ਕੈਨੇਡਾ ਵਿਚ ਪੰਜਾਬੀ ਨੌਜਵਾਨ ਗੰਭੀਰ ਦੋਸ਼ਾਂ ਅਧੀਨ ਗ੍ਰਿਫਤਾਰ
ਕੈਨੇਡਾ ਵਿਚ ਪੰਜਾਬੀ ਮਸਾਜ ਥੈਰੇਪਿਸਟ ਨੂੰ ਸੈਕਸ਼ੁਅਲ ਅਸਾਲਟ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਟਨ ਪੁਲਿਸ ਨੇ ਦੱਸਿਆ ਕਿ ਮਿਲਟਨ ਦੀ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਮਗਰੋਂ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ 37 ਸਾਲ ਦੇ ਸਤਿੰਦਰਪਾਲ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਬਰੈਂਪਟਨ : ਕੈਨੇਡਾ ਵਿਚ ਪੰਜਾਬੀ ਮਸਾਜ ਥੈਰੇਪਿਸਟ ਨੂੰ ਸੈਕਸ਼ੁਅਲ ਅਸਾਲਟ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਟਨ ਪੁਲਿਸ ਨੇ ਦੱਸਿਆ ਕਿ ਮਿਲਟਨ ਦੀ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਮਗਰੋਂ ਮਾਮਲੇ ਦੀ ਪੜਤਾਲ ਕੀਤੀ ਗਈ ਅਤੇ 37 ਸਾਲ ਦੇ ਸਤਿੰਦਰਪਾਲ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਮੁਤਾਬਕ ਸਤਿੰਦਰਪਾਲ ਸਿੰਘ ਗਿੱਲ ਹਾਲਟਨ, ਪੀਲ ਅਤੇ ਯਾਰਕ ਰੀਜਨ ਦੇ ਕਈ ਮਸਾਜ ਸਟੂਡੀਓਜ਼ ਵਿਚ ਕੰਮ ਕਰ ਚੁੱਕਾ ਹੈਅਤੇ ਜ਼ਿਆਦਾਤਰ ਲੋਕ ਉਸ ਨੂੰ ਜੋਈ ਦੇ ਨਾਂ ਨਾਲ ਜਾਣਦੇ ਹਨ। ਬਰੈਂਪਟਨ ਦਾ ਵਸਨੀਕ ਸਤਿੰਦਰਪਾਲ ਸਿੰਘ ਆਪਣੇ ਘਰ ਵਿਚ ਵੀ ਮਸਾਜ ਸੇਵਾਵਾਂ ਮੁਹੱਈਆ ਕਰਵਾਉਂਦਾ ਸੀ ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੀੜਤਾਂ ਦੀ ਗਿਣਤੀ ਵੱਧ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਮਸਾਜ ਥੈਰੇਪਿਸਟ ਦਾ ਕੰਮ ਕਰਦੈ ਬਰੈਂਪਟਨ ਦਾ ਸਤਿੰਦਰਪਾਲ ਸਿੰਘ
ਮਿਲਟਨ ਵਿਖੇ ਉਹ ਥੌਂਪਸਨ ਰੋਡ ਸਾਊਥ ਅਤੇ ਲੂਈ ਸੇਂਟ ਲੌਰਨ ਐਵੇਨਿਊ ਦੇ ਇਕ ਮਸਾਜ ਸਟੂਡੀਓ ਵਿਚ ਕੰਮ ਕਰਦਾ ਸੀ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 905 825 4777 ਐਕਸਟੈਨਸ਼ਨ 8970 ’ਤੇ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਟੋਰਾਂਟੋ ਅਤੇ ਮਿਸੀਸਾਗਾ ਵਿਚ ਹਥਿਆਰਬੰਦ ਲੁੱਟ ਦੀਆਂ ਵਾਰਦਾਤਾਂ ਦੇ ਮਾਮਲੇ ਵਿਚ 20 ਸਾਲ ਦੇ ਇਕ ਸ਼ਖਸ ਅਤੇ ਚਾਰ ਅੱਲ੍ਹੜਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਹਿਲੀ ਵਾਰਦਾਤ ਸਕਾਰਬ੍ਰੋਅ ਟਾਊਨ ਸੈਂਟਰ ਦੇ ਇਕ ਜਿਊਲਰੀ ਸਟੋਰ ਵਿਚ ਸੋਮਵਾਰ ਨੂੰ ਵਾਪਰੀ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਭੇਖ ਬਦਲ ਕੇ ਆਏ ਚਾਰ ਸ਼ੱਕੀਆਂ ਨੇ ਗਹਿਣਿਆਂ ਦੇ ਸਟੋਰ ਵਿਚ ਦਾਖਲ ਹੁੰਦਿਆਂ ਹਥੌੜਿਆਂ ਨਾਲ ਸਭ ਕੁਝ ਭੰਨਣਾ ਸ਼ੁਰੂ ਕਰ ਦਿਤਾ ਅਤੇ ਭਾਰੀ ਮਾਤਰਾ ਵਿਚ ਗਹਿਣੇ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਸ਼ੱਕੀਆਂ ਵੱਲੋਂ ਇਕ ਚੋਰੀ ਕੀਤੀ ਗੱਡੀ ਦੀ ਵਰਤੋਂ ਕੀਤੀ ਗਈ। ਮੰਗਲਵਾਰ ਨੂੰ ਇਨ੍ਹਾਂ ਸ਼ੱਕੀਆਂ ਨੇ ਹੀ ਮਿਸੀਸਾਗਾ ਦੇ ਕੈਨੇਡੀ ਰੋਡ ਅਤੇ ਮੈਥੇਸਨ ਬੁਲੇਵਾਰਡ ਇਲਾਕੇ ਵਿਚ ਇਕ ਇਲੈਕਟ੍ਰਾਨਿਕ ਸਟੋਰ ਨੂੰ ਨਿਸ਼ਾਨਾ ਬਣਾਇਆ।
ਟੋਰਾਂਟੋ ਅਤੇ ਮਿਸੀਸਾਗਾ ਵਿਖੇ ਗਹਿਣੇ ਲੁੱਟਣ ਦੇ ਮਾਮਲੇ ’ਚ 5 ਗ੍ਰਿਫ਼ਤਾਰ
ਪੁਲਿਸ ਮੁਤਾਬਕ ਸ਼ੱਕੀਆਂ ਨੇ ਸਟੋਰ ਵਿਚ ਭੰਨਤੋੜ ਕਰਦਿਆਂ ਕਈ ਚੀਜ਼ਾਂ ਲੁੱਟੀਆਂ ਅਤੇ ਉਸੇ ਚੋਰੀ ਦੀ ਗੱਡੀ ਵਿਚ ਫਰਾਰ ਹੋ ਗਏ। ਦੋਹਾਂ ਮਾਮਲਿਆਂ ਦੀ ਪੜਤਾਲ ਕਰਦਿਆਂ ਪੀਲ ਰੀਜਨਲ ਪੁਲਿਸ ਅਤੇ ਟੋਰਾਂਟੋ ਪੁਲਿਸ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲੁੱਟਿਆ ਮਾਲ ਵੀ ਬਰਾਮਦ ਹੋ ਗਿਆ। ਚਾਰ ਨਾਬਾਲਗ ਸ਼ੱਕੀ ਟੋਰਾਂਟੋ, ਮਿਸੀਸਾਗਾ, ਬਰੈਂਪਟਨ ਅਤੇ ਲੰਡਨ ਨਾਲ ਸਬੰਧਤ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। 15 ਸਾਲ ਦੇ ਦੋ ਸ਼ੱਕੀ ਪਹਿਲਾਂ ਹੀ ਅਦਾਲਤੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ ਅਤੇ ਪੜਤਾਲ ਚੱਲ ਰਹੀ ਹੋਣ ਕਾਰਨ ਹੋਰ ਦੋਸ਼ ਆਇਦ ਕੀਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਗਿਆ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਲੁੱਟ ਦੀਆਂ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3410 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।