ਕੈਨੇਡਾ ’ਚ ਪੰਜਾਬੀਆਂ ਨੂੰ ਹੁਣ ਵਿਜ਼ਟਰ ਵੀਜ਼ਾ ਦਾ ਸਹਾਰਾ
ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਭਾਰਤੀ ਹੁਣ ਵਿਜ਼ਟਰ ਵੀਜ਼ਾ ਦਾ ਸਹਾਰਾ ਲੈਣ ਲਈ ਮਜਬੂਰ ਹਨ। ਉਨਟਾਰੀਓ ਨਾਲ ਸਬੰਧਤ ਦਿਨੇਸ਼ ਦਾ ਵਰਕ ਪਰਮਿਟ ਜੁਲਾਈ 2024 ਵਿਚ ਖਤਮ ਹੋ ਗਿਆ;
ਟੋਰਾਂਟੋ : ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਭਾਰਤੀ ਹੁਣ ਵਿਜ਼ਟਰ ਵੀਜ਼ਾ ਦਾ ਸਹਾਰਾ ਲੈਣ ਲਈ ਮਜਬੂਰ ਹਨ। ਉਨਟਾਰੀਓ ਨਾਲ ਸਬੰਧਤ ਦਿਨੇਸ਼ ਦਾ ਵਰਕ ਪਰਮਿਟ ਜੁਲਾਈ 2024 ਵਿਚ ਖਤਮ ਹੋ ਗਿਆ ਅਤੇ ਕੈਨੇਡਾ ਵਿਚ ਉਮੀਦਾਂ ਬਰਕਰਾਰ ਰੱਖਣ ਵਾਸਤੇ ਉਸ ਨੇ ਮਿਆਦ ਲੰਘਣ ਤੋਂ ਪਹਿਲਾਂ ਹੀ ਵਿਜ਼ਟਰ ਵੀਜ਼ਾ ਦੀ ਅਰਜ਼ੀ ਦਾਇਰ ਕਰ ਦਿਤੀ ਅਤੇ ਜਲਦ ਹੀ ਵੀਜ਼ਾ ਮਿਲ ਗਿਆ ਪਰ ਨਾਲ ਹੀ ਇਕ ਨਵੀਂ ਸਮੱਸਿਆ ਵੀ ਪੈਦਾ ਹੋ ਗਈ ਕਿਉਂਕਿ ਦਿਨੇਸ਼ ਵਿਜ਼ਟਰ ਵੀਜ਼ਾ ’ਤੇ ਕੰਮ ਨਹੀਂ ਕਰ ਸਕਦਾ। ‘ਫਾਇਨੈਂਸ਼ੀਅਲ ਪੋਸਟ’ ਦੀ ਰਿਪੋਰਟ ਮੁਤਾਬਕ ਬੀਤੇ ਛੇ ਮਹੀਨੇ ਤੋਂ ਦਿਨੇਸ਼ ਕਈ ਔਕੜਾਂ ਦਾ ਟਾਕਰਾ ਕਰ ਰਿਹਾ ਹੈ ਪਰ ਨਾਲ ਹੀ ਮਨ ਵਿਚ ਉਮੀਦ ਕਾਇਮ ਹੈ ਕਿ ਇੰਮੀਗ੍ਰੇਸ਼ਨ ਡਰਾਅ ਵਿਚ ਕੁਆਲੀਫਾਈ ਕਰ ਜਾਵੇਗਾ। ਦਿਨੇਸ਼ ਵਰਗੇ ਹਜ਼ਾਰਾਂ ਕੌਮਾਂਤਰੀ ਵਿਦਿਆਰਥੀ ਖੁਸ਼ਕਿਸਮਤ ਨਹੀਂ ਜਿਨ੍ਹਾਂ ਵੱਲੋਂ ਦਾਇਰ ਵਿਜ਼ਟਰ ਵੀਜ਼ਾ ਦੀ ਅਰਜ਼ੀ ਪ੍ਰਵਾਨ ਹੋ ਜਾਵੇ। ਦੂਜੇ ਪਾਸੇ ਕੈਨੇਡਾ ਸਰਕਾਰ ਮਲਟੀਪਲ ਐਂਟਰੀ ਵਾਲੇ ਵਿਜ਼ਟਰ ਵੀਜ਼ਾ ਵੀ ਖਤਮ ਕਰ ਚੁੱਕੀ ਹੈ ਅਤੇ ਜ਼ਿਆਦਾਤਰ ਸਿੰਗਲ ਐਂਟਰੀ ਵੀਜ਼ੇ ਦਿਤੇ ਜਾ ਰਹੇ ਹਨ। ਗੁਜ਼ਾਰਾ ਚਲਾਉਣ ਲਈ ਦਿਨੇਸ਼ ਕੰਪਿਊਟਰ ਅਤੇ ਪ੍ਰਿੰਟਰ ਦੀ ਸਰਵਿਸ ਅਤੇ ਮੁਰੰਮਤ ਦਾ ਕੰਮ ਕਰਦਾ ਹੈ ਜਿਥੇ ਉਸ ਨੂੰ ਨਕਦ ਅਦਾਇਗੀ ਮਿਲ ਜਾਂਦੀ ਹੈ।
ਵਰਕ ਪਰਮਿਟ ਖਤਮ ਹੋਣ ਮਗਰੋਂ ਵੱਖੋ ਵੱਖਰੇ ਤਰੀਕੇ ਅਪਣਾਅ ਰਹੇ ਵਿਦਿਆਰਥੀ
ਇੰਮੀਗ੍ਰੇਸ਼ਨ ਸਲਾਹਕਾਰਾਂ ਦਾ ਕਹਿਣਾ ਹੈ ਕਿ ਬਗੈਰ ਵਰਕ ਪਰਮਿਟ ਤੋਂ ਕੰਮ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੋ ਸਕਦੀ ਹੈ। ਦਿਨੇਸ਼ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਬਗੈਰ ਕੰਮ ਤੋਂ ਗੁਜ਼ਾਰਾ ਕਰਨਾ ਸੰਭਵ ਨਹੀਂ ਅਤੇ ਪਿੱਛੇ ਮਾਪਿਆਂ ਵੱਲੋਂ ਲਿਆ ਕਰਜ਼ਾ ਲਾਹੁਣਾ ਵੀ ਉਸ ਦੀ ਜ਼ਿੰਮੇਵਾਰੀ ਹੈ। ਭਾਰਤ ਵਾਪਸੀ ਕਰਦਿਆਂ ਕਰਜ਼ਾ ਉਤਾਰਨ ਵਿਚ ਕਈ ਸਾਲ ਲੱਗ ਸਕਦੇ ਹਨ। ਦਿਨੇਸ਼ ਦਾ ਵਿਜ਼ਟਰ ਵੀਜ਼ਾ ਜੁਲਾਈ 2025 ਵਿਚ ਖਤਮ ਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਪਹਿਲਾਂ ਉਹ ਹਰ ਸੰਭਵ ਯਤਨ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਸ਼ਰੇਆ ਦਾ ਵਰਕ ਪਰਮਿਟ ਜਲਦ ਖਤਮ ਹੋ ਰਿਹਾ ਹੈ ਅਤੇ ਉਹ ਵੀ ਦਿਨੇਸ਼ ਦੀ ਤਰਜ਼ ’ਤੇ ਵਿਜ਼ਟਰ ਵੀਜ਼ਾ ਅਪਲਾਈ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ ਉਨਟਾਰੀਓ ਦੇ ਕਾਲਜ ਵਿਚ ਪੜ੍ਹਨ ਵਾਸਤੇ ਸ਼ਰੇਆ ਨੇ ਤਕਰੀਬਨ 50 ਹਜ਼ਾਰ ਡਾਲਰ ਦਾ ਕਰਜ਼ਾ ਲਿਆ ਅਤੇ ਹੁਣ ਤੱਕ ਪੀ.ਆਰ. ਨਹੀਂ ਮਿਲ ਸਕੀ। ਸ਼ਰੇਆ ਨੇ ਦੋਸ਼ ਲਾਇਆ ਕਿ ਇੰਮੀਗ੍ਰੇਸ਼ਨ ਸਲਾਹਕਾਰ ਨੌਜਵਾਨਾਂ ਨੂੰ ਸਬਜ਼ਬਾਗ ਦਿਖਾ ਕੇ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨ ਵਾਸਤੇ ਰਾਜ਼ੀ ਕਰ ਲੈਂਦੇ ਹਨ। ਉਹ ਬਿਹਤਰ ਭਵਿੱਖ ਦੀ ਭਾਲ ਵਿਚ ਕੈਨੇਡਾ ਆਈ ਪਰ ਹੁਣ ਕਾਨੂੰਨੀ ਤੌਰ ’ਤੇ ਇਥੇ ਰਹਿਣਾ ਵੀ ਔਖਾ ਹੋ ਰਿਹਾ ਹੈ। ਭਾਰਤ ਵਾਪਸੀ ਨਾਲ ਲੱਖਾਂ ਰੁਪਏ ਦਾ ਕਰਜ਼ਾ ਮੋੜਨਾ ਬੇਹੱਦ ਔਖਾ ਹੋ ਜਾਵੇਗਾ। ਇਹ ਕਹਾਣੀ ਮੁੱਠੀ ਭਰ ਸਾਬਕਾ ਵਿਦਿਆਥੀਆਂ ਦੀ ਨਹੀਂ ਸਗੋਂ ਲੱਖਾਂ ਜਣਿਆਂ ਦੀ ਹੈ ਜਿਨ੍ਹਾਂ ਦੀ ਐਲ.ਐਮ.ਆਈ.ਏ. ਰਾਹੀਂ ਵਾਧੂ ਅੰਕ ਹਾਸਲ ਕਰਨ ਵਾਲੀ ਆਸ ਵੀ ਹੁਣ ਖਤਮ ਹੋ ਚੁੱਕੀ ਹੈ। ਟੋਰਾਂਟੋ ਦੀ ਇੰਮੀਗ੍ਰੇਸ਼ਨ ਸਲਾਹਕਾਰ ਜ਼ੈਨਬ ਦਾ ਕਹਿਣਾ ਹੈ ਕਿ ਆਰਜ਼ੀ ਤੌਰ ’ਤੇ ਕੈਨੇਡਾ ਵਿਚ ਮੌਜੂਦ ਲੋਕ ਮੁਲਕ ਛੱਡ ਕੇ ਜਾ ਸਕਦੇ ਹਨ ਪਰ ਇਹ ਗਿਣਤੀ ਲੱਖਾਂ ਵਿਚ ਪੁੱਜਣ ਦੇ ਆਸਾਰ ਨਹੀਂ।
20 ਲੱਖ ਲੋਕਾਂ ਨੂੰ ਕੈਨੇਡਾ ਵਿਚੋਂ ਕੱਢਣਾ ਹੋਵੇਗਾ ਮੁਸ਼ਕਲ
ਇੰਮੀਗ੍ਰੇਸ਼ਨ ਮਹਿਕਮੇ ਨਾਲ ਸ਼ਿਕਾਇਤ ਜ਼ਾਹਰ ਕਰਦਿਆਂ ਜ਼ੈਨਬ ਨੇ ਕਿਹਾ ਕਿ ਕਾਹਲ ਵਿਚ ਚੁੱਕੇ ਕਈ ਕਦਮ ਮੁਕੰਮਲ ਤੌਰ ’ਤੇ ਕਾਰਗਰ ਸਾਬਤ ਨਹੀਂ ਹੋਣਗੇ। ਇਥੇ ਦਸਣਾ ਬਣਦਾ ਹੈ ਕਿ 30 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਆਰਜ਼ੀ ਵੀਜ਼ਾ ’ਤੇ ਕੈਨੇਡਾ ਵਿਚ ਰਹਿ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਲੋਕਾਂ ਦੀ ਵੀਜ਼ਾ ਮਿਆਦ ਵੀ ਖਤਮ ਹੋਣ ਵਾਲੀ ਹੈ। ਫੈਡਰਲ ਸਰਕਾਰ ਦੀਆਂ ਨੀਤੀਆਂ ਮੁਤਬਕ 2025 ਅਤੇ 2026 ਵਿਚ ਕ੍ਰਮਵਾਰ 12 ਲੱਖ ਅਤੇ 11 ਲੱਖ ਲੋਕ ਕੈਨੇਡਾ ਛੱਡ ਕੇ ਜਾਣਗੇ ਪਰ ੲਸ ਦੇ ਨਾਲ ਹੀ 8 ਲੱਖ ਅਤੇ 6 ਲੱਖ 60 ਹਜ਼ਾਰ ਕੈਨੇਡਾ ਵਿਚ ਦਾਖਲ ਵੀ ਹੋਣਗੇ ਜਿਸ ਰਾਹੀਂ ਆਉਂਦੇ ਦੋ ਸਾਲ ਦੌਰਾਨ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 9 ਲੱਖ ਤੱਕ ਘਟ ਸਕਦੀ ਹੈ।