀਆਂ ਦੀ ਹੈ ਅਤੇ ਇਸ ਮਗਰੋਂ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ ਅਤੇ ਤਾਮਿਲਨਾਡੂ ਦਾ ਨੰਬਰ ਆਉਂਦਾ ਹੈ।

ਭਾਰਤੀਆਂ ਵੱਲੋਂ ਖਰਚ ਕੀਤੀ ਰਕਮ 90 ਹਜ਼ਾਰ ਕਰੋੜ ਤੋਂ ਟੱਪੀ

ਭਾਰਤੀ ਵਿਦਿਆਰਥੀਆਂ ਵੱਲੋਂ 2023 ਵਿਚ ਸਟੱਡੀ ਵੀਜ਼ਾ ਲਈ 60 ਅਰਬ ਡਾਲਰ ਦੀ ਰਕਮ ਖਰਚ ਕੀਤੀ ਗਈ ਅਤੇ 2025 ਵਿਚ ਇਹ ਅੰਕੜਾ 70 ਅਰਬ ਡਾਲਰ ਤੱਕ ਜਾ ਸਕਦਾ ਹੈ। 2022 ਵਿਚ ਤਕਰੀਬਨ 11 ਲੱਖ 80 ਹਜ਼ਾਰ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਪੜ੍ਹ ਰਹੇ ਸਨ ਅਤੇ 2025 ਵਿਚ ਇਹ ਗਿਣਤੀ 15 ਲੱਖ ਤੋਂ ਟੱਪ ਸਕਦੀ ਹੈ। ਕੈਨੇਡਾ ਹੁਣ ਵੀ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਅਤੇ 2025 ਵਿਚ ਸਾਢੇ ਤਿੰਨ ਲੱਖ ਭਾਰਤੀ ਕੈਨੇਡਾ ਜਾ ਸਕਦੇ ਹਨ। ਲਿਵਿੰਗਜ਼ ਇੰਡੀਅਨ ਸਟੂਡੈਂਟ ਮੋਬੀਲਿਟੀ ਰਿਪੋਰਟ ਮੁਤਾਬਕ ਇਕ ਭਾਰਤੀ ਵਿਦਿਆਰਥੀ ਔਸਤਨ 27 ਹਜ਼ਾਰ ਡਾਲਰ ਦੀ ਟਿਊਸ਼ਨ ਫ਼ੀਸ ਅਦਾ ਕਰ ਰਿਹਾ ਹੈ ਜਦਕਿ ਰਹਿਣ-ਖਾਣ ਦੇ ਖਰਚੇ ਵੱਖਰੇ ਹਨ। ਇਹ ਖਰਚਾ ਵੀ ਜੋੜ ਦਿਤਾ ਜਾਵੇ ਤਾਂ ਪੰਜਾਬੀਆਂ ਵੱਲੋਂ ਸਾਲਾਨਾ 60 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ ਹਾਲ ਹੀ ਵਿਚ ਲਾਗੂ ਵੀਜ਼ਾ ਬੰਦਿਸ਼ਾਂ ਅਤੇ ਹੋਰ ਕਾਰਨਾਂ ਕਰ ਕੇ ਪੰਜਾਬੀਆਂ ਦਾ ਰੁਝਾਨ ਕੈਨੇਡਾ ਜਾਣ ਵੱਲ ਘਟਿਆ ਹੈ ਪਰ ਮੁਕੰਮਲ ਤੌਰ ’ਤੇ ਖਤਮ ਨਹੀਂ ਹੋ ਸਕਦਾ। ਪੰਜਾਬੀ ਨੌਜਵਾਨਾਂ ਦੇ ਮਾਪੇ ਕੈਨੇਡਾ ਦੇ ਸਟੱਡੀ ਵੀਜ਼ਾ ਨੂੰ ਸੁਰੱਖਿਅਤ ਭਵਿੱਖ ਨਾਲ ਜੋੜ ਕੇ ਵੇਖਦੇ ਹਨ। ਕੈਨੇਡਾ ਵੱਲੋਂ 2025 ਵਿਚ 4 ਲੱਖ 37 ਹਜ਼ਾਰ ਸਟੱਡੀ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਵਿਚੋਂ ਵੱਡੀ ਗਿਣਤੀ ਭਾਰਤੀਆਂ ਦੀ ਹੋ ਸਕਦੀ ਹੈ।

2025 ਵਿਚ 3.5 ਲੱਖ ਭਾਰਤੀ ਵਿਦਿਆਰਥੀ ਜਾਣਗੇ ਵਿਦੇਸ਼

ਦੂਜੇ ਪਾਸੇ ਨਿਊਜ਼ੀਲੈਂਡ, ਜਰਮਨੀ, ਫਰਾਂਸ ਅਤੇ ਆਇਰਲੈਂਡ ਵਰਗੇ ਮੁਲਕ ਵਿਦਿਆਰਥੀਆਂ ਲਈ ਖਿੱਚ ਦਾ ਨਵਾਂ ਕੇਂਦਰ ਬਣ ਕੇ ਉਭਰੇ ਹਨ। ਇਸੇ ਦੌਰਾਨ ਐਚ.ਐਸ.ਬੀ.ਸੀ. ਦੀ ਇਕ ਰਿਪੋਰਟ ਕਹਿੰਦੀ ਹੈ ਕਿ ਆਰਥਿਕ ਤੌਰ ’ਤੇ ਮਜ਼ਬੂਤ ਨਾ ਹੋਣ ਦੇ ਬਾਵਜੂਦ ਭਾਰਤੀ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਭੇਜਦੇ ਹਨ। ਖਰਚਾ ਪੂਰਾ ਕਰਨ ਲਈ ਕਰਜ਼ਾ ਚੁੱਕਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਪੂਰੀ ਉਮੀਦ ਹੁੰਦੀ ਹੈ ਕਿ ਪੜ੍ਹਾਈ ਮੁਕੰਮਲ ਹੋਣ ਮਗਰੋਂ ਉਨ੍ਹਾਂ ਦੇ ਬੱਚਾ ਚੰਗੇ ਕੰਮ ’ਤੇ ਲੱਗ ਜਾਵੇਗਾ ਅਤੇ ਕਰਜ਼ਾ ਉਤਾਰਨ ਵਿਚ ਮਦਦ ਕਰੇਗਾ। ਇਥੇ ਦਸਣਾ ਬਣਦਾ ਹੈ ਕਿ 26 ਸਤੰਬਰ ਤੋਂ ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਨਵੇਂ ਨਿਯਮ ਲਾਗੂ ਹੋ ਗਏ ਅਤੇ ਪਹਿਲੀ ਨਵੰਬਰ ਤੋਂ ਵਰਕ ਪਰਮਿਟ ਨਾਲ ਸਬੰਧਤ ਨਿਯਮ ਲਾਗੂ ਹੋ ਜਾਣਗੇ। ਨਵੇਂ ਨਿਯਮਾਂ ਤਹਿਤ ਵਰਕ ਪਰਮਿਟ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਜੋ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਟੈਸਟ ਪਾਸ ਕਰਨਗੇ। ਅੰਡਰਗ੍ਰੈਜੁਏਟ ਕੋਰਸ ਕਰਨ ਵਾਲੇ ਵਿਦਿਆਰਥੀਆਂ ਲਈ 5 ਅੰਕਾਂ ਦੀ ਸ਼ਰਤ ਰੱਖੀ ਗਈ ਹੈ ਜਦਕਿ ਪੋਸਟ ਗ੍ਰੈਜੁਏਟ ਕੋਰਸ ਕਰਨ ਵਾਲਿਆਂ ਨੂੰ 7 ਅੰਕ ਲੈਣੇ ਹੋਣਗੇ।

Tags:    

Similar News