ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਪੰਜਾਬੀ ਨੂੰ 11 ਸਾਲ ਦੀ ਕੈਦ
ਕੈਨੇਡਾ ਦਾ ਜਹਾਜ਼ ਚੜ੍ਹਨ ਵਾਸਤੇ ਲਿਆ ਕਰਜ਼ਾ ਦਿਹਾੜੀਆਂ ਲਾ ਕੇ ਨਾ ਉਤਰਿਆ ਤਾਂ ਜਤਿੰਦਰਪਾਲ ਸਿੰਘ ਨੇ ਨਸ਼ੇ ਵੇਚਣੇ ਸ਼ੁਰੂ ਕਰ ਦਿਤੇ ਪਰ ਹੁਣ 11 ਸਾਲ ਜੇਲ ਦੀ ਹਵਾ ਖਾਣੀ ਪਵੇਗੀ
ਸਸਕਾਟੂਨ : ਕੈਨੇਡਾ ਦਾ ਜਹਾਜ਼ ਚੜ੍ਹਨ ਵਾਸਤੇ ਲਿਆ ਕਰਜ਼ਾ ਦਿਹਾੜੀਆਂ ਲਾ ਕੇ ਨਾ ਉਤਰਿਆ ਤਾਂ ਜਤਿੰਦਰਪਾਲ ਸਿੰਘ ਨੇ ਨਸ਼ੇ ਵੇਚਣੇ ਸ਼ੁਰੂ ਕਰ ਦਿਤੇ ਪਰ ਹੁਣ 11 ਸਾਲ ਜੇਲ ਦੀ ਹਵਾ ਖਾਣੀ ਪਵੇਗੀ ਅਤੇ ਸਜ਼ਾ ਪੂਰੀ ਹੁੰਦਿਆਂ ਹੀ ਡਿਪੋਰਟ ਕਰ ਦਿਤਾ ਜਾਵੇਗਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਨਟਾਰੀਓ ਦੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਵਾਲੇ ਜਤਿੰਦਰਪਾਲ ਸਿੰਘ ਨੇ ਸਿਰਫ਼ ਇਕ ਸਾਲ ਪੜ੍ਹਾਈ ਕੀਤੀ ਅਤੇ ਦੂਜੇ ਸਾਲ ਦੀ ਫੀਸ ਨਾ ਹੋਣ ਕਾਰਨ ਨਸ਼ੇ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਸਟੱਡੀ ਵੀਜ਼ਾ ਐਕਸਪਾਇਰ ਹੋਣ ਦੇ ਬਾਵਜੂਦ 27 ਸਾਲ ਦਾ ਜਤਿੰਦਰਪਾਲ ਸਿੰਘ ਕੈਨੇਡਾ ਵਿਚ ਡਟਿਆ ਰਿਹਾ ਅਤੇ ਨਸ਼ੇ ਵੇਚਣ ਦਾ ਕਾਰੋਬਾਰੀ ਸਸਕੈਚਵਨ ਸੂਬੇ ਤੱਕ ਵਧਾ ਦਿਤਾ।
ਪੜ੍ਹਾਈ ਛੱਡ ਕੇ ਨਸ਼ੇ ਵੇਚਣ ਲੱਗਾ ਜਤਿੰਦਰਪਾਲ ਸਿੰਘ
ਅਦਾਲਤ ਵਿਚ ਪੇਸ਼ ਦਲੀਲਾਂ ਮੁਤਾਬਕ ਜਤਿੰਦਰਪਾਲ ਸਿੰਘ ਨੂੰ ਥੋੜ੍ਹੇ ਸਮੇਂ ਵਿਚ ਵੱਧ ਕਮਾਈ ਕਰਨ ਦਾ ਤਰੀਕਾ ਉਸ ਦੇ ਦੋਸਤ ਦੇ ਦੋਸਤ ਨੇ ਦੱਸਿਆ ਅਤੇ ਕੋਕੀਨ, ਮੇਥਮਫੈਟਾਮਿਨ ਤੇ ਫੈਂਟਾਨਿਲ ਦੀ ਵਿਕਰੀ ਹੀ ਉਸ ਦਾ ਮਕਸਦ ਬਣ ਗਈ। ਜੁਲਾਈ 2024 ਵਿਚ ਡ੍ਰਗ ਮਾਫੀਆ ਨੇ ਜਤਿੰਦਰਪਾਲ ਨੂੰ ਸਸਕੈਚਵਨ ਭੇਜ ਦਿਤਾ ਪਰ ਉਸ ਵੇਲੇ ਤੱਕ ਉਹ ਪੁਲਿਸ ਦੀਆਂ ਨਜ਼ਰਾਂ ਵਿਚ ਆ ਚੁੱਕਾ ਸੀ। ਜਤਿੰਦਰਪਾਲ ਨਹੀਂ ਸੀ ਜਾਣਦਾ ਕਿ ਪੁਲਿਸ ਉਸ ਦੀ ਇਕ-ਇਕ ਹਰਕਤ ਉਤੇ ਨਜ਼ਰ ਰੱਖ ਰਹੀ ਹੈ। ਸਸਕੈਚਵਨ ਪੁੱਜਣ ਮਗਰੋਂ ਚਾਰ ਹਫ਼ਤੇ ਡ੍ਰਗਜ਼ ਵੇਚਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਇਸੇ ਦੌਰਾਨ ਪੁਲਿਸ ਨੇ ਉਸ ਨੂੰ ਅੱਧਾ ਕਿਲੋ ਕੋਕੀਨ, ਪੰਜ ਕਿਲੋ ਮੇਥਮਫੈਟਾਮਿਨ ਅਤੇ 2 ਕਿਲੋ ਫੈਂਟਾਨਿਲ ਸਣੇ ਕਾਬੂ ਕਰ ਲਿਆ। ਸਸਕਾਟੂਨ ਪੁਲਿਸ ਨੇ ਜਤਿੰਦਰਪਾਲ ਕੋਲੋਂ 77 ਹਜ਼ਾਰ ਡਾਲਰ ਤੋਂ ਵੱਧ ਨਕਦ ਰਕਮ ਵੀ ਬਰਾਮਦ ਕੀਤੀ। ਸਸਕਾਟੂਨ ਪ੍ਰੋਵਿਨਸ਼ੀਅਲ ਕੋਰਟ ਦੀ ਜੱਜ ਲੀਜ਼ਾ ਵਾਟਸਨ ਨੇ ਜਤਿੰਦਰਪਾਲ ਨੂੰ ਸਜ਼ਾ ਐਲਾਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਬਰਾਮਦ ਨਸ਼ਿਆਂ ਦੀ ਮਿਕਦਾਰ, ਨਕਦ ਰਕਮ ਅਤੇ ਹੋਰ ਵੇਰਵਿਆਂ ਤੋਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ ਕਿ ਜਤਿੰਦਰਪਾਲ ਸਿੰਘ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਹਾ ਸੀ।
ਸਜ਼ਾ ਖ਼ਤਮ ਹੁੰਦਿਆਂ ਹੀ ਕਰ ਦਿਤਾ ਜਾਵੇਗਾ ਡਿਪੋਰਟ
ਸਿਰਫ਼ ਆਰਥਿਕ ਫਾਇਦੇ ਲਈ ਕੀਤੀਆਂ ਜਾ ਰਹੀਆਂ ਗੈਰਕਾਨੂੰਨੀ ਸਰਗਰਮੀਆਂ ਦਾ ਪੂਰਾ ਮੁਨਾਫ਼ਾ ਉਸ ਦੀ ਜੇਬ ਵਿਚ ਨਹੀਂ ਸੀ ਜਾਂਦਾ ਸਗੋਂ ਉਸ ਦਾ ਗਿਰੋਹ ਵੀ ਹਿੱਸੇਦਾਰ ਬਣਿਆ। ਜਤਿੰਦਰਪਾਲ ਸਿੰਘ ਨੇ ਨਸ਼ਾ ਤਸਕਰੀ ਰਾਹੀਂ ਸੂਬੇ ਦੇ ਲੋਕਾਂ ਦੀ ਸਿਹਤ ਬਰਬਾਦ ਕਰਦਿਆਂ ਵੱਡਾ ਸੰਕਟ ਪੈਦਾ ਕਰ ਦਿਤਾ। ਇਥੇ ਦਸਣਾ ਬਣਦਾ ਹੈ ਕਿ ਅਦਾਲਤ ਵਿਚ ਸਬੂਤ ਵਜੋਂ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵੀ ਪੇਸ਼ ਕੀਤਾ ਗਿਆ ਜੋ ਕਹਿੰਦਾ ਹੈ ਕਿ 2016 ਵਿਚ ਓਵਰਡੋਜ਼ ਕਾਰਨ 92 ਜਣਿਆਂ ਦੀ ਜਾਨ ਗਈ ਪਰ 2023 ਵਿਚ 416 ਜਣਿਆਂ ਨੂੰ ਜਾਨ ਗਵਾਉਣੀ ਪਈ। ਜਤਿੰਦਰਪਾਲ ਸਿੰਘ ਵੱਲੋਂ ਜੇਲ ਵਿਚ ਲੰਘਾਏ ਸਮੇਂ ਨੂੰ ਘਟਾਉਂਦਿਆਂ 9.5 ਸਾਲ ਸਜ਼ਾ ਭੁਗਤਣੀ ਪਵੇਗੀ ਅਤੇ ਇਸ ਮਗਰੋਂ ਸਿੱਧਾ ਇੰਡੀਆ ਜਾਣ ਵਾਲੇ ਜਹਾਜ਼ ਵਿਚ ਬਿਠਾ ਦਿਤਾ ਜਾਵੇਗਾ।