ਪੰਜਾਬੀਆਂ ਨੇ ਕੈਨੇਡਾ ਜਾਣ ਲਈ ਲੱਭਿਆ ਨਵਾਂ ਰਾਹ

ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਸਪਾਊਜ਼ ਵੀਜ਼ੇ ਬੰਦ ਕੀਤੇ ਤਾਂ ਪੰਜਾਬੀਆਂ ਨੇ ਨਵਾਂ ਰਾਹ ਲੱਭ ਲਿਆ। ਹੁਣ 12ਵੀਂ ਪਾਸ ਕੁੜੀਆਂ ਨੇ ਗ੍ਰੈਜੁਏਸ਼ਨ ਕੋਰਸ ਵਿਚ ਦਾਖਲਾ ਲੈਣਾ ਸ਼ੁਰੂ ਕਰ ਦਿਤਾ ਹੈ ਕਿਉਂਕਿ ਪੋਸਟ ਗ੍ਰੈਜੁਏਸ਼ਨ ਕੋਰਸ ਕੈਨੇਡਾ ਵਿਚ ਹੋਵੇਗਾ;

Update: 2024-08-19 12:42 GMT

ਟੋਰਾਂਟੋ : ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਸਪਾਊਜ਼ ਵੀਜ਼ੇ ਬੰਦ ਕੀਤੇ ਤਾਂ ਪੰਜਾਬੀਆਂ ਨੇ ਨਵਾਂ ਰਾਹ ਲੱਭ ਲਿਆ। ਹੁਣ 12ਵੀਂ ਪਾਸ ਕੁੜੀਆਂ ਨੇ ਗ੍ਰੈਜੁਏਸ਼ਨ ਕੋਰਸ ਵਿਚ ਦਾਖਲਾ ਲੈਣਾ ਸ਼ੁਰੂ ਕਰ ਦਿਤਾ ਹੈ ਕਿਉਂਕਿ ਪੋਸਟ ਗ੍ਰੈਜੁਏਸ਼ਨ ਕੋਰਸ ਕੈਨੇਡਾ ਵਿਚ ਹੋਵੇਗਾ ਅਤੇ ਸੰਭਾਵਤ ਲਾੜਿਆਂ ਦੇ ਪਰਵਾਰ ਪਹਿਲਾਂ ਤੋਂ ਇਸ ਦੀ ਤਿਆਰੀ ਕਰ ਰਹੇ ਹਨ। ਦੱਸ ਦੇਈਏ ਕਿ ਪੋਸਟ ਗ੍ਰੈਜੁਏਟ ਕੋਰਸ ਕਰਨ ਵਾਲੇ ਆਪਣੇ ਜੀਵਨ ਸਾਥੀਆਂ ਨੂੰ ਕੈਨੇਡਾ ਸੱਦ ਸਕਦੇ ਹਨ। ਕੈਨੇਡਾ ਜਾਣ ਦੇ ਇੱਛਕ ਨੌਜਵਾਨਾਂ ਦੇ ਮਾਪਿਆਂ ਨੇ ਹੁਣ ਆਇਲਟਸ ਸੈਂਟਰ ਛੱਡ ਕੇ ਕਾਲਜ ਦੇ ਫਾਈਨਲ ਈਅਰ ਵਿਚ ਪੜ੍ਹਦੀਆਂ ਕੁੜੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿਤੀ ਹੈ। ਆਇਲਟਸ ਵਾਲੇ ਮਾਮਲਿਆਂ ਵਿਚ ਵਿਆਹ ਕਰਵਾਉਣ ਵਾਲੇ ਕਈ ਮੁੰਡਿਆਂ ਨੇ ਖੁਦਕੁਸ਼ੀ ਵੀ ਕੀਤੀ ਕਿਉਂਕਿ ਕੈਨੇਡਾ ਪੁੱਜਣ ਮਗਰੋਂ ਕੁੜੀਆਂ ਮੁੱਕਰ ਗਈਆਂ। ਹੁਣ ਕਾਲਜ ਪੜ੍ਹਨ ਮਗਰੋਂ ਕੈਨੇਡਾ ਜਾਣ ਵਾਲੀਆਂ ਕੁੜੀਆਂ ਵਿਚੋਂ ਕਿੰਨੇ ਫੀ ਸਦੀ ਵਾਅਦੇ ਤੋੜਨਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਨਵਾਂ ਰੁਝਾਨ ਜ਼ਰੂਰ ਸ਼ੁਰੂ ਹੋ ਗਿਆ ਹੈ।

ਹੁਣ ਕੁੜੀਆਂ ਨੂੰ ਗ੍ਰੈਜੁਏਸ਼ਨ ਕੋਰਸ ਕਰਵਾਉਣ ਲੱਗੇ

ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਨਾਲ ਸਬੰਧਤ ਹਰਦੀਪ ਸਿੰਘ ਮੁਤਾਬਕ ਉਹ ਮੈਰਿਜ ਬਿਊਰੋ ਦਾ ਕੰਮ ਕਰਦਾ ਹੈ ਅਤੇ ਪਿਛਲੇ ਸੱਤ ਮਹੀਨੇ ਤੋਂ ਆਇਲਟਸ ਵਾਲੀਆਂ 12ਵੀਂ ਪਾਸ ਕੁੜੀਆਂ ਨੂੰ ਕੋਈ ਰਿਸ਼ਤਾ ਨਹੀਂ ਆਇਆ। ਇਸ ਵੇਲੇ ਪੀ.ਆਰ. ਕੁੜੀਆਂ ਜਾਂ ਮੁੰਡਿਆਂ ਦੀ ਮੰਗ ਵਧੀ ਹੈ ਜਾਂ ਗ੍ਰੈਜੁਏਸ਼ਨ ਮੁਕੰਮਲ ਕਰ ਰਹੀਆਂ ਕੁੜੀਆਂ ਦੇ ਪਰਵਾਰ ਨਾਲ ਮੁੰਡੇ ਵਾਲੇ ਰਿਸ਼ਤੇ ਦੀ ਪੱਕ-ਠੱਕ ਕਰਨ ਦੇ ਯਤਨ ਕਰ ਰਹੇ ਹਨ। ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਮੈਰਿਜ ਬਿਊਰੋ ਚਲਾਉਂਦੇ ਬੇਅੰਤ ਸਿੰਘ ਸਿੱਧੂ ਨੇ ਕਿਹਾ ਕਿ ਉਸ ਨੇ ਆਇਲਟਸ ਬੈਂਡ ਵਾਲੇ 33 ਰਿਸ਼ਤੇ ਕਰਵਾਏ ਪਰ ਕੈਨੇਡਾ ਵਿਚ ਨਵੇਂ ਇੰਮੀਗ੍ਰੇਸ਼ਨ ਨਿਯਮ ਲਾਗੂ ਹੋਣ ਮਗਰੋਂ ਮੰਦੀ ਨੇ ਘੇਰ ਲਿਆ। ਹੁਣ ਆਇਲਟਸ ਬੈਂਡ ਲੈਣ ਵਾਲੀਆਂ ਗ੍ਰੈਜੁਏਟ ਕੁੜੀਆਂ ਦੀ ਮੰਗ ਹੋ ਰਹੀ ਹੈ। ਚੇਤੇ ਰਹੇ ਕਿ ਆਇਲਟਸ ਵਾਲੇ ਠੇਕੇ ਦੇ ਵਿਆਹਾਂ ਦੌਰਾਨ ਵੱਡੇ ਪੱਧਰ ’ਤੇ ਠੱਗੀਆਂ ਵੀ ਵੱਜੀਆਂ। ਇਕ ਅੰਦਾਜ਼ੇ ਮੁਤਾਬਕ ਪਿਛਲੇ ਚਾਰ ਪੰਜ ਸਾਲ ਦੌਰਾਨ 300 ਤੋਂ ਵੱਧ ਠੱਗੀ ਦੇ ਮਾਮਲੇ ਸਾਹਮਣੇ ਆਏ। ਮਾਨਸਾ ਜ਼ਿਲ੍ਹੇ ਦੇ ਪਿੰਗ ਜੋਗਾ ਨਾਲ ਸਬੰਧਤ ਰਾਜਵਿੰਦਰ ਸਿੰਘ ਦਾ ਕਹਿਣਾ ਹੈ ਕਿ 12ਵੀਂ ਪਾਸ ਕੁੜੀਆਂ ਵਾਸਤੇ ਤਾਂ ਰਿਸ਼ਤਿਆਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਸਨ ਪਰ ਗ੍ਰੈਜੁਏਟ ਕੁੜੀਆਂ ਦੀ ਗਿਣਤੀ ਜ਼ਿਆਦਾ ਨਹੀਂ ਅਤੇ ਹਰ ਕੁੜੀ ਕੈਨੇਡਾ ਜਾਣ ਦੀ ਇੱਛਕ ਵੀ ਨਹੀਂ ਹੁੰਦੀ।

ਪੋਸਟ ਗ੍ਰੈਜੁਏਟ ਕੋਰਸ ਵਿਚ ਮਿਲ ਜਾਂਦੈ ਸਪਾਊਜ਼ ਵੀਜ਼ਾ

ਪਿੰਡ ਚੱਕ ਬਖਤੂ ਦੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ 12ਵੀਂ ਪਾਸ ਕੁੜੀਆਂ ਦੇ ਮਾਪੇ ਸੰਭਾਵਤ ਲਾੜਿਆਂ ਦੇ ਪਰਵਾਰਾਂ ਨੂੰ ਪੇਸ਼ਕਸ਼ ਕਰ ਰਹੇ ਹਨ ਕਿ ਅੱਧਾ ਖਰਚਾ ਕਰ ਕੇ ਕੁੜੀ ਨੂੰ ਕੈਨੇਡਾ ਭੇਜਣ ਵਿਚ ਮਦਦ ਕਰਨ ਜਿਥੇ ਉਹ ਗ੍ਰੈਜੁਏਟ ਕੋਰਸ ਮੁਕੰਮਲ ਕਰਨ ਮਗਰੋਂ ਪੋਸਟ ਗ੍ਰੈਜੁਏਸ਼ਨ ਕੋਰਸ ਵਿਚ ਦਾਖਲਾ ਲੈ ਲਵੇਗੀ ਅਤੇ ਸਪਾਊਜ਼ ਵੀਜ਼ਾ ’ਤੇ ਉਸ ਦਾ ਸੰਭਾਵਤ ਪਤੀ ਕੈਨੇਡਾ ਆ ਸਕੇਗਾ। ਪਰ ਇਸ ਖੇਤਰ ਵਿਚ ਲੰਮੇ ਸਮੇਂ ਤੋਂ ਸਰਗਰਮ ਲੋਕਾਂ ਦਾ ਕਹਿਣਾ ਹੈ ਕਿ ਜਿਹੜੀਆਂ ਕੁੜੀਆਂ ਇਕ ਸਾਲ ਬਾਅਦ ਹੀ ਮੁੱਕਰ ਗਈਆਂ ਉਹ ਪੋਸਟ ਗ੍ਰੈਜੁਏਸ਼ਨ ਕੋਰਸ ਹੋਣ ਤੱਕ ਆਪਣੇ ਵਾਅਦੇ ’ਤੇ ਕਿਵੇਂ ਕਾਇਮ ਰਹਿਣਗੀਆਂ। ਦੂਜੇ ਪਾਸੇ ਅਹਿਮਦਗੜ੍ਹ ਮੰਤਰੀ ਵਿਖੇ ਮੈਰਿਜ ਬਿਊਰੋ ਚਲਾ ਰਹੇ ਮਹਿੰਦਰ ਪਾਲ ਸੂਦ ਨੇ ਦੱਸਿਆ ਕਿ 12ਵੀਂ ਪਾਸ ਆਇਲਟਸ ਕੁੜੀਆਂ ਦਾ ਕੋਈ ਵੁੱਕਤ ਨਾ ਹੋਣ ਕਾਰਨ ਹੁਣ ਮਾਪਿਆਂ ਨੇ ਗ੍ਰੈਜੁਏਟ ਕੋਰਸਾਂ ਵਿਚ ਦਾਖਲਾ ਦਿਵਾ ਦਿਤਾ ਹੈ। ਕੈਨੇਡਾ ਜਾਣ ਦੇ ਇੱਛਕ ਨੌਜਵਾਨਾਂ ਨੂੰ ਹੁਣ ਪੋਸਟ ਗ੍ਰੈਜੁਏਟ ਕੋਰਸਾਂ ’ਤੇ ਵੱਧ ਰਕਮ ਵੀ ਖਰਚ ਕਰਨੀ ਪਵੇਗੀ ਕਿਉਂਕਿ ਉਹ ਖੁਦ ਇਸ ਦੇ ਸਮਰੱਥ ਨਹੀਂ ਅਤੇ ਕੁੜੀ ਦੇ ਮੁੱਕਰਨ ਦੀ ਸੂਰਤ ਵਿਚ ਪਹਿਲਾਂ ਨਾਲੋਂ ਵੀ ਜ਼ਿਆਦਾ ਨੁਕਸਾਨ ਬਰਦਾਸ਼ਤ ਕਰਨਾ ਪੈ ਸਕਦਾ ਹੈ।

Tags:    

Similar News