ਕੈਨੇਡਾ ’ਚ ਪੰਜਾਬੀ ਟੋਅ ਟਰੱਕ ਡਰਾਈਵਰ ਆਏ ਅੜਿੱਕੇ
ਕੈਨੇਡਾ ਵਿਚ ਟੋਅ ਟਰੱਕ ਡਰਾਈਵਰਾਂ ਵੱਲੋਂ ਇਕ-ਦੂਜੇ ਉਤੇ ਗੋਲੀਆਂ ਚਲਾਉਣ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਨਾਲ ਨਜਿੱਠ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਮਨਜੋਤ , ਨਵਜੋਤ ਅਤੇ ਅਮਨਜੋਤ ਨੂੰ ਗ੍ਰਿਫ਼ਤਾਰ
ਬਰੈਂਪਟਨ : ਕੈਨੇਡਾ ਵਿਚ ਟੋਅ ਟਰੱਕ ਡਰਾਈਵਰਾਂ ਵੱਲੋਂ ਇਕ-ਦੂਜੇ ਉਤੇ ਗੋਲੀਆਂ ਚਲਾਉਣ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਨਾਲ ਨਜਿੱਠ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਮਨਜੋਤ ਭੱਟੀ, ਨਵਜੋਤ ਭੱਟੀ ਅਤੇ ਅਮਨਜੋਤ ਭੱਟੀ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ ਜਦਕਿ ਦੂਜੇ ਪਾਸੇ ਫ਼ਰਜ਼ੀ ਟੈਕਸੀ ਘਪਲੇ ਦੀ ਪੜਤਾਲ ਕਰ ਰਹੀ ਪੀਲ ਪੁਲਿਸ ਵੱਲੋਂ ਬਰੈਂਪਟਨ ਦੇ ਮਨਵੀਰ ਸਿੰਘ ਅਤੇ ਸਈਅਦ ਹੁਨੈਨ ਨੂੰ ਕਾਬੂ ਕੀਤਾ ਗਿਆ ਹੈ। ਟੋਅ ਟਰੱਕ ਡਰਾਈਵਰਾਂ ਦੀਆਂ ਦੋ ਧਿਰਾਂ ਵਿਚਾਲੇ ਹੋਏ ਝਗੜੇ ਦਾ ਜ਼ਿਕਰ ਕਰਦਿਆਂ ਪੀਲ ਪੁਲਿਸ ਨੇ ਦੱਸਿਆ ਕਿ 7 ਅਕਤੂਬਰ ਨੂੰ ਮੈਕਵੀਨ ਡਰਾਈਵ ਅਤੇ ਕੈਸਲਮੋਰ ਰੋਡ ਨੇੜੇ ਇਕ ਪਾਰਕਿੰਗ ਲੌਟ ਵਿਚ ਪੁਲਿਸ ਨੂੰ ਸੱਦਿਆ ਗਿਆ। ਝਗੜੇ ਦੌਰਾਨ ਇਕ ਜਣਾ ਮਾਮੂਲੀ ਜ਼ਖਮੀ ਹੋਇਆ ਪਰ ਸੀ.ਟੀ.ਵੀ. ਫੁਟੇਜ ਵਿਚ ਇਕ ਸ਼ਖਸ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਨਜ਼ਰ ਆਇਆ।
ਗੋ.ਲੀਆਂ ਚਲਾਉਣ ਦੇ ਮਾਮਲੇ ਵਿਚ 3 ਗ੍ਰਿਫ਼ਤਾਰ
ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਅਫ਼ਸਰਾਂ ਨੇ 20 ਨਵੰਬਰ ਨੂੰ ਕੈਲੇਡਨ ਦੇ ਇਕ ਘਰ ’ਤੇ ਛਾਪਾ ਮਾਰਿਆ ਅਤੇ ਝਗੜੇ ਵਿਚ ਸ਼ਾਮਲ ਇਕ ਧਿਰ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। 26 ਸਾਲ ਦੇ ਮਨੋਜਤ ਭੱਟੀ ਵਿਰੁੱਧ ਜਾਣ-ਬੁੱਝ ਕੇ ਅੰਨ੍ਹੇਵਾਹ ਗੋਲੀਆਂ ਚਲਾਉਣ, ਪਾਬੰਦੀਸ਼ੁਦਾ ਹਥਿਆਰ ਰੱਖਣ, ਲਾਪ੍ਰਵਾਹੀ ਨਾਲ ਹਥਿਆਰ ਰੱਖਣ ਅਤੇ ਨਾਜਾਇਜ਼ ਹਥਿਆਰ ਦੀ ਮੌਜੂਦਗੀ ਵਾਲੀ ਗੱਡੀ ਵਿਚ ਸਵਾਰ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। 27 ਸਾਲ ਦੇ ਨਵਜੋਤ ਭੱਟੀ ਅਤੇ 22 ਸਾਲ ਦੇ ਅਮਨਜੋਤ ਭੱਟੀ ਵਿਰੁੱਧ ਨਾਜਾਇਜ਼ ਹਥਿਆਰ ਦੀ ਮੌਜੂਦਗੀ ਵਾਲੀ ਗੱਡੀ ਵਿਚ ਸਵਾਰ ਹੋਣ ਦੇ ਦੋਸ਼ ਲੱਗੇ ਹਨ। ਤਿੰਨੋ ਜਣਿਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਪੀਲ ਰੀਜਨਲ ਪੁਲਿਸ ਦੂਜੀ ਧਿਰ ਨਾਲ ਸਬੰਧਤ ਸ਼ੱਕੀਆਂ ਦੀ ਭਾਲ ਵਿਚ ਜੁਟ ਗਈ ਜਿਨ੍ਹਾਂ ਵਿਚੋਂ ਇਕ ਦੀ ਤਸਵੀਰ ਜਾਂਚਕਰਤਾਵਾਂ ਵੱਲੋਂ ਮੁਹੱਈਆ ਕਰਵਾਈ ਗਈ ਹੈ। ਸ਼ੱਕੀ ਸਾਊਥ ਏਸ਼ੀਅਨ ਮੂਲ ਦਾ ਦੱਸਿਆ ਜਾ ਰਿਹਾ ਹੈ ਜਿਸ ਨੇ ਵਾਰਦਾਤ ਵੇਲੇ ਕਾਲੀ ਜੈਕਟ, ਬਲੂ ਜੀਨਜ਼ ਅਤੇ ਵਾਈਟ ਰਨਿੰਗ ਸ਼ੂਜ਼ ਪਾਏ ਹੋਏ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ।
ਮਨਜੋਤ ਭੱਟੀ, ਨਵਜੋਤ ਭੱਟੀ ਅਤੇ ਅਮਨਜੋਤ ਭੱਟੀ ਵਜੋਂ ਸ਼ਨਾਖ਼ਤ
ਇਸੇ ਦੌਰਾਨ ਟੈਕਸੀ ਮੁਸਾਫ਼ਰ ਬਣ ਕੇ ਲੋਕਾਂ ਨੂੰ ਠੱਗਣ ਦੇ ਮਾਮਲੇ ਵਿਚ ਪੁਲਿਸ ਵੱਲੋਂ 2 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਸ਼ੱਕੀ ਟੈਕਸੀ ਮੁਸਾਫ਼ਰ ਹੋਣ ਦਾ ਦਾਅਵਾ ਕਰਦਿਆਂ ਆਲੇ-ਦੁਆਲੇ ਮੌਜੂਦ ਲੋਕਾਂ ਨਾਲ ਸੰਪਰਕ ਕਰਦੇ ਅਤੇ ਟੈਕਸੀ ਡਰਾਈਵਰ ਵੱਲੋਂ ਨਕਦ ਕਿਰਾਇਆ ਨਾ ਲੈਣ ਦਾ ਜ਼ਿਕਰ ਕਰਦੇ। ਜਦੋਂ ਕੋਈ ਮਦਦ ਵਾਸਤੇ ਰਾਜ਼ੀ ਹੋ ਜਾਂਦਾ ਤਾਂ ਪਹਿਲਾ ਸ਼ੱਕੀ ਉਸ ਦਾ ਡੈਬਿਟ ਕਾਰਡ ਟੈਕਸੀ ਡਰਾਈਵਰ ਬਣੇ ਆਪਣੀ ਸਾਥੀ ਨੂੰ ਦੇ ਦਿੰਦਾ ਅਤੇ ਦੂਜਾ ਸ਼ੱਕੀ ਬਿਲਕੁਲ ਮਿਲਦਾ-ਜੁਲਦਾ ਕੋਈ ਹੋਰ ਕਾਰਡ ਵਾਪਸ ਕਰ ਦਿੰਦਾ। ਡੈਬਿਟ ਕਾਰਡ ਵਿਚੋਂ ਕਥਿਤ ਕਿਰਾਏ ਦੀ ਅਦਾਇਗੀ ਦੌਰਾਨ ਉਸ ਦਾ ਪਿਨ ਨੰਬਰ ਰਿਕਾਰਡ ਕਰ ਲਿਆ ਜਾਂਦਾ ਹੈ। ਇਸ ਮਗਰੋਂ ਦੋਵੇਂ ਜਣੇ ਨੇੜਲੇ ਏ.ਟੀ.ਐਮ. ’ਤੇ ਪੁੱਜਦੇ ਅਤੇ ਪੀੜਤ ਦਾ ਬੈਂਕ ਖਾਤਾ ਖਾਲੀ ਕਰ ਦਿੰਦੇ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀਆਂ ਨੇ ਠੱਗੀ ਠੋਰੀ ਦੀਆਂ ਵਾਰਦਾਤਾਂ ਦੌਰਾਨ ਚੋਰੀ ਕੀਤੀਆਂ ਗੱਡੀਆਂ ਦੀ ਵਰਤੋਂ ਕੀਤੀ। ਇਕ ਸ਼ੱਕੀ ਦੀ ਸ਼ਨਾਖਤ 22 ਸਾਲ ਦੇ ਮਨਵੀਰ ਸਿੰਘ ਵਜੋਂ ਕੀਤੀ ਗਈ ਹੈ ਜਿਸ ਵਿਰੁੱਧ ਪੰਜ ਹਜ਼ਾਰ ਡਾਲਰ ਤੋਂ ਘੱਟ ਰਕਮ ਦਾ ਫਰੌਡ ਕਰਨ ਦੇ 8 ਦੋਸ਼ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ। ਦੂਜਾ ਸ਼ੱਕੀ 25 ਸਾਲ ਦਾ ਸਈਅਦ ਹੁਨੈਨ ਦੱਸਿਆ ਜਾ ਰਿਹਾ ਹੈ ਜਿਸ ਵਿਰੁੱਧ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਚੋਰੀਸ਼ੁਦਾ ਕਰੈਡਿਟ ਕਾਰਡ ਦੀ ਦੀ ਵਰਤੋਂ ਲਈ ਭੇਖ ਬਦਲਣ ਅਤੇ ਪੰਜ ਹਜ਼ਾਰ ਡਾਲਰ ਤੋਂ ਘੱਟ ਰਕਮ ਦਾ ਫਰੌਡ ਕਰਨ ਦੇ 9 ਦੋਸ਼ ਆਇਦ ਕੀਤੇ ਗਏ ਹਨ।