ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰ ਨੂੰ ਮਿਲੀ ਜ਼ਮਾਨਤ
ਕੈਨੇਡਾ ਦੇ ਐਲਬਰਟਾ ਸੂਬੇ ਵਿਚ ਜਾਨਲੇਵਾ ਸੜਕ ਹਾਦਸੇ ਮਗਰੋਂ ਗ੍ਰਿਫ਼ਤਾਰ ਪੰਜਾਬੀ ਟਰੱਕ ਡਰਾਈਵਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ।;

ਕੈਲਗਰੀ/ਬਰੈਂਪਟਨ : ਕੈਨੇਡਾ ਦੇ ਐਲਬਰਟਾ ਸੂਬੇ ਵਿਚ ਜਾਨਲੇਵਾ ਸੜਕ ਹਾਦਸੇ ਮਗਰੋਂ ਗ੍ਰਿਫ਼ਤਾਰ ਪੰਜਾਬੀ ਟਰੱਕ ਡਰਾਈਵਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ। 26 ਸਾਲ ਦੇ ਗਗਨਪ੍ਰੀਤ ਸਿੰਘ ਦੀ ਅਦਾਲਤ ਵਿਚ ਅਗਲੀ ਪੇਸ਼ੀ 9 ਮਈ ਨੂੰ ਹੋਵੇਗੀ ਅਤੇ ਮੁਕੱਦਮੇ ਦਾ ਨਿਪਟਾਰਾ ਹੋਣ ਤੱਕ ਟਰੱਕ ਚਲਾਉਣ ’ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਕੈਲਗਰੀ ਪੁਲਿਸ ਮੁਤਾਬਕ ਸਟੋਨੀ ਟ੍ਰੇਲ ਇਲਾਕੇ ਵਿਚ ਹਿਟ ਐਂਡ ਮਾਮਲੇ ਦੌਰਾਨ 57 ਸਾਲ ਦੀ ਔਰਤ ਨੇ ਦਮ ਤੋੜ ਦਿਤਾ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਔਰਤ ਦੀ ਗੱਡੀ ਨੂੰ ਇਕ ਟਰੱਕ ਨੇ ਟੱਕਰ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਪਰ ਇਹ ਗੱਲ ਵੀ ਸਾਹਮਣੇ ਆਈ ਕਿ ਇਕ ਹੋਰ ਪਿਕਅੱਪ ਟਰੱਕ ਨੇ ਵੀ ਔਰਤ ਦੀ ਗੱਡੀ ਨੂੰ ਟੱਕਰ ਮਾਰੀ ਜਦੋਂ ਸੜਕ ਦੀ ਮੁਰੰਮਤ ਕਰਨ ਵਾਲਾ ਅਮਲਾ ਉਸ ਨੂੰ ਸੰਭਾਲਣ ਦੇ ਯਤਨ ਕਰ ਰਿਹਾ ਸੀ।
ਹਿਟ ਐਂਡ ਰਨ ਮਾਮਲੇ ਵਿਚ ਗ੍ਰਿਫ਼ਤਾਰ ਹੋਇਆ ਸੀ ਗਗਨਪ੍ਰੀਤ ਸਿੰਘ
ਪੁਲਿਸ ਨੇ ਦੱਸਿਆ ਕਿ ਟੌਯੋਟਾ ਕੌਰੋਲਾ ਵਿਚ ਜਾ ਰਹੀ ਔਰਤ ਨੂੰ ਪਹਿਲਾਂ ਸੈਮੀ ਟਰੱਕ ਨੇ ਟੱਕਰ ਮਾਰੀ ਅਤੇ ਡਰਾਈਵਰ ਮੌਕੇ ’ਤੇ ਰੁਕਣ ਦੀ ਬਜਾਏ ਫਰਾਰ ਹੋ ਗਿਆ। ਪੁਲਿਸ ਨੇ ਕੁਝ ਘੰਟੇ ਦੀ ਭਾਲ ਮਗਰੋਂ ਗਗਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਜਿਸ ਵਿਰੁੱਧ ਹਿੱਟ ਐਂਡ ਰਨ ਅਤੇ ਮੌਤ ਦਾ ਕਾਰਨ ਬਣੇ ਹਾਦਸੇ ਦੇ ਦੋਸ਼ ਆਇਦ ਕੀਤੇ ਗਏ ਹਨ। ਇਸੇ ਦੌਰਾਨ ਬਰੈਂਪਟਨ ਦੇ ਵਿਕਰਾਂਤ ਛਿੱਬਰ ਨੂੰ ਜਾਅਲੀ ਆਈ.ਡੀ. ਦੇ ਆਧਾਰ ’ਤੇ ਬੈਂਕ ਖਾਤਾ ਖੁਲ੍ਹਵਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਐਲਿਸਟਨ ਵਿਖੇ ਆਰ.ਬੀ.ਸੀ. ਦੀ ਇਕ ਬ੍ਰਾਂਚ ਵਿਚ ਗੜਬੜੀ ਦੀ ਇਤਲਾਹ ਮਿਲਣ ਮਗਰੋਂ ਅਫ਼ਸਰ ਮੌਕੇ ’ਤੇ ਪੁੱਜੇ। ਬੈਂਕ ਮੁਲਾਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਇਕ ਸ਼ੱਕੀ ਵੱਲੋਂ ਜਾਅਲ ਆਈ.ਡੀ. ਅਤੇ ਸੋਸ਼ਲ ਇੰਸ਼ੋਰੈਂਸ ਨੰਬਰ ਦੀ ਵਰਤੋਂ ਕਰਦਿਆਂ ਖਾਤਾ ਖੁਲ੍ਹਵਾਉਣ ਦਾ ਯਤਨ ਕੀਤਾ। ਬੈਂਕ ਮੁਲਾਜ਼ਮ ਹਾਲੇ ਆਈ.ਡੀ. ਦੀ ਪੜਤਾਲ ਕਰ ਹੀ ਰਹੇ ਸਨ ਕਿ ਸ਼ੱਕੀ ਉਹ ਆਪਣੇ ਕਾਗਜ਼ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ।
ਬੈਂਕ ਨਾਲ ਠੱਗੀ ਦੇ ਮਾਮਲੇ ਵਿਚ ਵਿਕਰਾਂਤ ਛਿੱਬਰ ਗ੍ਰਿਫ਼ਤਾਰ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਅਫਸਰਾਂ ਨੇ ਬੈਂਕ ਮੁਲਾਜ਼ਮਾਂ ਵੱਲੋਂ ਦਿਤੇ ਹੁਲੀਏ ਵਾਲੇ ਸ਼ੱਕੀ ਦੀ ਭਾਲ ਆਰੰਭੀ ਅਤੇ ਕੁਝ ਦੇਰ ਬਾਅਦ ਉਹ ਕਾਬੂ ਆ ਗਿਆ। 25 ਸਾਲ ਦੇ ਵਿਕਰਾਂਤ ਛਿੱਬਰ ਵਿਰੁੱਧ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ, ਕਿਸੇ ਦੀ ਪਛਾਣ ਵਾਲਾ ਦਸਤਾਵੇਜ਼ ਆਪਣੇ ਕੋਲ ਰੱਖਣ, ਆਇਡੈਂਟਿਟੀ ਚੋਰੀ ਕਰਨ, ਅਪਰਾਧ ਰਾਹੀਂ ਹਾਸਲ ਪੰਜ ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਪ੍ਰਾਪਰਟੀ ਰੱਖਣ ਅਤੇ ਪੀਸ ਅਫ਼ਸਰ ਦੇ ਕੰਮ ਵਿਚ ਅੜਿੱਕੇ ਡਾਹੁਣ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੱਕੀ ਵਿਰੁੱਧ ਲਾਏ ਦੋਸ਼ਾਂ ਵਿਚੋਂ ਕੋਈ ਵੀ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ ਅਤੇ ਦੋਸ਼ੀ ਠਹਿਰਾਏ ਜਾਣ ਤੱਕ ਉਸ ਨੂੰ ਬੇਕਸੂਰ ਮੰਨਿਆ ਜਾ ਰਿਹਾ ਹੈ।