ਕੈਨੇਡਾ ਵਿਚ ਪੰਜਾਬੀ ਨੇ ਕਬੂਲ ਕੀਤਾ ਗੁਨਾਹ, ਪ੍ਰੋਬੇਸ਼ਨ ’ਤੇ ਰਿਹਾਅ
ਹਾਈਵੇਅ 401 ’ਤੇ ਗਲਤ ਪਾਸੇ ਗੱਡੀ ਚਲਾਉਣ ਕਾਰਨ ਵਾਪਰੇ ਹੌਲਨਾਕ ਹਾਦਸੇ ਦੌਰਾਨ ਬਚੇ ਇਕੋ ਇਕ ਸ਼ਖਸ ਮਨਪ੍ਰੀਤ ਗਿੱਲ ਨੇ ਆਪਣਾ ਗੁਨਾਹ ਕਬੂਲ ਕਰ ਲਿਆ
ਟੋਰਾਂਟੋ : ਹਾਈਵੇਅ 401 ’ਤੇ ਗਲਤ ਪਾਸੇ ਗੱਡੀ ਚਲਾਉਣ ਕਾਰਨ ਵਾਪਰੇ ਹੌਲਨਾਕ ਹਾਦਸੇ ਦੌਰਾਨ ਬਚੇ ਇਕੋ ਇਕ ਸ਼ਖਸ ਮਨਪ੍ਰੀਤ ਗਿੱਲ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਜਿਸ ਨੂੰ ਸਾਢੇ ਪੰਜ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਪਰ ਜੇਲ ਵਿਚ ਗੁਜ਼ਾਰੇ ਸਮੇਂ ਦੇ ਇਵਜ਼ ਵਿਚ ਪ੍ਰੋਬੇਸ਼ਨ ’ਤੇ ਰਿਹਾਅ ਕਰ ਦਿਤਾ ਗਿਆ। ਮਨਪ੍ਰੀਤ ਗਿੱਲ ਨੂੰ ਇੰਮੀਗ੍ਰੇਸ਼ਨ ਸਿੱਟੇ ਭੁਗਤਣ ਦੀ ਚਿਤਾਵਨੀ ਜ਼ਰੂਰ ਦਿਤੀ ਗਈ ਹੈ। 38 ਸਾਲ ਦੇ ਮਨਪ੍ਰੀਤ ਗਿੱਲ ਦੇ ਇੰਮੀਗ੍ਰੇਸ਼ਨ ਸਟੇਟਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਅਦਾਲਤ ਨੂੰ ਦੱਸਿਆ ਗਿਆ ਕਿ ਉਸ ਨੇ ਹਾਈ ਸਕੂਲ ਭਾਰਤ ਵਿਚ ਪਾਸ ਕੀਤਾ ਅਤੇ ਸਾਇੰਸ ਦੀ ਡਿਗਰੀ ਵੀ ਭਾਰਤ ਤੋਂ ਹਾਸਲ ਕੀਤੀ ਪਰ ਕੈਨੇਡਾ ਪੁੱਜਣ ਦੇ ਆਧਾਰ ਬਾਰੇ ਕੋਈ ਤੱਥ ਸਾਹਮਣੇ ਨਹੀਂ ਆਇਆ। ਮਨਪ੍ਰੀਤ ਉਸ ਕਾਰਗੋ ਵੈਨ ਵਿਚ ਡਰਾਈਵਰ ਦੇ ਨਾਲ ਬੈਠਾ ਸੀ ਜਿਸ ਦਾ ਪਿੱਛਾ ਪੁਲਿਸ ਕਰ ਰਹੀ ਸੀ ਅਤੇ ਇਸੇ ਦੌਰਾਨ ਕਾਰਗੋ ਵੈਨ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਵਿਚ ਜਾ ਵੱਜੀ।
ਹਾਈਵੇਅ 401 ’ਤੇ ਹਾਦਸੇ ਦੌਰਾਨ ਗਈ ਸੀ 4 ਜਣਿਆਂ ਦੀ ਜਾਨ
ਹਾਦਸੇ ਦੌਰਾਨ ਵੈਨ ਡਰਾਈਵਰ ਗਗਨਦੀਪ ਸਿੰਘ ਤੋਂ ਇਲਾਵਾ ਸਾਹਮਣੇ ਤੋਂ ਆ ਰਹੀ ਗੱਡੀ ਵਿਚ ਸਵਾਰ ਭਾਰਤੀ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋਈ। ਮਿਲਟਨ ਦੀ ਮੇਪਲਹਰਸਟ ਜੇਲ ਵਿਚ ਬੰਦ ਮਨਪ੍ਰੀਤ ਗਿੱਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਨਪ੍ਰੀਤ ਗਿੱਲ ਵਿਰੁੱਧ ਕਲੈਰਿੰਗਟਨ ਦੇ ਸ਼ਰਾਬ ਸਟੋਰ ਤੋਂ ਲੁੱਟ ਕਰਨ ਦੇ ਦੋਸ਼ ਲੱਗੇ ਸਨ ਅਤੇ ਡਰਹਮ ਰੀਜਨਲ ਪੁਲਿਸ ਮੁਤਾਬਕ ਲੁੱਟ ਵਾਲੇ ਦਿਨ ਹੀ ਹਾਦਸਾ ਵਾਪਰਿਆ। ਅਦਾਲਤੀ ਦਸਤਾਵੇਜ਼ਾਂ ਵਿਚ ਮਨਪ੍ਰੀਤ ਗਿੱਲ ਦਾ ਕੋਈ ਪੱਕਾ ਪਤਾ ਦਰਜ ਨਹੀਂ ਅਤੇ ਉਸ ਵਿਰੁੱਧ ਹਾਦਸੇ ਦੌਰਾਨ ਹੋਈਆਂ ਮੌਤਾਂ ਨਾਲ ਸਬੰਧਤ ਜਾਂ ਪੁਲਿਸ ਤੋਂ ਫਰਾਰ ਹੋਣ ਦੇ ਯਤਨ ਵਰਗਾ ਕੋਈ ਦੋਸ਼ ਨਹੀਂ ਲਾਇਆ ਗਿਆ। ਦਸਤਾਵੇਜ਼ਾਂ ਮੁਤਾਬਕ ਮਨਪ੍ਰੀਤ ਵਿਰੁੱਧ ਸ਼ਰਾਬ ਦੇ ਠੇਕੇ ’ਤੇ ਲੁੱਟ, ਕੈਨੇਡੀਅਨ ਟਾਇਰ ਸਟੋਰ ਤੋਂ ਸਮਾਨ ਚੋਰੀ ਕਰਨ ਅਤੇ ਪ੍ਰੋਬੇਸ਼ਨ ਦੀ ਉਲੰਘਣਾ ਵਰਗੇ 12 ਦੋਸ਼ ਲੱਗੇ। ਡਰਹਮ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇ ਤੋਂ ਲੁੱਟ ਦੌਰਾਨ ਇਕ ਸ਼ੱਕੀ ਕੋਲ ਛੁਰਾ ਵੀ ਮੌਜੂਦ ਸੀ। ਸ਼ੱਕੀ ਇਕ ਚਿੱਟੀ ਵੈਨ ਵਿਚ ਫਰਾਰ ਹੋ ਗਿਆ ਜਿਸ ਨੂੰ ਕੋਈ ਹੋਰ ਚਲਾ ਰਿਹਾ ਸੀ। ਪੁਲਿਸ ਨੇ ਵੈਨ ਦਾ ਪਿੱਛਾ ਕੀਤਾ ਅਤੇ ਇਕ ਸਮੇਂ ’ਤੇ 20 ਗੱਡੀਆਂ ਕਾਰਗੋ ਵੈਨ ਦੇ ਪਿੱਛੇ ਜਾਂਦੀਆਂ ਨਜ਼ਰ ਆ ਰਹੀਆਂ ਸਨ। ਡਰਾਈਵਰ ਨੇ ਵੈਨ ਗਲਤ ਪਾਸੇ ਮੋੜ ਦਿਤੀ ਅਤੇ ਇਸ ਦੌਰਾਨ ਪੁਲਿਸ ਦਾ ਪਿੱਛਾ ਵੀ ਜਾਰੀ ਰਿਹਾ ਪਰ ਕੁਝ ਦੂਰ ਜਾ ਕੇ ਵੱਡਾ ਹਾਦਸਾ ਵਾਪਰ ਗਿਆ।
ਮਨਪ੍ਰੀਤ ਗਿੱਲ ਨੂੰ ਇੰਮੀਗ੍ਰੇਸ਼ਨ ਸਿੱਟੇ ਭੁਗਤਣ ਦੀ ਚਿਤਾਵਨੀ
ਹਾਦਸੇ ਦੌਰਾਨ ਤਿੰਨ ਮਹੀਨੇ ਦੇ ਆਦਿਤਯਾ ਵੀਵਾਨ, 60 ਸਾਲ ਦੇ ਮਣੀਵੰਨਨ ਸ੍ਰੀਨਿਵਾਸਪਿਲੇ ਅਤੇ 55 ਸਾਲ ਦੀ ਮਹਾਂਲਕਸ਼ੀ ਅਨੰਤਕ੍ਰਿਸ਼ਨਨ ਦੀ ਮੌਤ ਹੋ ਗਈ। ਦੂਜੇ ਪਾਸੇ ਗੋਕੁਲਨਾਥ ਮਣੀਵੰਨਨ ਅਤੇ ਅਸ਼ਵਿਤਾ ਜਵਾਹਰ ਜ਼ਖਮੀ ਹੋਏ ਜੋ ਆਪਣੇ ਬੱਚੇ ਅਤੇ ਭਾਰਤ ਤੋਂ ਆਏ ਮਾਪਿਆਂ ਨਾਲ ਨਿਸਨ ਸੈਂਟਰਾ ਵਿਚ ਜਾ ਰਹੇ ਸਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਗਗਨਦੀਪ ਸਿੰਘ ਦੇ ਡਰਾਈਵਿੰਗ ਕਰਨ ’ਤੇ ਪਾਬੰਦੀ ਲੱਗੀ ਹੋਈ ਸੀ ਅਤੇ ਪੁਲਿਸ ਨੇ ਵੀ ਹਾਈਵੇਅ ’ਤੇ ਗਲਤ ਪਾਸੇ ਜਾਂਦੀ ਗੱਡੀ ਦਾ ਪਿੱਛਾ ਕਰਨਾ ਨਹੀਂ ਛੱਡਿਆ।