ਕੈਨੇਡਾ ਵਿਚ ਪੰਜਾਬੀ ਨੌਜਵਾਨ ਨੂੰ 3.5 ਸਾਲ ਕੈਦ
ਕੈਨੇਡਾ ਵਿਚ ਕਤਲ ਦੇ ਦੋਸ਼ੀ ਠਹਿਰਾਏ ਪੰਜਾਬੀ ਨੌਜਵਾਨ ਨੂੰ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ
ਵੈਨਕੂਵਰ : ਕੈਨੇਡਾ ਵਿਚ ਕਤਲ ਦੇ ਦੋਸ਼ੀ ਠਹਿਰਾਏ ਪੰਜਾਬੀ ਨੌਜਵਾਨ ਨੂੰ ਸਾਢੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਵੇਲੇ 25 ਸਾਲ ਦੇ ਹੋ ਚੁੱਕੇ ਦੀਦਾਰ ਝੁਟੀ ਨੂੰ ਬੀ.ਸੀ. ਦੇ ਵਿਸਲਰ ਵਿਖੇ 14 ਅਗਸਤ 2021 ਨੂੰ ਹੋਈ ਛੁਰੇਬਾਜ਼ੀ ਦੇ ਮਾਮਲੇ ਵਿਚ ਸਜ਼ਾ ਦਾ ਐਲਾਨ ਕੀਤਾ ਗਿਆ ਹੈ ਜਿਥੇ 26 ਸਾਲ ਦੇ ਸਟੈਨਲੀ ਗਾਰਸੀਆ ਮੌਲੀਨਾ ਨੇ ਦਮ ਤੋੜ ਦਿਤਾ ਸੀ। ਪੁਲਿਸ ਮੁਤਾਬਕ ਸਟੈਨਲੀ ਟੈਕਸੀ ਵਿਚੋਂ ਉਤਰ ਕੇ ਆਪਣੇ ਹੋਟਲ ਵੱਲ ਜਾ ਰਿਹਾ ਸੀ ਜਦੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ।
ਦੀਦਾਰ ਝੁਟੀ ਨੇ ਕਬੂਲ ਕੀਤਾ ਸੀ ਕਤਲ ਦਾ ਗੁਨਾਹ
ਇੰਟੈਗਰੇਟਿਡ ਹੌਮੀਸੀਸਾਈਡ ਇਨਵੈਟੀਗੇਸ਼ਨ ਟੀਮ ਨੇ ਗਵਾਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਵਿਸਲਰ ਦੇ ਗਰੀਨ ਵਿਲੇਜ ਵਿਚ ਹੋਈ ਛੁਰੇਬਾਜ਼ੀ ਦੇ ਸ਼ੱਕੀ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ। ਕਤਲ ਦੀ ਗੁੱਥੀ ਸੁਲਝਾਉਣ ਵਿਚ ਸੀਅ ਟੂ ਸਕਾਈ ਆਰ.ਸੀ.ਐਮ.ਪੀ., ਇੰਟੈਗਰੇਟਿਡ ਫੌਰੈਂਸਿਕ ਆਇਡੈਂਟੀਫਿਕੇਸ਼ਨ ਸਰਵਿਸ ਅਤੇ ਬੀ.ਸੀ. ਕੌਰੋਨਰਜ਼ ਸਰਵਿਸ ਤੋਂ ਇਲਾਵਾ ਆਰ.ਸੀ.ਐਮ.ਪੀ. ਦੀ ਫੌਰੈਂਸਿਕ ਲੈਬੌਰਟਰੀ ਸਰਵਿਸਿਜ਼ ਵੱਲੋਂ ਵੀ ਯੋਗਦਾਨ ਦਿਤਾ ਗਿਆ। ਸ਼ੱਕੀ ਦੀ ਸ਼ਨਾਖਤ ਅਤੇ ਇਕੱਤਰ ਕੀਤੇ ਸਬੂਤਾਂ ਦੇ ਆਧਾਰ ’ਤੇ ਡੈਲਟਾ ਦੇ ਦੀਦਾਰ ਝੁਟੀ ਨੂੰ ਜੂਨ 2022 ਵਿਚ ਕਾਬੂ ਕਰਦਿਆਂ ਕਤਲ ਦੇ ਦੋਸ਼ ਆਇਦ ਕੀਤੇ ਗਏ।
ਅਗਸਤ 2021 ਵਿਚ ਬੀ.ਸੀ. ਦੇ ਵਿਸਲਰ ਵਿਖੇ ਹੋਈ ਸੀ ਵਾਰਦਾਤ
ਅਦਾਲਤ ਵੱਲੋਂ ਦੀਦਾਰ ਝੁਟੀ ਦੇ ਡੀ.ਐਨ.ਏ. ਦਾ ਨਮੂਨਾ ਲੈਣ ਅਤੇ ਉਮਰ ਭਰ ਵਾਸਤੇ ਹਥਿਆਰ ਰੱਖਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਆਈ ਹਿਟ ਦੀ ਸਾਰਜੈਂਟ ਫਰੈਡਾ ਫੌਂਗ ਨੇ ਦੱਸਿਆ ਕਿ ਦੀਦਾਰ ਝੁਟੀ ਨੇ 16 ਜੁਲਾਈ 2024 ਨੂੰ ਕਤਲ ਦਾ ਗੁਨਾਹ ਕਬੂਲ ਕੀਤਾ ਅਤੇ ਅਦਾਲਤ ਵੱਲੋਂ ਲੋੜੀਂਦੀ ਕਾਰਵਾਈ ਮੁਕੰਮਲ ਕਰਦਿਆਂ ਹੁਣ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਟੈਨਲੀ ਗਾਰਸੀਆ ਮੌਲੀਨਾ ਸਿਰਫ਼ 26 ਸਾਲ ਦਾ ਸੀ ਜਦੋਂ ਇਕ ਹਿੰਸਕ ਵਾਰਦਾਤ ਦੌਰਾਨ ਉਸ ਨੂੰ ਜਾਨੋ ਮਾਰ ਦਿਤਾ ਗਿਆ। ਸਟੈਨਲੀ ਦੇ ਪਰਵਾਰ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਦੋਸ਼ੀ ਨੂੰ ਸਜ਼ਾ ਮਿਲਣ ਦੀ ਤਸੱਲੀ ਜ਼ਰੂਰ ਹੋਵੇਗੀ।