ਕੈਨੇਡਾ ਦੇ ਹਵਾਈ ਅੱਡੇ ’ਤੇ ਪੰਜਾਬੀ ਔਰਤ ਨਾਲ ਅਣਹੋਣੀ
ਕੈਨੇਡਾ ਦੇ ਮੌਂਟਰੀਅਲ ਹਵਾਈ ਅੱਡੇ ’ਤੇ ਇਕ ਪੰਜਾਬੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ
ਮੌਂਟਰੀਅਲ/ਨਿਊ ਯਾਰਕ : ਕੈਨੇਡਾ ਦੇ ਮੌਂਟਰੀਅਲ ਹਵਾਈ ਅੱਡੇ ’ਤੇ ਇਕ ਪੰਜਾਬੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਔਰਤ ਦੀ ਸ਼ਨਾਖ਼ਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੂਰਘੂਰੀ ਨਾਲ ਸਬੰਧਤ ਕਰਮਜੀਤ ਕੌਰ ਵਜੋਂ ਕੀਤੀ ਗਈ ਹੈ ਜੋ ਆਪਣੇ ਪਰਵਾਰ ਨੂੰ ਮਿਲਣ ਵਿਜ਼ਟਰ ਵੀਜ਼ਾ ਕੈਨੇਡਾ ਪੁੱਜੀ ਸੀ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ’ਤੇ ਅਚਨਚੇਤ ਸਿਹਤ ਵਿਗੜਨ ਮਗਰੋਂ ਪੈਰਾਮੈਡਿਕਸ ਨੂੰ ਸੱਦਿਆ ਗਿਆ ਪਰ ਕਰਮਜੀਤ ਕੌਰ ਨੂੰ ਬਚਾਇਆ ਨਾ ਜਾ ਸਕਿਆ। ਕਰਮਜੀਤ ਕੌਰ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਦੂਜੇ ਪਾਸੇ ਅਮਰੀਕਾ ਦੇ ਮਿਨੇਸੋਟਾ ਸੂਬੇ ਵਿਚ ਹੌਲਨਾਕ ਹਾਦਸੇ ਮਗਰੋਂ ਜ਼ਿੰਦਗੀ ਲਈ ਸੰਘਰਸ਼ ਕਰ ਰਹੇ 12 ਸਾਲ ਦੇ ਰਾਘਵ ਸ਼੍ਰੇਸ਼ਠਾ ਨੇ ਦਮ ਤੋੜ ਦਿਤਾ।
ਵਿਜ਼ਟਰ ਵੀਜ਼ਾ ’ਤੇ ਪੁੱਜੀ ਕਰਮਜੀਤ ਕੌਰ ਨੂੰ ਪਿਆ ਦਿਲ ਦਾ ਦੌਰਾ
ਸੇਂਟ ਸਟੀਫ਼ਨ ਮਿਡਲ ਸਕੂਲ ਵਿਚ ਸੱਤਵੀਂ ਦਾ ਵਿਦਿਆਰਥੀ ਰਾਘਵ ਵੱਡਾ ਹੋ ਕੇ ਪੁਲਿਸ ਅਫ਼ਸਰ ਬਣਨਾ ਚਾਹੁੰਦਾ ਸੀ ਅਤੇ ਉਸ ਦੀ ਆਖਰੀ ਇੱਛਾ ਸਾਰਟੈਲ ਪੁਲਿਸ ਨੇ ਆਨਰੇਰੀ ਪੁਲਿਸ ਅਫ਼ਸਰ ਦਾ ਬੈਜ ਸੌਂਪਦਿਆਂ ਪੂਰੀ ਕੀਤੀ। ਇਥੇ ਦਸਣਾ ਬਣਦਾ ਹੈ ਕਿ ਰਾਘਵ ਸ਼੍ਰੇਸ਼ਠਾ ਆਪਣੇ ਦੋਸਤਾਂ ਨਾਲ ਇਕ ਪਾਰਕ ਵਿਚ ਸਾਈਕਲ ਚਲਾ ਰਿਹਾ ਸੀ ਜਦੋਂ ਅਚਨਚੇਤ ਡਿੱਗ ਗਿਆ ਅਤੇ ਸਿਰ ’ਤੇ ਗੰਭੀਰ ਸੱਟ ਵੱਜੀ। ਰਾਘਵ ਦੇ 10 ਸਾਲਾ ਦੋਸਤ ਨੇ 911 ’ਤੇ ਕਾਲ ਕਰ ਕੇ ਐਮਰਜੰਸੀ ਕਾਮਿਆਂ ਨੂੰ ਸੱਦਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਮਿਨੀਆਪੌਲਿਸ ਦੇ ਹਸਪਤਾਲ ਵਿਚ ਦਾਖਲ ਭਾਰਤੀ ਮੂਲ ਦੇ ਅੱਲ੍ਹੜ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਅਤੇ ਆਖਰਕਾਰ ਦਿਲ ਦਾ ਦੌਰਾ ਪੈਣ ਮਗਰੋਂ ਉਸ ਦੀ ਮੌਤ ਹੋ ਗਈ।
ਅਮਰੀਕਾ ਵਿਚ 12 ਸਾਲ ਦੇ ਭਾਰਤੀ ਅੱਲ੍ਹੜ ਨਾਲ ਹੌਲਨਾਕ ਹਾਦਸਾ
ਸਾਰਟੈਲ ਪੁਲਿਸ ਦੇ ਮੁਖੀ ਬਰੈਂਡਨ ਸਿਲਗੌਰਡ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਘਵ ਇਕ ਖੁਸ਼ਮਿਜ਼ਾਜ ਬੱਚਾ ਸੀ ਪਰ ਇਕ ਤਰਾਸਦੀ ਨੇ ਮਾਪਿਆਂ ਤੋਂ ਉਨ੍ਹਾਂ ਦਾ ਦਿਲ ਦਾ ਟੁਕੜਾ ਹਮੇਸ਼ਾ ਵਾਸਤੇ ਦੂਰ ਕਰ ਦਿਤਾ। ਜਦੋਂ ਪੁਲਿਸ ਮਹਿਕਮੇ ਨੂੰ ਰਾਘਵ ਦੀ ਅੰਤਮ ਇੱਛਾ ਬਾਰੇ ਪਤਾ ਲੱਗਾ ਤਾਂ ਉਸ ਨੂੰ ਆਨਰੇਰੀ ਪੁਲਿਸ ਅਫ਼ਸਰ ਦਾ ਦਰਜਾ ਦੇਣ ਬਾਰੇ ਫੈਸਲਾ ਕੀਤਾ ਗਿਆ। ਪੁਲਿਸ ਵੱਲੋਂ ਕਮਿਊਨਿਟੀ ਦੀ ਸਹਾਇਤਾ ਨਾਲ ਤਕਰੀਬਨ 36 ਹਜ਼ਾਰ ਡਾਲਰ ਦੀ ਰਕਮ ਇਕੱਤਰ ਕੀਤੀ ਗਈ ਹੈ ਜੋ ਰਾਘਵ ਦੇ ਮਾਪਿਆਂ ਨੂੰ ਸੌਂਪੀ ਜਾਰ ਰਹੀ ਹੈ। ਇਸੇ ਦੌਰਾਨ ਮਿਸੀਸਾਗਾ ਵਿਖੇ ਅਕਾਲ ਚਲਾਣਾ ਕਰਨ ਵਾਲੀ ਮਨਪ੍ਰੀਤ ਕੌਰ ਦਾ ਮਹਿਲ ਕਲਾਂ ਨੇੜਲੇ ਪਿੰਡ ਹਮੀਦੀ ਵਿਖੇ ਅੰਤਮ ਸਸਕਾਰ ਕਰ ਦਿਤਾ ਗਿਆ, ਮਨਪ੍ਰੀਤ ਕੌਰ ਸਟੱਡੀ ਵੀਜ਼ਾ ’ਤੇ ਸਿਰਫ਼ ਇਕ ਸਾਲ ਪਹਿਲਾਂ ਹੀ ਕੈਨੇਡਾ ਪੁੱਜੀ ਸੀ।