ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਨਾਲ ਵਰਤਿਆ ਭਾਣਾ

ਕੈਨੇਡਾ ਵਿਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ ਮਾਰੇ ਗਏ ਦੋ ਡਰਾਈਵਰਾਂ ਵਿਚੋਂ ਇਕ ਦੀ ਸ਼ਨਾਖਤ ਕੁਲਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ।;

Update: 2024-11-29 11:17 GMT

ਟੋਰਾਂਟੋ : ਕੈਨੇਡਾ ਵਿਚ ਤਿੰਨ ਟਰੱਕਾਂ ਦੀ ਟੱਕਰ ਦੌਰਾਨ ਮਾਰੇ ਗਏ ਦੋ ਡਰਾਈਵਰਾਂ ਵਿਚੋਂ ਇਕ ਦੀ ਸ਼ਨਾਖਤ ਕੁਲਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਮਾਪਿਆਂ ਦਾ ਇਕਲੌਤਾ ਪੁੱਤ ਕੁਲਪ੍ਰੀਤ ਸਿੰਘ ਡੇਢ ਸਾਲ ਪਹਿਲਾਂ ਹੀ ਸੁਨਹਿਰੀ ਭਵਿੱਖ ਦੀ ਤਲਾਸ਼ ਵਿਚ ਕੈਨੇਡਾ ਪੁੱਜਾ ਸੀ ਅਤੇ ਆਪਣੇ ਪਿੱਛੇ ਪਤਨੀ ਤੇ 8 ਮਹੀਨੇ ਦਾ ਬੱਚਾ ਛੱਡ ਗਿਆ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋ ਨਾਲ ਸਬੰਧਤ ਕੁਲਪ੍ਰੀਤ ਸਿੰਘ ਟਰੱਕ ਚਲਾਉਂਦਾ ਸੀ ਅਤੇ ਪਿਛਲੇ ਦਿਨੀਂ ਉਨਟਾਰੀਓ ਅਤੇ ਮੈਨੀਟੋਬਾ ਦੀ ਸਰਹੱਦ ਨੇੜੇ ਤਿੰਨ ਟਰੱਕਾਂ ਦੀ ਟੱਕਰ ਦੌਰਾਨ ਸਦੀਵੀ ਵਿਛੋੜਾ ਦੇ ਗਿਆ।

3 ਟਰੱਕਾਂ ਦੀ ਟੱਕਰ ਮਗਰੋਂ ਲੱਗੀ ਅੱਗ

ਹਾਦਸਾ ਉਨਟਾਰੀਓ ਦੇ ਕੈਨੋਰਾ ਕਸਬੇ ਨੇੜੇ ਹਾਈਵੇਅ 17 ’ਤੇ ਵਾਪਰਿਆ ਅਤੇ ਦੂਜੇ ਟਰੱਕ ਡਰਾਈਵਰ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਮੁਤਾਬਕ ਬੈਰਿਲ ਵਾਇੰਡਰ ਰੋਡ ਅਤੇ ਹਾਈਵੇਅ 596 ਦਰਮਿਆਨ ਹਾਈਵੇਅ 17 ਏ ’ਤੇ ਵਾਪਰੇ ਹਾਦਸੇ ਮਗਰੋਂ ਕੈਨੋਰਾ ਫਾਇਰ ਸਰਵਿਸ ਅਤੇ ਨੌਰਥ ਵੈਸਟ ਐਮਰਜੰਸੀ ਮੈਡੀਕਲ ਸਰਵਿਸਿਜ਼ ਨੂੰ ਸੱਦਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕਾਂ ਦੀ ਟੱਕਰ ਮਗਰੋਂ ਅੱਗ ਲੱਗ ਗਈ ਅਤੇ ਇਸੇ ਕਾਰਨ ਜਾਨੀ ਨੁਕਸਾਨ ਹੋਇਆ। ਦੋ ਡਰਾਈਵਰਾਂ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਤੀਜੇ ਨੂੰ ਮਾਮੂਲੀ ਸੱਟਾਂ ਵੱਜੀਆਂ ਜੋ ਮੌਕੇ ’ਤੇ ਮੌਜੂਦ ਰਿਹਾ। ਦਰਦਨਾਕ ਹਾਦਸੇ ਮਗਰੋਂ ਹਾਈਵੇਅ 17 ਏ ਨੂੰ ਕਈ ਘੰਟੇ ਬੰਦ ਰੱਖਿਆ ਗਿਆ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਕੈਨੋਰਾ ਓ.ਪੀ.ਪੀ. ਨਾਲ 1888 310 1122 ’ਤੇ ਸੰਪਰਕ ਕੀਤਾ ਜਾਵੇ। ਪੁਲਿਸ ਵੱਲੋਂ ਖਾਸ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਨੂੰ 2 ਹਜ਼ਾਰ ਡਾਲਰ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ। ਕੁਲਪ੍ਰੀਤ ਸਿੰਘ ਦੇ ਪਿਤਾ ਸੁਰਜਨ ਵੱਲੋਂ ਆਪਣੇ ਪੁੱਤ ਦੀ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਗਈ ਹੈ।

ਕੁਲਪ੍ਰੀਤ ਸਿੰਘ ਨੂੰ ਬਾਹਰ ਨਿਕਲਣ ਦਾ ਮੌਕਾ ਨਾ ਮਿਲ ਸਕਿਆ

ਇਥੇ ਦਸਣਾ ਬਣਦਾ ਹੈ ਕਿ ਕੁਲਪ੍ਰੀਤ ਸਿੰਘ ਹਾਕੀ ਖਿਡਾਰੀ ਪਰਮਜੀਤ ਸਿੰਘ ਦਾ ਭਤੀਜਾ ਸੀ। ਦੱਸ ਦੇਈਏ ਕਿ ਕੈਨੇਡਾ ਵਿਚ ਵੱਖ ਵੱਖ ਕਾਰਨਾਂ ਕਰ ਕੇ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਵੰਬਰ ਦੇ ਸ਼ੁਰੂ ਵਿਚ ਹੈਮਿਲਟਨ ਵਿਖੇ ਕੰਮ ਵਾਲੀ ਥਾਂ ’ਤੇ ਵਾਪਰੇ ਹਾਦਸੇ ਦੌਰਾਨ ਜਸਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ 12 ਦਿਨ ਤੱਕ ਹਸਪਤਾਲ ਵਿਚ ਦਾਖਲ ਰਹਿਣ ਮਗਰੋਂ ਜ਼ਿੰਦਗੀ ਦਾ ਸੰਘਰਸ਼ ਹਾਰ ਗਿਆ। ਉਨਟਾਰੀਓ ਦੇ ਜਾਰਜਟਾਊਨ ਕਸਬੇ ਨਾਲ ਸਬੰਧਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਤੇ 500 ਕਿਲੋ ਵਜ਼ਨੀ ਗਰੇਨਾਈਟ ਸਲੈਬ ਡਿੱਗ ਗਈ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਹੈਮਿਲਟਨ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ। ਦੂਜੇ ਪਾਸੇ ਬੀ.ਸੀ. ਦੇ ਸਰੀ ਸ਼ਹਿਰ ਵਿਚ 21 ਸਾਲ ਦੇ ਜਸਕਰਨ ਸਿੰਘ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ। ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਨਾਲ ਸਬੰਧਤ 21 ਸਾਲ ਦੇ ਜਸਕਰਨ ਸਿੰਘ ਉਤੇ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਕੰਮ ਤੋਂ ਘਰ ਜਾ ਰਿਹਾ ਸੀ। ਜਸਕਰਨ ਸਿੰਘ ਆਪਣੇ ਅਤੇ ਪਰਵਾਰ ਦੇ ਬਿਹਤਰ ਭਵਿੱਖ ਲਈ ਦਸੰਬਰ 2022 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਅਤੇ ਪੜ੍ਹਾਈ ਦੇ ਨਾਲ-ਨਾਲ ਅਣਥੱਕ ਮਿਹਨਤ ਵੀ ਕਰਨ ਲੱਗਾ। ਛੁਰੇਬਾਜ਼ੀ ਦੀ ਵਾਰਦਾਤ 17 ਨਵੰਬਰ ਨੂੰ ਰਾਤ ਤਕਰੀਬਨ 10 ਵਜੇ ਵਾਪਰੀ ਅਤੇ ਪੁਲਿਸ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ।

Tags:    

Similar News