ਪੰਜਾਬੀ ਟਰੱਕ ਡਰਾਈਵਰ ਨੇ ਮੁੜ ਮੰਗੀ ਕੈਨੇਡਾ ਦੀ ਪੀ.ਆਰ.
ਕੈਨੇਡੀਅਨ ਇਤਿਹਾਸ ਦੇ ਸਭ ਤੋਂ ਖ਼ਤਰਨਾਕ ਹਾਦਸਿਆਂ ਵਿਚੋਂ ਇਕ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵੱਲੋਂ ਪਰਮਾਨੈਂਟ ਰੈਜ਼ੀਡੈਂਟ ਦਾ ਰੁਤਬਾ ਬਹਾਲ ਕਰਨ ਦੀ ਅਰਜ਼ੀ ਦਾਇਰ ਕੀਤੀ ਗਈ ਹੈ।;
ਕੈਲਗਰੀ : ਕੈਨੇਡੀਅਨ ਇਤਿਹਾਸ ਦੇ ਸਭ ਤੋਂ ਖ਼ਤਰਨਾਕ ਹਾਦਸਿਆਂ ਵਿਚੋਂ ਇਕ ਦੇ ਜ਼ਿੰਮੇਵਾਰ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਵੱਲੋਂ ਪਰਮਾਨੈਂਟ ਰੈਜ਼ੀਡੈਂਟ ਦਾ ਰੁਤਬਾ ਬਹਾਲ ਕਰਨ ਦੀ ਅਰਜ਼ੀ ਦਾਇਰ ਕੀਤੀ ਗਈ ਹੈ। ਇੰਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਵੱਲੋਂ ਮਈ ਵਿਚ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਦੇ ਹੁਕਮ ਦਿਤੇ ਸਨ ਅਤੇ ਉਸ ਦੀ ਪੀ.ਆਰ. ਪਹਿਲਾਂ ਹੀ ਰੱਦ ਕੀਤੀ ਜਾ ਚੁੱਕੀ ਸੀ। 2014 ਵਿਚ ਕੈਨੇਡਾ ਪੁੱਜਣ ਮਗਰੋਂ ਜਸਕੀਰਤ ਸਿੱਧੂ ਨੇ ਟਰੱਕ ਚਲਾਉਣਾ ਸਿੱਖਿਆ ਅਤੇ ਬਤੌਰ ਡਰਾਈਵਰ ਨੌਕਰੀ ਸ਼ੁਰੂ ਕਰ ਦਿਤੀ।
ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਦੇ ਜਾਰੀ ਹੋ ਚੁੱਕੇ ਨੇ ਹੁਕਮ
ਕੈਲਗਰੀ ਵਿਖੇ ਰਹਿ ਰਿਹਾ ਪੰਜਾਬੀ ਟਰੱਕ ਡਰਾਈਵਰ 2018 ਵਿਚ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਜਦੋਂ ਸਸਕੈਚਵਨ ਦੇ ਟਿਸਡੇਲ ਨੇੜੇ ਜੂਨੀਅਰ ਹਾਕੀ ਖਿਡਾਰੀਆਂ ਨੂੰ ਲਿਜਾ ਰਹੀ ਬੱਸ ਨੂੰ ਟੱਕਰ ਮਾਰ ਦਿਤੀ। ਜਸਕੀਰਤ ਸਿੱਧੂ ਨੇ ਇੰਟਰਸੈਕਸ਼ਨ ਤੋਂ ਪਹਿਲਾਂ ਲੱਗੇ ਸਟੌਪ ਸਾਈਨ ਨੂੰ ਨਜ਼ਰ ਅੰਦਾਜ਼ਾ ਕੀਤਾ ਅਤੇ ਵੱਡਾ ਹਾਦਸਾ ਵਾਪਰ ਗਿਆ। ਜੂਨੀਅਰ ਹਾਕੀ ਖਿਡਾਰੀਆਂ ਅਤੇ ਸਟਾਫ ਮੈਂਬਰਾਂ ਸਣੇ 16 ਜਣਿਆਂ ਦੀ ਜਾਨ ਗਈ ਅਤੇ 13 ਹੋਰ ਜ਼ਖਮੀ ਹੋਏ। ਜਸਕੀਰਤ ਸਿੱਧੂ ਨੇ ਖਤਰਨਾਕ ਡਰਾਈਵਿੰਗ ਦਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਨੂੰ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਪਿਛਲੇ ਸਾਲ ਹੀ ਉਸ ਨੂੰ ਪੈਰੋਲ ਮਿਲੀ ਅਤੇ ਕਾਨੂੰਨ ਮੁਤਾਬਕ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਜਸਕੀਰਤ ਸਿੱਧੂ ਦੇ ਵਕੀਲ ਮਾਈਕਲ ਗਰੀਨ ਨੇ ਦੱਸਿਆ ਕਿ ਉਸ ਦੇ ਮੁਵੱਕਲ ਵੱਲੋਂ ਮਨੁੱਖੀ ਆਧਾਰ ’ਤੇ ਪਰਮਾਨੈਂਟ ਰੈਜ਼ੀਡੈਂਟ ਦਾ ਸਟੇਟਸ ਬਹਾਲ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਸਕੀਰਤ ਸਿੱਧੂ ਆਪਣੇ ਅਤੀਤ ਵਿਚ ਵਾਪਰੀ ਘਟਨਾ ਤੋਂ ਬੇਹੱਦ ਦੁਖੀ ਹੈ ਅਤੇ ਮਨੁੱਖੀ ਆਧਾਰ ’ਤੇ ਰਾਹਤ ਚਾਹੁੰਦਾ ਹੈ।
ਟਰੱਕ ਅਤੇ ਬੱਸ ਦੀ ਟੱਕਰ ਵਿਚ ਗਈ ਸੀ 16 ਜਣਿਆਂ ਦੀ ਜਾਨ
ਮਾਈਕਲ ਗਰੀਨ ਦਾ ਮੰਨਣਾ ਹੈ ਕਿ ਪੀ.ਆਰ. ਦੀ ਅਰਜ਼ੀ ’ਤੇ ਸੁਣਵਾਈ ਹੋਣ ਵਿਚ ਕਈ ਮਹੀਨੇ ਲੱਗ ਸਕਦੇ ਹਨ ਅਤੇ ਇਥੋਂ ਤੱਕ ਕਿ ਅੰਤਮ ਫੈਸਲਾ ਆਉਂਦਿਆਂ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ। ਜਸਕੀਰਤ ਸਿੱਧੂ ਦਾ ਇਕ ਸਾਲ ਦਾ ਬੱਚਾ ਬੇਹੱਦ ਗੰਭੀਰ ਕਿਸਮ ਦੇ ਦਿਲ ਅਤੇ ਫੇਫੜਿਆਂ ਦੇ ਰੋਗ ਨਾਲ ਜੂਝ ਰਿਹਾ ਹੈ ਅਤੇ ਬੱਚੇ ਵਾਸਤੇ ਭਾਰਤ ਵਿਚ ਰਹਿਣਾ ਬਹੁਤ ਮੁਸ਼ਕਲ ਹੋਵੇਗਾ। ਬੱਚੇ ਦੀ ਬਿਹਤਰੀ ਵਾਸਤੇ ਲਾਜ਼ਮੀ ਹੈ ਜਸਕੀਰਤ ਸਿੱਧੂ ਨੂੰ ਆਪਣੇ ਪਰਵਾਰ ਨਾਲ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਦਿਤੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਹੰਬੋਲਟ ਬੱਸ ਹਾਦਸੇ ਦੌਰਾਨ ਜਾਨ ਗਵਾਉਣ ਵਾਲਿਆਂ ਵਿਚੋਂ ਕੁਝ ਦੇ ਪਰਵਾਰ ਜਸਕੀਰਤ ਸਿੱਧੂ ਨੂੰ ਡਿਪੋਰਟ ਹੋਇਆ ਦੇਖਣਾ ਚਾਹੁੰਦੇ ਹਨ ਜਦਕਿ ਕੁਝ ਉਸ ਨੂੰ ਮੁਆਫ ਕਰ ਚੁੱਕੇ ਹਨ ਅਤੇ ਦਰ-ਬ-ਦਰ ਨਹੀਂ ਕਰਨਾ ਚਾਹੁੰਦੇ। ਕੈਲਗਰੀ ਦੀ ਇਕ ਜਥੇਬੰਦੀ ਜਸਕੀਰਤ ਸਿੱਧੂ ਦੇ ਹੱਕ ਵਿਚ ਡਟ ਚੁੱਕੀ ਹੈ ਅਤੇ ਡਿਪੋਰਟੇਸ਼ਨ ਨੂੰ ਨਸਲੀ ਵਿਤਕਰਾ ਕਰਾਰ ਦਿਤਾ ਜਾ ਰਿਹਾ ਹੈ। ਜਥੇਬੰਦੀ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਨੇਡੀਅਨ ਪਤਨੀ ਅਤੇ ਕੈਨੇਡਾ ਵਿਚ ਜੰਮੇ ਬੱਚੇ ਦਾ ਪਿਤਾ ਹੋਣ ਦੇ ਨਾਤੇ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨਾ ਪਰਵਾਰ ਵਾਸਤੇ ਨੁਕਸਾਨਦੇਹ ਸਾਬਤ ਹੋਵੇਗਾ। ਕੈਲਗਰੀ ਤੋਂ ਲਿਬਰਲ ਪਾਰਟੀ ਦੇ ਐਮ.ਪੀ. ਜਾਰਜ ਚਹਿਲ ਕੈਨੇਡੀਅਨ ਸਿਆਸਤਦਾਨਾਂ ਨੂੰ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਜਾਰਜ ਚਹਿਲ ਦਾ ਕਹਿਣਾ ਹੈ ਕਿ ਜਸਕੀਰਤ ਸਿੱਧੂ ਆਪਣੇ ਕੀਤੇ ਦੀ ਸਜ਼ਾ ਭੁਗਤ ਚੁੱਕਾ ਹੈ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਆਗੂ ਐਰਿਨ ਓ ਟੂਲ ਵੀ ਜਸਕੀਰਤ ਸਿੱਧੂ ਦੀ ਹਮਾਇਤ ਕਰ ਚੁੱਕੇ ਹਨ। ਪਿਛਲੇ ਸਾਲ ਦਸੰਬਰ ਵਿਚ ਇਕ ਟਵੀਟ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਜਸਕੀਰਤ ਸਿੱਧੂ ਨੂੰ ਡਿਪੋਰਟ ਕਰਨ ਨਾਲ ਪੀੜਤਾਂ ਦੇ ਜ਼ਖਮ ਨਹੀਂ ਭਰੇ ਜਾ ਸਕਦੇ। ਐਰਿਨ ਓ ਟੂਲ ਤਰਸ ਦੇ ਆਧਾਰ ’ਤੇ ਜਸਕੀਰਤ ਸਿੱਧੂ ਨੂੰ ਕੈਨੇਡੀਅਨ ਪੀ.ਆਰ. ਦੇਣ ਦੀ ਮੰਗ ਕਰ ਰਹੇ ਹਨ।