ਕੈਨੇਡਾ ’ਚ ਪੰਜਾਬੀ ਦਾ ਕਤਲ, 2 ਪੰਜਾਬੀਆਂ ਨੂੰ ਉਮਰ ਕੈਦ

ਕੈਨੇਡਾ ਵਿਚ ਪੰਜਾਬੀ ਗੈਂਗਸਟਰਾਂ ਵਿਚਾਲੇ ਟਕਰਾਅ ਦੇ ਨਤੀਜੇ ਵਜੋਂ ਵਿਸ਼ਾਲ ਵਾਲੀਆ ਦਾ ਕਤਲ ਕਰ ਦਿਤਾ ਗਿਆ ਅਤੇ ਹੁਣ ਬਲਰਾਜ ਸਿੰਘ ਬਸਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ

Update: 2025-10-29 12:39 GMT

ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਗੈਂਗਸਟਰਾਂ ਵਿਚਾਲੇ ਟਕਰਾਅ ਦੇ ਨਤੀਜੇ ਵਜੋਂ ਵਿਸ਼ਾਲ ਵਾਲੀਆ ਦਾ ਕਤਲ ਕਰ ਦਿਤਾ ਗਿਆ ਅਤੇ ਹੁਣ ਬਲਰਾਜ ਸਿੰਘ ਬਸਰਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੋ 25 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ। ਬਲਰਾਜ ਬਸਰਾ ਦੀ ਉਮਰ ਸਿਰਫ਼ 25 ਸਾਲ ਹੈ ਅਤੇ ਪੂਰੀ ਜਵਾਨੀ ਲੰਘਾਉਣ ਤੋਂ ਬਾਅਦ ਹੀ ਉਹ ਜੇਲ ਵਿਚੋਂ ਬਾਹਰ ਆ ਸਕਦਾ ਹੈ। ਦੱਸ ਦੇਈਏ ਕਿ 17 ਅਕਤੂਬਰ 2022 ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਨੇੜੇ ਗੌਲਫ਼ ਕਲੱਬ ਵਿਚ ਵਿਸ਼ਾਲ ਵਾਲੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ ਅਤੇ ਇਸ ਮਾਮਲੇ ਵਿਚ ਬਸਰਾ ਤੋਂ ਪਹਿਲਾਂ ਇਕਬਾਲ ਕੰਗ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਉਹ 17 ਸਾਲ ਬਾਅਦ ਪੈਰੋਲ ਦਾ ਹੱਕਦਾਰ ਹੋਵੇਗਾ ਜਦਕਿ ਬੈਪਟਿਸਟ ਨੂੰ 13 ਸਾਲ ਦੀ ਸਜ਼ਾ ਸੁਣਾਈ ਗਈ ਹੈ।

25 ਸਾਲ ਦਾ ਬਲਰਾਜ ਬਸਰਾ ਬਜ਼ੁਰਗ ਹੋ ਕੇ ਆਵੇਗਾ ਬਾਹਰ

ਬੀ.ਸੀ. ਸੁਪਰੀਮ ਕੋਰਟ ਦੇ ਜਸਟਿਸ ਵੌਰਨ ਮਿਲਮੈਨ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਬਲਰਾਜ ਬਸਰਾ ਨੇ ਮਨੁੱਖੀ ਜ਼ਿੰਦਗੀ ਦੀ ਬਿਲਕੁਲ ਕਦਰ ਨਾ ਕੀਤੀ ਅਤੇ ਆਪਣੇ ਸਾਥੀ ਨਾਲ ਰਲ ਕੇ ਵਿਸ਼ਾਲ ਵਾਲੀਆ ਦੀ ਜਾਨ ਲੈ ਲਈ। ਬਲਰਾਜ ਸਿੰਘ ਬਸਰਾ ਨੂੰ ਕਤਲ ਤੋਂ ਇਲਾਵਾ ਚੋਰੀ ਕੀਤੀ ਗੱਡੀ ਸਾੜਨ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ। ਜਸਟਿਸ ਮਿਲਮੈਨ ਨੇ ਕਿਹਾ ਕਿ ਗੱਡੀ ਨੂੰ ਲੱਗੀ ਅੱਗ ਦੀਆਂ ਲਾਟਾਂ ਨੇੜਲੇ ਗੈਰਾਜ ਤੱਕ ਪੁੱਜ ਗਈਆਂ ਅਤੇ ਕਮਿਊਨਿਟੀ ਮੈਂਬਰਾਂ ਵਾਸਤੇ ਵੱਡਾ ਖਤਰਾ ਪੈਦਾ ਹੋਇਆ। ਅਗਜ਼ਨੀ ਦੇ ਮਾਮਲੇ ਵਿਚ ਬਸਰਾ ਨੂੰ ਪੰਜ ਸਾਲ ਦੀ ਸਜ਼ਾ ਵੱਖਰੇ ਤੌਰ ’ਤੇ ਸੁਣਾਈ ਗਈ ਹੈ ਜੋ ਕਤਲ ਦੀ ਸਜ਼ਾ ਦੇ ਨਾਲ-ਨਾਲ ਅੱਗੇ ਵਧੇਗੀ। ਅਦਾਲਤ ਨੇ ਕਿਹਾ ਕਿ ਬਲਰਾਜ ਬਸਰਾ ਅਤੇ ਹੋਰਨਾਂ ਵੱਲੋਂ ਕਤਲ ਦੌਰਾਨ ਵਰਤੇ ਗਏ ਹਥਿਆਰ ਖੁਰਦ-ਬੁਰਦ ਕਰਨ ਦਾ ਯਤਨ ਕੀਤਾ ਗਿਆ ਅਤੇ ਹੋਰ ਸਬੂਤ ਖਤਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਸਟਿਸ ਮਿਲਮੈਨ ਨੇ ਅੱਗੇ ਕਿਹਾ ਕਿ ਉਹ ਵਾਲੀਆ ਪਰਵਾਰ ਅਤੇ ਵਿਸ਼ਾਲ ਦੀ ਗਰਲਫਰੈਂਡ ਦਾ ਦੁੱਖ ਸਮਝ ਸਕਦੇ ਹਨ ਜੋ ਕਤਲ ਵੇਲੇ ਪੰਜ ਮਹੀਨੇ ਦੀ ਗਰਭਵਤੀ ਸੀ। ਵਿਸ਼ਾਲ ਵਾਲੀਆ ਦੀ ਭੈਣ ਪੂਨਮ ਗਿੱਲ ਨੇ ਪੀੜਤ ਧਿਰ ਦਾ ਬਿਆਨ ਪੜ੍ਹਦਿਆਂ ਕਿਹਾ ਕਿ 17 ਅਕਤੂਬਰ 2022 ਨੂੰ ਸਾਡੀਆਂ ਜ਼ਿੰਦਗੀਆਂ ਝੰਜੋੜੀਆਂ ਗਈਆਂ। ਮੈਂ ਆਪਣਾ ਇਕਲੌਤਾ ਭਰਾ ਗਵਾ ਦਿਤਾ ਅਤੇ ਮਾਪਿਆਂ ਨੇ ਆਪਣਾ ਇਕਲੌਤਾ ਪੁੱਤ। ਹਰ ਕੋਈ ਸੋਚਦਾ ਹੋਵੇਗਾ ਕਿ ਸਮੇਂ ਦੇ ਨਾਲ ਦਰਦ ਘਟ ਜਾਂਦਾ ਹੈ ਪਰ ਇਹ ਬਿਲਕੁਲ ਵੀ ਦਰੁਸਤ ਨਹੀਂ। ਦਿਲ ਦਾ ਦਰਦ ਕਦੇ ਵੀ ਖਤਮ ਨਹੀਂ ਹੁੰਦਾ ਅਤੇ ਇਹ ਤਰਾਸਦੀ ਹਮੇਸ਼ਾ ਸਾਡੇ ਦਿਲ ਓ ਦਿਮਾਗ ਵਿਚ ਕਾਇਮ ਰਹੇਗੀ।

ਇਕਬਾਲ ਕੰਗ ਨੂੰ 17 ਸਾਲ ਤੱਕ ਨਹੀਂ ਮਿਲੇਗੀ ਪੈਰੋਲ

ਅਸੀਂ ਰੋਜ਼ਾਨਾ ਉਸ ਨੂੰ ਯਾਦ ਕਰਦੇ ਹਾਂ, ਚਾਰ ਜੀਆਂ ਦਾ ਛੋਟਾ ਜਿਹਾ ਪਰਵਾਰ ਹੁਣ ਘਟ ਕੇ ਤਿੰਨ ਜੀਆਂ ਦਾ ਰਹਿ ਗਿਆ ਹੈ। ਪੂਨਮ ਨੇ ਦੱਸਿਆ ਕਿ ਉਸ ਦੇ ਮਾਪਿਆਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਅਤੇ ਆਰਥਿਕ ਹਾਲਾਤ ਵੀ ਬਦਲ ਗਏ। ਦੂਜੇ ਪਾਸੇ ਕ੍ਰਾਊਨ ਪ੍ਰੌਸੀਕਿਊਟਰ ਜੂਲੀ ਰੌਬਿਨਸਨ ਨੇ ਕਿਹਾ ਕਿ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੇ ਜਾਣ ਵਾਲੇ ਕਤਲ ਕਮਿਊਨਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੇ ਹਨ ਅਤੇ ਸੁਰੱਖਿਅਤ ਮਹਿਸੂਸ ਹੋਣ ਦਾ ਜਜ਼ਬਾ ਖ਼ਤਮ ਹੋ ਜਾਂਦਾ ਹੈ। ਇਸੇ ਦੌਰਾਨ ਬਚਾਅ ਪੱਖ ਦੀ ਵਕੀਲ ਫਰਾਂਸਿਸ ਮੈਹਨ ਦਾ ਕਹਿਣਾ ਸੀ ਕਿ ਬਲਰਾਜ ਸਿੰਘ ਬਸਰਾ ਇਕ ਅਜਿਹਾ ਨੌਜਵਾਨ ਹੈ ਜਿਸ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਅਤੇ ਜਦੋਂ ਪੈਰੋਲ ’ਤੇ ਬਾਹਰ ਆਵੇਗਾ ਤਾਂ ਆਪਣੀ ਜ਼ਿੰਦਗੀ ਦਾ ਅਹਿਮ ਸਮਾਂ ਲੰਘਾ ਚੁੱਕਾ ਹੋਵੇਗਾ। ਬਲਰਾਜ ਬਸਰਾ ਨੇ ਅਦਾਲਤੀ ਫ਼ੈਸਲੇ ਬਾਰੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿਤੀ। ਚੇਤੇ ਰਹੇ ਕਿ ਵਿਸ਼ਾਲ ਵਾਲੀਆ ਦੇ ਕਤਲ ਤੋਂ ਇਕ ਘੰਟੇ ਦੇ ਅੰਦਰ ਹੀ ਇਕਬਾਲ ਕੰਗ ਅਤੇ ਡੀਆਂਡਰੇ ਬੈਪਟਿਸਟ ਫੜੇ ਗਏ ਸਨ। ਵੈਨਕੂਵਰ ਸਨ ਦੀ ਰਿਪੋਰਟ ਮੁਤਾਬਕ 38 ਸਾਲ ਦਾ ਵਿਸ਼ਾਲ ਵਾਲੀਆ ਯੂਨਾਈਟਡ ਨੇਸ਼ਨਜ਼ ਗਿਰੋਹ ਨਾਲ ਸਬੰਧਤ ਸੀ ਪਰ ਕਤਲ ਤੋਂ ਪਹਿਲਾਂ ਕਿਸੇ ਨਾਲ ਉਸ ਦੀ ਅਣ-ਬਣ ਹੋ ਗਈ।

Tags:    

Similar News