Canada ’ਚ ਪੰਜਾਬੀ ਨੌਜਵਾਨ ਹਥਿਆਰਾਂ ਸਣੇ ਕਾਬੂ

ਕੈਨੇਡਾ ਵਿਚ 20 ਸਾਲ ਦੇ ਜਗਦੀਪ ਸਿੰਘ ਨੂੰ ਪਸਤੌਲ ਦੀ ਨੋਕ ’ਤੇ ਡਰਾਉਣ-ਧਮਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ

Update: 2025-12-29 13:28 GMT

ਬਰੈਂਪਟਨ : ਕੈਨੇਡਾ ਵਿਚ 20 ਸਾਲ ਦੇ ਜਗਦੀਪ ਸਿੰਘ ਨੂੰ ਪਸਤੌਲ ਦੀ ਨੋਕ ’ਤੇ ਡਰਾਉਣ-ਧਮਕਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਵਾਰਾਦਤ 27 ਦਸੰਬਰ ਨੂੰ ਵੱਡੇ ਤੜਕੇ 1 ਵਜੇ ਬਰੈਂਪਟਨ ਦੇ ਚਿੰਗਕੂਜ਼ੀ ਰੋਡ ਅਤੇ ਡ੍ਰਿੰਕਵਾਟਰ ਰੋਡ ਇਲਾਕੇ ਵਿਚ ਵਾਪਰੀ। ਪੁਲਿਸ ਮੁਤਾਬਕ ਪੀੜਤ ਇਕ ਬੱਸ ਵਿਚੋਂ ਉਤਰਿਆ ਅਤੇ ਇਕ ਅਣਪਛਾਤਾ ਸ਼ਖਸ ਉਸ ਦਾ ਪਿੱਛਾ ਕਰਨ ਲੱਗਾ। ਇਸੇ ਦੌਰਾਨ ਸ਼ੱਕੀ, ਪੀੜਤ ਦੇ ਨੇੜੇ ਗਿਆ ਅਤੇ ਆਪਣੇ ਕੋਲ ਹਥਿਆਰ ਹੋਣ ਦਾ ਡਰਾਵਾ ਦਿਤਾ। ਦੂਜੇ ਪਾਸੇ ਪੀੜਤ ਨੇ ਪੁਲਿਸ ਨੂੰ ਫੋਨ ਕਰ ਲਿਆ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੇ ਜਲਦ ਹੀ ਸ਼ੱਕੀ ਨੂੰ ਕਾਬੂ ਕਰ ਲਿਆ।

ਬੱਸ ਵਿਚੋਂ ਉਤਰੇ ਸ਼ਖਸ ਨੂੰ ਡਰਾਉਣ-ਧਮਕਾਉਣ ਦੇ ਲੱਗੇ ਦੋਸ਼

ਬਰੈਂਪਟਨ ਨਾਲ ਸਬੰਧਤ ਜਗਦੀਪ ਸਿੰਘ ਵਿਰੁੱਧ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਅਤੇ ਸਜ਼ਾਯੋਗ ਅਪਰਾਧ ਦੀ ਸਾਜ਼ਿਸ਼ ਘੜਨ ਦੇ ਦੋਸ਼ ਆਇਦ ਕੀਤੇ ਗਏ ਹਨ। ਪੀਲ ਪੁਲਿਸ ਨੇ ਅੱਗੇ ਕਿਹਾ ਕਿ ਗ੍ਰਿਫ਼ਤਾਰੀ ਵੇਲੇ ਜਗਦੀਪ ਸਿੰਘ ਕੋਲ ਇਕ ਬੈਕਪੈਕ ਵੀ ਮੌਜੂਦ ਸੀ ਜਿਸ ਵਿਚੋਂ ਰੱਸੀਆਂ, ਟੇਪ ਰੋਲ, ਦਸਤਾਨੇ ਅਤੇ ਦੋ ਛੁਰੇ ਬਰਾਮਦ ਕੀਤੇ ਗਏ। ਅੰਤਮ ਰਿਪੋਰਟ ਮਿਲਣ ਤੱਕ ਜਗਦੀਪ ਸਿੰਘ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਮਿਸੀਸਾਗਾ ਅਤੇ ਬਰੈਂਪਟਨ ਵਿਖੇ 2025 ਦੌਰਾਨ ਅਸਾਲਟ ਦੀਆਂ 6,658 ਵਾਰਦਾਤਾਂ ਸਾਹਮਣੇ ਆਈਆਂ ਜਿਨ੍ਹਾਂ ਵਿਚੋਂ ਬਰੈਂਪਟਨ ਵਿਖੇ 3,462 ਅਤੇ ਮਿਸੀਸਾਗਾ ਵਿਖੇ 3,179 ਦਰਜ ਕੀਤੀਆਂ ਗਈਆਂ।

ਬਰੈਂਪਟਨ ਦੇ ਜਗਦੀਪ ਸਿੰਘ ਵਜੋਂ ਹੋਈ ਸ਼ਨਾਖ਼ਤ

ਪੀਲ ਰੀਜਨ ਵਿਚ ਅਸਾਲਟ ਦੇ ਮਾਮਲੇ ਸਭ ਤੋਂ ਵੱਧ ਰਹੇ ਜਦਕਿ ਦੂਜੇ ਸਥਾਨ ’ਤੇ ਗੱਡੀ ਚੋਰੀ ਦੀਆਂ ਵਾਰਦਾਤਾਂ ਰਹੀਆਂ ਜੋ ਤਕਰੀਬਨ ਸਾਢੇ ਛੇ ਹਜ਼ਾਰ ਦਰਜ ਕੀਤੀਆਂ ਗਈਆਂ। ਤੀਜੇ ਸਥਾਨ ’ਤੇ ਬਰੇਕ ਐਂਡ ਐਂਟਰ ਦੇ ਮਾਮਲੇ ਰਹੇ ਜੋ ਪੂਰੇ ਵਰ੍ਹੇ ਦੌਰਾਨ 2,622 ਦਰਜ ਕੀਤੇ ਗਏ। ਇਸ ਤੋਂ ਬਾਅਦ ਹਥਿਆਰਬੰਦ ਲੁੱਟ ਦੀਆਂ 961 ਵਾਰਦਾਤਾਂ ਵੱਖਰੇ ਤੌਰ ’ਤੇ ਦਰਜ ਕੀਤੀਆਂ ਗਈਆਂ।

Tags:    

Similar News