ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰ ਨੂੰ ਇਕ ਸਾਲ ਕੈਦ
ਕੈਨੇਡਾ ਵਿਚ 22 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਹਿਟ ਐਂਡ ਰਨ ਮਾਮਲੇ ਵਿਚ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਮੌਂਟਰੀਅਲ : ਕੈਨੇਡਾ ਵਿਚ 22 ਸਾਲ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਹਿਟ ਐਂਡ ਰਨ ਮਾਮਲੇ ਵਿਚ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕਿਊਬੈਕ ਦੇ ਸੇਂਟ ਹੈਲਨ ਡਾ ਬੈਗਟ ਇਲਾਕੇ ਵਿਚ ਜੁਲਾਈ 2023 ਦੌਰਾਨ ਵਾਪਰੇ ਹਾਦਸੇ ਮਗਰੋਂ ਬਰੈਂਪਟਨ ਦਾ ਹਰਜੋਤ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਪੁਲਿਸ ਨੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਜੋਤ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਹੀ ਕਮਰਸ਼ੀਅਲ ਡਰਾਈਵਰ ਦਾ ਲਾਇਸੰਸ ਮਿਲਿਆ ਸੀ ਅਤੇ ਮੌਂਟਰੀਅਲ ਤੋਂ ਕਿਊਬੈਕ ਸਿਟੀ ਦਰਮਿਆਨ ਪਹਿਲੇ ਗੇੜੇ ’ਤੇ ਹੀ ਹਾਦਸਾ ਵਾਪਰ ਗਿਆ। ਹਰਜੋਤ ਸਿੰਘ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਟਰੱਕ ਅਤੇ ਮਿੰਨੀਵੈਨ ਦੀ ਟੱਕਰ ਮਗਰੋਂ ਉਹ ਘਬਰਾਅ ਗਿਆ ਅਤੇ ਮੌਕੇ ਤੋਂ ਫਰਾਰ ਹੋਣ ਦਾ ਫੈਸਲਾ ਕੀਤਾ। ਹਰਜੋਤ ਸਿੰਘ ਮੁਤਾਬਕ ਉਸ ਦੇ ਮੋਬਾਈਲ ਫੋਨ ਤੋਂ 911 ’ਤੇ ਕਾਲ ਸੰਭਵ ਨਾ ਹੋ ਸਕੀ ਅਤੇ ਹਾਦਸੇ ਮਗਰੋਂ ਬਣਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਤੋਂ ਉਹ ਅਣਜਾਣ ਸੀ।
ਹਰਜੋਤ ਸਿੰਘ ਨੂੰ ਹਿਟ ਐਂਡ ਰਨ ਮਾਮਲੇ ਵਿਚ ਮਿਲੀ ਸਜ਼ਾ
ਉਧਰ ਜੱਜ ਨੇ ਹਰਜੋਤ ਸਿੰਘ ਦੀਆਂ ਇਨ੍ਹਾਂ ਦਲੀਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ। ਹਰਜੋਤ ਸਿੰਘ ਨੂੰ ਇਕ ਸਾਲ ਵਾਸਤੇ ਜੇਲ ਭੇਜਣ ਤੋਂ ਇਲਾਵਾ ਉਸ ਦੇ ਡਰਾਈਵਿੰਗ ਕਰਨ ’ਤੇ 18 ਮਹੀਨੇ ਦਾ ਰੋਕ ਲਾਗੂ ਕੀਤੀ ਗਈ ਹੈ। ਦੱਸ ਦੇਈਏ ਕਿ ਹਾਦਸੇ ਦੌਰਾਨ ਮਿੰਨੀ ਵੈਨ ਵਿਚ ਸਵਾਰ ਤਿੰਨ ਬੱਚਿਆਂ ਦਾ ਪਿਤਾ ਅਤੇ ਉਨ੍ਹਾਂ ਦੀ ਮਾਂ ਗੰਭੀਰ ਜ਼ਖਮੀ ਹੋ ਗਏ। ਬੱਚਿਆਂ ਦੀ ਮਾਂ ਲੰਮਾ ਸਮਾਂ ਕੋਮਾ ਵਿਚ ਰਹੀ ਅਤੇ ਕਈ ਸਰੀਰਕ ਸਮੱਸਿਆਵਾਂ ਪੈਦਾ ਹੋ ਗਈਆਂ। ਦੂਜੇ ਪਾਸੇ ਚਾਰ ਸਾਲ ਦੀ ਬੱਚੀ ਦਾ ਗੁੱਟ ਟੁੱਟ ਗਿਆ ਜਦਕਿ 10 ਸਾਲ ਦੇ ਬੱਚੇ ਦਾ ਗੋਡਾ ਫਰੈਕਚਰ ਹੋਇਆ। ਹਰਜੋਤ ਸਿੰਘ ਨੂੰ ਹਾਦਸੇ ਵਾਲੀ ਥਾਂ ਤੋਂ ਤਕਰੀਬਨ 10 ਕਿਲੋਮੀਟਰ ਦੂਰ ਹਾਈਵੇਅ 20 ’ਤੇ ਰੋਕਿਆ ਗਿਆ ਜਿਸ ਦੇ ਟਰੱਕ ਦਾ ਪਿਛਲਾ ਐਕਸਲ ਨੁਕਸਾਨਿਆ ਹੋਇਆ ਸੀ ਅਤੇ ਧੂੰਆਂ ਨਿਕਲ ਰਿਹਾ ਸੀ। ਗ੍ਰਿਫ਼ਤਾਰੀ ਵੇਲੇ ਹਰਜੋਤ ਸਿੰਘ ਦੇ ਫੋਨ ਰਿਕਾਰਡ ਤੋਂ ਪਤਾ ਲੱਗਾ ਕਿ ਉਸ ਨੇ ਘੱਟੋ ਘੱਟ 26 ਮਿੰਟਨ ਵੀਡੀਓ ਕਾਲ ਰਾਹੀਂ ਗੱਲ ਕੀਤੀ। ਅਦਾਲਤ ਵਿਚ ਇਹ ਸਾਬਤ ਨਹੀਂ ਕੀਤਾ ਜਾ ਸਕਿਆ ਕਿ ਹਾਦਸੇ ਵੇਲੇ ਉਹ ਫੋਨ ਚਲਾ ਰਿਹਾ ਸੀ।
ਜੁਲਾਈ 2023 ਵਿਚ ਕਿਊਬੈਕ ਦੇ ਹਾਈਵੇਅ ’ਤੇ ਵਾਪਰਿਆ ਸੀ ਹਾਦਸਾ
ਸਟੱਡੀ ਵੀਜ਼ਾ ’ਤੇ 2016 ਵਿਚ ਕੈਨੇਡਾ ਪੁੱਜੇ ਹਰਜੋਤ ਸਿੰਘ ਨੂੰ ਸਰਕਾਰੀ ਵਕੀਲ ਵੱਲੋਂ 12 ਮਹੀਨੇ ਤੋਂ 24 ਮਹੀਨੇ ਦੀ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਗਈ ਜਦਕਿ ਬਚਾਅ ਪੱਖ ਦੇ ਵਕੀਲ ਵੱਲੋਂ ਨਰਮੀ ਵਰਤਣ ਦੀ ਗੁਜ਼ਾਰਿਸ਼ ਕੀਤੀ ਗਈ। ਹਾਦਸੇ ਵਾਲੀ ਥਾਂ ਤੋਂ ਫਰਾਰ ਹੋਣ ਮਗਰੋਂ ਇਕ ਟਰੱਕ ਨੂੰ ਓਵਰਟੇਕ ਕਰਦਿਆਂ ਹਰਜੋਤ ਸਿੰਘ ਦੇ ਟਰੱਕ ਦੀ ਵੀਡੀਓ ਰਿਕਾਰਡ ਹੋਈ ਜਿਸ ਵਿਚ ਟਰੱਕ ਦੇ ਪਿਛਲੇ ਹਿੱਸੇ ਵਿਚ ਪਈ ਕਾਣ ਸਾਫ਼ ਦੇਖੀ ਜਾ ਸਕਦੀ ਹੈ। ਟ੍ਰਕਿੰਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਹਰ ਸਾਲ 5,800 ਕਮਰਸ਼ੀਅਲ ਡਰਾਈਵਿੰਗ ਲਾਇਸੰਸ ਜਾਰੀ ਕੀਤੇ ਜਾਂਦੇ ਹਨ ਪਰ ਪ੍ਰੀਖਿਆ ਪਾਸ ਕਰਨ ਦੀ ਦਰ ਸਿਰਫ 32 ਫ਼ੀ ਸਦੀ ਹੈ। ਕਈ ਡਰਾਈਵਿੰਗ ਸਕੂਲ ਸਿਰਫ਼ ਲਾਇਸੰਸ ਦਿਵਾਉਣ ਦਾ ਕੰਮ ਹੀ ਕਰਦੇ ਹਨ ਜਦਕਿ ਟਰੱਕ ਚਲਾਉਣ ਦੀ ਬੁਨਿਆਦੀ ਸਿਖਲਾਈ ਨਹੀਂ ਦਿਤੀ ਜਾਂਦੀ।