ਕੈਨੇਡਾ ਵਿਚ ਪੰਜਾਬਣ ਦਾ ਕਤਲ, ਪਤੀ ਗ੍ਰਿਫ਼ਤਾਰ

ਕੈਨੇਡਾ ਵਿਚ ਇਕ ਪੰਜਾਬਣ ਦੀ ਭੇਤਭਰੇ ਹਾਲਾਤ ਵਿਚ ਮੌਤ ਮਗਰੋਂ ਪੁਲਿਸ ਨੇ ਉਸ ਦੇ ਪਤੀ ਰਣਜੀਤ ਸਿੰਘ ਚੀਮਾ ਨੂੰ ਗ੍ਰਿਫ਼ਤਾਰ ਕਰਦਿਆਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ

Update: 2025-11-21 13:50 GMT

ਬੈਰੀ : ਕੈਨੇਡਾ ਵਿਚ ਇਕ ਪੰਜਾਬਣ ਦੀ ਭੇਤਭਰੇ ਹਾਲਾਤ ਵਿਚ ਮੌਤ ਮਗਰੋਂ ਪੁਲਿਸ ਨੇ ਉਸ ਦੇ ਪਤੀ ਰਣਜੀਤ ਸਿੰਘ ਚੀਮਾ ਨੂੰ ਗ੍ਰਿਫ਼ਤਾਰ ਕਰਦਿਆਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ। ਵਾਰਦਾਤ 15 ਨਵੰਬਰ ਨੂੰ ਉਨਟਾਰੀਓ ਦੀ ਸਿਮਕੋਅ ਕਾਊਂਟੀ ਦੇ ਐਡਜਲਾ-ਟੌਸੋਰੌਂਟੀਓ ਇਲਾਕੇ ਵਿਚ ਵਾਪਰੀ। ਨੌਟਾਵਸਾਗਾ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਸਪੈਰੋਅ ਵੇਅ ਦੇ ਇਕ ਘਰ ਵਿਚ ਪੁੱਜੇ ਅਫ਼ਸਰਾਂ ਨੂੰ 41 ਸਾਲਾ ਸੁਖਦੀਪ ਕੌਰ ਚੀਮਾ ਦੀ ਲਾਸ਼ ਮਿਲੀ। ਪੁਲਿਸ ਵੱਲੋਂ ਮੌਤ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਮਾਮਲੇ ਦੀ ਪੜਤਾਲ ਕਰਦਿਆਂ ਬੀਤੇ ਮੰਗਲਵਾਰ ਨੂੰ ਰਣਜੀਤ ਸਿੰਘ ਚੀਮਾ ਨੂੰ ਗ੍ਰਿਫ਼ਤਾਰ ਕਰ ਲਿਆ।

ਰਣਜੀਤ ਸਿੰਘ ਵਿਰੁੱਧ ਲੱਗੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼

ਪੁਲਿਸ ਨੇ ਸੁਖਦੀਪ ਕੌਰ ਅਤੇ ਰਣਜੀਤ ਸਿੰਘ ਚੀਮਾ ਦੇ ਰਿਸ਼ਤੇ ਬਾਰੇ ਕੋਈ ਜਾਣਕਾਰੀ ਨਾ ਦਿਤੀ ਪਰ ਗੁਆਂਢੀਆਂ ਨੇ ਦੱਸਿਆ ਕਿ ਵਾਰਦਾਤ ਵਾਲੇ ਘਰ ਵਿਚ ਰਣਜੀਤ ਸਿੰਘ ਆਪਣੀ ਪਤਨੀ, ਬੇਟੇ ਅਤੇ ਮਾਪਿਆਂ ਨਾਲ ਰਹਿੰਦਾ ਸੀ। ਨੌਟਾਵਸਾਗਾ ਓ.ਪੀ.ਪੀ. ਡਿਟੈਚਮੈਂਟ ਦੀ ਐਲਿਸਟਨ ਜੇਲ ਵਿਚ ਬੰਦ ਰਣਜੀਤ ਸਿੰਘ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਬੈਰੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 18 ਜਣਿਆਂ ਨਾਲ ਕੋਈ ਸੰਪਰਕ ਨਾ ਕਰਨ ਦੀ ਹਦਾਇਤ ਦਿਤੀ ਹੈ। ਬਚਾਅ ਧਿਰ ਨੇ ਅਦਾਲਤ ਨੂੰ ਦੱਸਿਆ ਕਿ ਰਣਜੀਤ ਸਿੰਘ ਚੀਮਾ ਦਾ ਪਰਵਾਰ ਟੋਰਾਂਟੋ ਦੇ ਵਕੀਲ ਡੇਵਿਡ ਲੌਕ ਦੀਆਂ ਸੇਵਾਵਾਂ ਲੈਣ ਦੇ ਯਤਨ ਕਰ ਰਿਹਾ ਹੈ।

ਉਨਟਾਰੀਓ ਦੇ ਬੈਰੀ ਸ਼ਹਿਰ ਨੇੜੇ ਵਾਪਰੀ ਵਾਰਦਾਤ

ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਰਣਜੀਤ ਸਿੰਘ ਕੈਂਸਰ ਦਾ ਮਰੀਜ਼ ਹੈ ਅਤੇ ਹਾਲ ਹੀ ਵਿਚ ਉਸ ਦੀ ਸਰਜਰੀ ਹੋਈ। ਦੂਜੇ ਪਾਸੇ ਰਣਜੀਤ ਸਿੰਘ ਦੇ ਜਾਣਕਾਰਾਂ ਨੇ ਤਸਦੀਕ ਕਰ ਦਿਤੀ ਕਿ ਉਸ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਜਾਂਚਕਰਤਾਵਾਂ ਨੇ ਰਣਜੀਤ ਸਿੰਘ ਦੇ ਆਂਢ-ਗੁਆਂਢ ਵਿਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਅੱਗੇ ਆਵੇ ਅਤੇ ਨੌਟਾਵਸਾਗਾ ਓ.ਪੀ.ਪੀ. ਨਾਲ 1888 310 1122 ’ਤੇ ਸੰਪਰਕ ਕੀਤਾ ਜਾਵੇ। ਰਣਜੀਤ ਸਿੰਘ ਦੀ ਅਗਲੀ ਪੇਸ਼ੀ ਆਉਂਦੇ ਮੰਗਲਵਾਰ ਨੂੰ ਹੋਵੇਗੀ ਅਤੇ ਅਦਾਲਤ ਵਿਚ ਲੱਗੇ ਦੋਸ਼ ਫ਼ਿਲਹਾਲ ਸਾਬਤ ਨਹੀਂ ਕੀਤੇ ਗਏ।

Tags:    

Similar News