ਕੈਨੇਡਾ ’ਚ ਪੰਜਾਬੀ ਮੁਟਿਆਰ ਨਾਲ ਵਰਤਿਆ ਭਾਣਾ
ਕੈਨੇਡਾ ਵਿਚ ਸੜਕ ਪਾਰ ਕਰ ਰਹੀ ਪੰਜਾਬੀ ਮੁਟਿਆਰ ਨੂੰ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿਤੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਈ ਜਦਕਿ ਉਸ ਦੀ ਲਾਸ਼ ਕਈ ਘੰਟੇ ਤੱਕ ਸੜਕ ’ਤੇ ਹੀ ਪਈ ਰਹੀ।;
ਐਡਮਿੰਟਨ : ਕੈਨੇਡਾ ਵਿਚ ਸੜਕ ਪਾਰ ਕਰ ਰਹੀ ਪੰਜਾਬੀ ਮੁਟਿਆਰ ਨੂੰ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿਤੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਈ ਜਦਕਿ ਉਸ ਦੀ ਲਾਸ਼ ਕਈ ਘੰਟੇ ਤੱਕ ਸੜਕ ’ਤੇ ਹੀ ਪਈ ਰਹੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸਿਮਰਨਪ੍ਰੀਤ ਕੌਰ ਕੁਝ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਸੀ। ਉਸ ਨਾਲ ਵਾਪਰੇ ਹਾਦਸੇ ਬਾਰੇ ਐਡਮਿੰਟਨ ਪੁਲਿਸ ਨੇ ਦੱਸਿਆ ਕਿ ਹਿਊਜ਼ ਵੇਅ ਅਤੇ 23 ਐਵੇਨਿਊ ਇਲਾਕੇ ਵਿਚ 21 ਸਾਲ ਦੀ ਕੁੜੀ ਨੇ ਹਰੀ ਬੱਤੀ ਦੌਰਾਨ ਸੜਕ ਪਾਰ ਕਰਨ ਦਾ ਯਤਨ ਕੀਤਾ ਅਤੇ ਇਸੇ ਦੌਰਾਨ ਇਕ ਪਿਕਅੱਪ ਟਰੱਕ ਨੇ ਉਸ ਨੂੰ ਟੱਕਰ ਮਾਰ ਦਿਤੀ।
ਸੜਕ ਪਾਰ ਕਰਦਿਆਂ ਸਿਮਰਨਪ੍ਰੀਤ ਕੌਰ ਨੂੰ ਪਿਕਅੱਪ ਟਰੱਕ ਨੇ ਮਾਰੀ ਟੱਕਰ
ਪੁਲਿਸ ਮੁਤਾਬਕ ਸਿਮਰਨਦਪ੍ਰੀਤ ਕੌਰ ਜਦੋਂ ਸੜਕ ਪਾਰ ਕਰ ਰਹੀ ਸੀ ਤਾਂ 23 ਐਵੇਨਿਊ ’ਤੇ ਦੱਖਣ ਵੱਲ ਜਾ ਰਿਹਾ ਇਕ ਇਕ ਡੌਜ ਰੈਮ ਪਿਕਅੱਪ ਟਰੱਕ ਖੱਬੇ ਹੱਥ ਮੁੜਿਆ ਅਤੇ ਸਿਮਰਨਪ੍ਰੀਤ ਕੌਰ ਨੂੰ ਟੱਕਰ ਮਾਰ ਦਿਤੀ। ਐਡਮਿੰਟਨ ਪੁਲਿਸ ਦੇ ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਪਿਕਅੱਪ ਟਰੱਕ ਦੇ 48 ਸਾਲਾ ਡਰਾਈਵਰ ਵਿਰੁੱਧ ਕੋਈ ਦੋਸ਼ ਆਇਦ ਕੀਤੇ ਜਾਣ ਬਾਰੇ ਪਤਾ ਨਹੀਂ ਲੱਗ ਸਕਿਆ। ਤੇਜ਼ ਰਫ਼ਤਾਰ ਜਾਂ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਨੂੰ ਹਾਦਸੇ ਦਾ ਕਾਰਨ ਨਹੀਂ ਮੰਨਿਆ ਜਾ ਰਿਹਾ। ਇਸੇ ਦੌਰਾਨ ਨੌਰਕੁਐਸਟ ਕਾਲਜ ਵਿਚ ਸਿਮਰਨਪ੍ਰੀਤ ਕੌਰ ਨਾਲ ਬਿਜ਼ਨਸ ਕੋਰਸ ਕਰ ਰਹੇ ਮੋਹਿਤ ਰੇਖੀ ਨੇ ਦੱਸਿਆ ਕਿ ਉਹ ਦੋਵੇਂ ਇਕ ਰੈਸਟੋਰੈਂਟ ਵਿਚ ਕੰਮ ਵੀ ਇਕੱਠੇ ਹੀ ਕਰਦੇ ਸਨ। ਸਿਮਰਨਪ੍ਰੀਤ ਕੌਰ ਬੇਹੱਦ ਇਮਾਨਦਾਰ ਅਤੇ ਹਮੇਸ਼ਾ ਖੁਸ਼ ਰਹਿਣ ਵਾਲੀ ਕੁੜੀ ਸੀ ਜੋ ਕੈਨੇਡਾ ਵਿਚ ਸਫਲ ਜ਼ਿੰਦਗੀ ਦੇ ਸੁਪਨੇ ਲੈ ਕੇ ਐਡਮਿੰਟਨ ਪੁੱਜੀ।
ਕੁਝ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਐਡਮਿੰਟਨ ਪੁੱਜੀ ਸੀ ਸਿਮਰਨਪ੍ਰੀਮ ਕੌਰ
ਐਡਮਿੰਟਨ ਜਰਨਲ ਦੀ ਰਿਪੋਰਟ ਮੁਤਾਬਕ ਮੋਹਿਤ ਰੇਖੀ ਨੇ ਦੱਸਿਆ ਕਿ ਹਾਦਸੇ ਵੇਲੇ ਸਿਮਰਨਪ੍ਰੀਤ ਕੌਰ ਆਪਣੇ ਭਰਾ ਨਾਲ ਫੋਨ ’ਤੇ ਗੱਲ ਕਰ ਰਹੀ ਸੀ ਅਤੇ ਅਚਨਚੇਤ ਉਸ ਦੀ ਆਵਾਜ਼ ਆਉਣੀ ਬੰਦ ਹੋ ਗਈ। ਮੋਹਿਤ ਰੇਖੀ ਨੇ ਇਸ ਗੱਲ ’ਤੇ ਗੁੱਸਾ ਜ਼ਾਹਰ ਕੀਤਾ ਕਿ ਸਿਮਰਨਪ੍ਰੀਤ ਕੌਰ ਦੀ ਲਾਸ਼ ਅੱਧੀ ਰਾਤ ਤੋਂ ਬਾਅਦ ਤੱਕ ਸੜਕ ’ਤੇ ਪਈ ਰਹੀ। ਪੁਲਿਸ ਮੁਤਾਬਕ ਮੌਜੂਦਾ ਵਰ੍ਹੇ ਦੌਰਾਨ ਐਡਮਿੰਟਨ ਵਿਚ ਤਿੰਨ ਪੈਦਲ ਰਾਹਗੀਰ ਸੜਕ ਹਾਦਸਿਆਂ ਦੌਰਾਨ ਆਪਣੀ ਜਾਨ ਗਵਾ ਚੁੱਕੇ ਹਨ। ਉਧਰ ਐਡਮਿੰਟਨ ਦੇ ਪ੍ਰਿੰਸਪਾਲ ਗਿੱਲ ਵੱਲੋਂ ਸਿਮਰਨਪ੍ਰੀਤ ਕੌਰ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਮੁਤਾਬਕ ਸਿਮਰਨਪ੍ਰੀਤ ਦਾ ਸਕਾ ਭਰਾ ਕੁਲਰਾਜ ਸਿੰਘ ਵੀ ਕੈਨੇਡਾ ਵਿਚ ਹੀ ਪੜ੍ਹਦਾ ਹੈ।