ਕੈਨੇਡਾ ਵਿਚ ਅਦਾਲਤ ਨੇ ਟੰਗਿਆ ਪੰਜਾਬੀ ਡਰਾਈਵਰ

ਕੈਨੇਡਾ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਮਨਜਿੰਦਰ ਸਿੰਘ ਔਲਖ ਨੂੰ 4 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ

Update: 2025-09-30 12:32 GMT

ਟੋਰਾਂਟੋ : ਕੈਨੇਡਾ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਮਨਜਿੰਦਰ ਸਿੰਘ ਔਲਖ ਨੂੰ 4 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ ਜਦਕਿ ਇਕ ਸਾਲ ਡਰਾਈਵਿੰਗ ’ਤੇ ਪਾਬੰਦੀ ਰਹੇਗੀ। ਸਰਕਾਰੀ ਵਕੀਲ ਡੇਵਿਡ ਰਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਔਲਖ ਉਨਟਾਰੀਓ ਦੇ ਬੈਰੀ ਸ਼ਹਿਰ ਵਿਚ ਸਟ੍ਰੀਟ ਸਵੀਪਰ ਚਲਾਉਂਦਾ ਸੀ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਔਲਖ ਕਦੇ ਵੀ ਮਿਊਂਸਪਲ ਮੁਲਾਜ਼ਮ ਨਹੀਂ ਰਿਹਾ। ਇਥੇ ਦਸਣਾ ਬਣਦਾ ਹੈ ਕਿ ਹਾਦਸਾ 14 ਨਵੰਬਰ 2024 ਨੂੰ ਵਾਪਰਿਆ ਜਦੋਂ ਪੁਲਿਸ ਨੂੰ ਸੜਕ ’ਤੇ ਡਾਵਾਂਡੋਲ ਹੋ ਰਹੀ ਇਕ ਗੱਡੀ ਬਾਰੇ ਇਤਲਾਹ ਮਿਲੀ। ਜਦੋਂ ਤੱਕ ਪੁਲਿਸ ਅਫ਼ਸਰ ਲੌਕਹਾਰਟ ਰੋਡ ’ਤੇ ਪੁੱਜੇ ਤਾਂ ਸਟ੍ਰੀਟ ਸਵੀਪਰ ਖਤਾਨਾਂ ਵਿਚ ਕਰੈਸ਼ ਹੋ ਚੁੱਕਾ ਸੀ।

ਸ਼ਰਾਬ ਪੀ ਕੇ ਸਟ੍ਰੀਟ ਸਵੀਪਰ ਚਲਾਉਣ ਦਾ ਗੁਨਾਹ ਕਬੂਲ ਕੀਤਾ

ਪੁਲਿਸ ਅਫ਼ਸਰਾਂ ਨੇ ਇਕ ਸ਼ਖਸ ਨੂੰ ਸਟ੍ਰੀਟ ਸਵੀਪਰ ਵਿਚੋਂ ਬਾਹਰ ਨਿਕਲਦਿਆਂ ਦੇਖਿਆ ਜੋ ਆਪਣੀ ਗੱਡੀ ਨੂੰ ਮੁੜ ਸੜਕ ’ਤੇ ਲਿਜਾਣਾ ਚਾਹੁੰਦਾ ਸੀ। ਪੁਲਿਸ ਨੇ ਪੁੱਛ ਪੜਤਾਲ ਕੀਤੀ ਅਤੇ ਸਾਹ ਦਾ ਨਮੂਨਾ ਮੰਗਿਆ ਪਰ ਮਨਜਿੰਦਰ ਸਿੰਘ ਔਲਖ ਨੇ ਸਾਹ ਦਾ ਨਮੂਨਾ ਦੇਣ ਤੋਂ ਨਾਂਹ ਕਰ ਦਿਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮਨਜਿੰਦਰ ਔਲਖ ਨੂੰ ਬੈਰੀ ਪੁਲਿਸ ਦੇ ਮੁੱਖ ਦਫ਼ਤਰ ਲਿਜਾਇਆ ਗਿਆ ਪਰ ਉਥੇ ਵੀ ਸਾਹ ਦੇ ਨਮੂਨੇ ਵਾਸਤੇ ਹਾਮੀ ਨਾ ਭਰੀ। ਬੈਰੀ ਪੁਲਿਸ ਮੁਤਾਬਕ ਹਾਦਸੇ ਵੇਲੇ ਮਨਜਿੰਦਰ ਔਲਖ ਡਿਊਟੀ ’ਤੇ ਨਹੀਂ ਸੀ। ਉਧਰ ਮਨਜਿੰਦਰ ਦੇ ਵਕੀਲ ਨੇ ਕਿਹਾ ਕਿ ਬਿਨਾਂ ਸ਼ੱਕ ਉਸ ਦੇ ਮੁਵੱਕਲ ਦੀ ਨੌਕਰੀ ਚਲੀ ਗਈ, ਉਹ ਆਪਣੇ ਵਤੀਰੇ ਤੋਂ ਸ਼ਰਮਿੰਦਾ ਹੈ।

4 ਹਜ਼ਾਰ ਡਾਲਰ ਜੁਰਮਾਨਾ ਅਤੇ ਇਕ ਸਾਲ ਡਰਾਈਵਿੰਗ ’ਤੇ ਪਾਬੰਦੀ

ਮਨਜਿੰਦਰ ਔਲਖ ਨੂੰ ਅਦਾਲਤ ਵਿਚ ਬੋਲਣ ਦੀ ਇਜਾਜ਼ਤ ਦਿਤੀ ਗਈ ਤਾਂ ਉਸ ਨੇ ਆਪਣੀ ਹਰਕਤ ਲਈ ਮੁਆਫ਼ੀ ਮੰਗਦਿਆਂ ਨਸ਼ਾ ਕਰ ਕੇ ਗੱਡੀ ਚਲਾਉਣ ਦਾ ਦੋਸ਼ ਕਬੂਲ ਕਰ ਲਿਆ। ਉਨਟਾਰੀਓ ਕੋਰਟ ਆਫ਼ ਜਸਟਿਸ ਦੇ ਜੱਜ ਏ.ਐਮ. ਨਿਕੋਲਸ ਵੱਲੋਂ ਮਨਜਿੰਦਰ ਸਿੰਘ ਔਲਖ ਨੂੰ 3 ਹਜ਼ਾਰ ਡਾਲਰ ਜੁਰਮਾਨਾ ਲਾਇਆ ਗਿਆ ਜੋ ਸਰਚਾਰਜ ਲੱਗਣ 4 ਹਜ਼ਾਰ ਡਾਲਰ ਦੇ ਨੇੜੇ ਪੁੱਜ ਗਿਆ। ਅਦਾਲਤ ਨੂੰ ਦੱਸਿਆ ਗਿਆ ਕਿ ਮਨਜਿੰਦਰ ਸਿੰਘ ਤਿੰਨ ਬੱਚਿਆ ਦਾ ਪਿਉ ਹੈ ਜਿਸ ’ਤੇ ਟਿੱਪਣੀ ਕਰਦਿਆਂ ਜਸਟਿਸ ਨਿਕੋਲਸ ਨੇ ਕਿਹਾ ਕਿ ਤੂੰ ਖੁਸ਼ਕਿਸਮਤ ਰਿਹਾ। ਉਮੀਦ ਹੈ ਕਿ ਭਵਿੱਖ ਵਾਸਤੇ ਸਬਕ ਸਿੱਖਿਆ ਹੋਵੇਗਾ।

Tags:    

Similar News