ਕੈਨੇਡਾ ਵਿਚ ਪੰਜਾਬੀ ਕਾਰੋਬਾਰੀ ਟੈਕਸ ਚੋਰੀ ਦਾ ਦੋਸ਼ੀ ਠਹਿਰਾਇਆ
ਕੈਨੇਡਾ ਵਿਚ ਰੀਅਲ ਅਸਟੇਟ ਕਾਰੋਬਾਰੀ ਬਲਕਾਰ ਭੁੱਲਰ ਨੂੰ 20 ਲੱਖ ਡਾਲਰ ਟੈਕਸ ਚੋਰੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ 21 ਲੱਖ ਡਾਲਰ ਤੋਂ ਵੱਧ ਜੁਰਮਾਨਾ ਕੀਤਾ ਗਿਆ ਹੈ।
ਵੈਨਕੂਵਰ : ਕੈਨੇਡਾ ਵਿਚ ਰੀਅਲ ਅਸਟੇਟ ਕਾਰੋਬਾਰੀ ਬਲਕਾਰ ਭੁੱਲਰ ਨੂੰ 20 ਲੱਖ ਡਾਲਰ ਟੈਕਸ ਚੋਰੀ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ 21 ਲੱਖ ਡਾਲਰ ਤੋਂ ਵੱਧ ਜੁਰਮਾਨਾ ਕੀਤਾ ਗਿਆ ਹੈ। ਕੈਨੇਡਾ ਰੈਵੇਨਿਊ ਏਜੰਸੀ ਨੇ ਦੱਸਿਆ ਕਿ ਬੀ.ਸੀ. ਦੇ ਰਿਚਮੰਡ ਨਾਲ ਸਬੰਧਤ ਬਲਕਾਰ ਭੁੱਲਰ ਵੱਲੋਂ 75 ਲੱਖ ਡਾਲਰ ਦੀ ਕਮਾਈ ਬਾਰੇ ਫੈਡਰਲ ਏਜੰਸੀ ਨੂੰ ਕੋਈ ਜਾਣਕਾਰੀ ਨਾ ਦਿਤੀ ਜਿਸ ਦੇ ਮੱਦੇਨਜ਼ਰ ਦੋ ਸਾਲ ਦੀ ਸੰਕੇਤਕ ਸਜ਼ਾ ਵੀ ਸੁਣਾਈ ਗਈ ਹੈ। ਬਲਕਾਰ ਭੁੱਲਰ ਨੇ ਪਿਛਲੇ ਸਾਲ 3 ਅਗਸਤ ਨੂੰ ਟੈਕਸ ਚੋਰੀ ਦਾ ਇਕ ਦੋਸ਼ ਕਬੂਲ ਕਰ ਲਿਆ ਜੋ 2011 ਤੋਂ 2014 ਦਰਮਿਆਨ ਵੇਚੀਆਂ 14 ਜਾਇਦਾਦਾਂ ਤੋਂ ਮਿਲੀ 74 ਲੱਖ 90 ਹਜ਼ਾਰ ਡਾਲਰ ਦੇ ਰਕਮ ਨਾਲ ਸਬੰਧਤ ਸੀ। ਸੀ.ਆਰ.ਏ. ਨੇ ਦੱਸਿਆ ਕਿ ਰੀਅਲ ਅਸਟੇਟ ਸੈਕਟਰ ਵਿਚ ਟੈਕਸ ਧੋਖਾਧੜੀ ਨਾਲ ਨਜਿੱਠਣ ਲਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ।
ਬਲਕਾਰ ਭੁੱਲਰ ਨੂੰ 21 ਲੱਖ ਡਾਲਰ ਤੋਂ ਵੱਧ ਜੁਰਮਾਨਾ
ਦੱਸ ਦੇਈਏ ਕਿ ਬੀ.ਸੀ. ਵਿਚ ਪਹਿਲੀ ਜਨਵਰੀ ਤੋਂ ਨਵਾਂ ਹੋਮ ਫਲਿਪਿੰਗ ਟੈਕਸ ਵੀ ਲਾਗੂ ਹੋ ਰਿਹਾ ਹੈ ਜਿਸ ਤਹਿਤ ਉਨ੍ਹਾਂ ਲੋਕਾਂ ਨੂੰ ਮਕਾਨ ਦੀ ਕੀਮਤ ਦਾ 20 ਫੀ ਸਦੀ ਟੈਕਸ ਦੇਣਾ ਹੋਵੇਗਾ ਜੋ ਮਕਾਨ ਖਰੀਦਣ ਤੋਂ ਦੋ ਸਾਲ ਦੇ ਅੰਦਰ ਇਸ ਨੂੰ ਵੇਚ ਦੇਣਗੇ। ਬੀ.ਸੀ ਦੇ ਵਿੱਤ ਮੰਤਰਾਲੇ ਮੁਤਾਬਕ 2025 ਵਿਚ ਤਕਰੀਬਨ 4 ਹਜ਼ਾਰ ਪ੍ਰੌਪਰਟੀਜ਼ ਨਵੇਂ ਟੈਕਸ ਦੇ ਘੇਰੇ ਵਿਚ ਆ ਜਾਣਗੀਆਂ ਅਤੇ ਇਸ ਤਰੀਕੇ ਨਾਲ ਹੋਣ ਵਾਲੀ ਕਮਾਈ ਹਾਊਸਿੰਗ ਯੋਜਨਾਵਾਂ ’ਤੇ ਖਰਚ ਕੀਤੀ ਜਾਵੇਗੀ। ਬੀ.ਸੀ. ਦੀ ਵਿੱਤ ਮੰਤਰੀ ਬਰੈਂਡਾ ਬੇਲੀ ਨੇ ਕਿਹਾ ਕਿ ਹੋਮ ਫਲਿਪਿੰਗ ਟੈਕਸ ਦਾ ਮਕਸਦ ਘਰ ਖਰੀਦਣ ਦੇ ਇੱਛਕ ਲੋਕਾਂ ਜਾਂ ਕਿਰਾਏਦਾਰਾਂ ਨੂੰ ਕਿਫ਼ਾਇਤੀ ਦਰਾਂ ’ਤੇ ਘਰ ਮੁਹੱਈਆ ਕਰਵਾਉਣਾ ਹੈ। ਕੁਝ ਲੋਕ ਮੁਨਾਫ਼ਾ ਕਮਾਉਣ ਦੇ ਲਾਲਚ ਵਿਚ ਮਕਾਨਾਂ ਦੀਆਂ ਕੀਮਤਾਂ ਵਧਾਉਂਦੇ ਚਲੇ ਜਾਂਦੇ ਹਨ ਅਤੇ ਆਮ ਲੋਕਾਂ ਵਾਸਤੇ ਇਨ੍ਹਾਂ ਦੀ ਖਰੀਦ ਮੁਸ਼ਕਲ ਹੋ ਜਾਂਦੀ ਹੈ। ਬੀ.ਸੀ. ਰੀਅਲ ਅਸਟੇਟ ਐਸੋਸੀਏਸ਼ਨ ਹੋਮ ਫਲਿਪਿੰਗ ਟੈਕਸ ਦਾ ਵਿਰੋਧ ਕਰ ਰਹੀ ਹੈ ਜਿਸ ਦਾ ਕਹਿਣਾ ਹੈ ਕਿ ਟੈਕਸ ਤੋਂ ਬਚਣ ਲਈ ਮਕਾਨ ਵੇਚਣ ਵਾਲੇ ਲੰਮੀ ਉਡੀਕ ਕਰਨਗੇ ਅਤੇ ਵਿਕਰੀ ਲਈ ਆਉਣ ਵਾਲੇ ਮਕਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਸਕਦੀ ਹੈ।
2 ਸਾਲ ਦੀ ਸੰਕੇਤਕ ਸਜ਼ਾ ਵੀ ਸੁਣਾਈ
ਇਸੇ ਦੌਰਾਨ ਬੀ.ਸੀ. ਦੇ ਹਾਊਸਿੰਗ ਮੰਤਰੀ ਰਵੀ ਕਾਹਲੋਂ ਨੇ ਦੱਸਿਆ ਕਿ ਮਕਾਨ ਖਰੀਦਣ ਤੋਂ 18 ਮਹੀਨੇ ਦੇ ਅੰਦਰ ਵੇਚਣ ਵਾਲਿਆਂ ਨੂੰ 10 ਫੀ ਸਦੀ ਟੈਕਸ ਦੇਣਾ ਹੋਵੇਗਾ ਜਦਕਿ ਦੋ ਸਾਲ ਬਾਅਦ ਕੋਈ ਟੈਕਸ ਲਾਗੂ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਰੀਅਲ ਅਸਟੇਟ ਬਾਜ਼ਾਰ ਵਿਚ ਤੇਜ਼ੀ ਦੇ ਕਿਆਸੇ ਲਾਉਂਦਿਆਂ ਇਕੋ ਵੇਲੇ ਕਈ ਮਕਾਨ ਖਰੀਦਣ ਦਾ ਯਤਨ ਕਰਦੇ ਹਨ ਜਿਸ ਦੇ ਸਿੱਟੇ ਵਜੋਂ ਵਾਜਬ ਕੀਮਤ ’ਤੇ ਮਕਾਨ ਖਰੀਦਣ ਦੇ ਇੱਛਕ ਲੋਕ ਵਾਂਝੇ ਰਹਿ ਜਾਂਦੇ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਸਾਲ 2019 ਤੋਂ 2021 ਦਰਮਿਆਨ ਵੇਚੇ ਗਏ ਕੁਲ ਮਕਾਨਾਂ ਵਿਚੋਂ 2.8 ਫੀ ਸਦੀ ਮੁਨਾਫ਼ਾ ਵਸੂਲੀ ਦਾ ਨਤੀਜਾ ਸਨ ਅਤੇ ਇਸ ਦੌਰਾਨ ਘਰਾਂ ਦੀਆਂ ਕੀਮਤਾਂ ਵਿਚ 5.4 ਫੀ ਸਦੀ ਵਾਧਾ ਹੋਇਆ।