ਕੈਨੇਡਾ ਦੇ ਸ਼ਹਿਰਾਂ ਵਿਚ ਧਾਰਮਿਕ ਥਾਵਾਂ ਨੇੜੇ ਮੁਜ਼ਾਹਰਿਆਂ ’ਤੇ ਲੱਗੇਗੀ ਪਾਬੰਦੀ!
ਬਰੈਂਪਟਨ ਵਿਖੇ ਮੰਦਰ ਅਤੇ ਗੁਰਦਵਾਰੇ ਦੇ ਬਾਹਰ ਹਿੰਸਕ ਰੋਸ ਵਿਖਾਵਿਆਂ ਮਗਰੋਂ ਕੈਨੇਡਾ ਵਿਚ ਧਾਰਮਿਕ ਥਾਵਾਂ ਅਤੇ ਸਕੂਲਾਂ ਨੇੜੇ ਮੁਜ਼ਾਹਰਿਆਂ ਉਤੇ ਮੁਕੰਮਲ ਰੋਕ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।;
ਟੋਰਾਂਟੋ : ਬਰੈਂਪਟਨ ਵਿਖੇ ਮੰਦਰ ਅਤੇ ਗੁਰਦਵਾਰੇ ਦੇ ਬਾਹਰ ਹਿੰਸਕ ਰੋਸ ਵਿਖਾਵਿਆਂ ਮਗਰੋਂ ਕੈਨੇਡਾ ਵਿਚ ਧਾਰਮਿਕ ਥਾਵਾਂ ਅਤੇ ਸਕੂਲਾਂ ਨੇੜੇ ਮੁਜ਼ਾਹਰਿਆਂ ਉਤੇ ਮੁਕੰਮਲ ਰੋਕ ਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਧਾਰਮਿਕ ਥਾਵਾਂ, ਸਕੂਲਾਂ, ਚਾਈਲਡ ਕੇਅਰ ਸੈਂਟਰਾਂ ਜਾਂ ਹਸਪਤਾਲਾਂ ਦੇ 100 ਮੀਟਰ ਦਾਇਰੇ ਵਿਚ ਵਿਖਾਵਾ ਕਰਨ ’ਤੇ ਪਾਬੰਦੀ ਲਾਉਂਦਾ ਬਾਇਲਾਅ ਪਾਸ ਵੀ ਕੀਤਾ ਜਾ ਚੁੱਕਾ ਹੈ ਜਦਕਿ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਇਸੇ ਕਿਸਮ ਦਾ ਕਾਨੂੰਨ ਲਾਗੂ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਕਈ ਕੌਂਸਲਰ ਕੈਂਪ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।
ਵੌਅਨ ਸ਼ਹਿਰ ਨੇ 5 ਮਹੀਨੇ ਪਹਿਲਾਂ ਲਾਗੂ ਕੀਤਾ ਬਾਇਲਾਅ
ਵੌਅਨ ਦੇ ਮੇਅਰ ਸਟੀਵਨ ਡੈਲ ਡੁਕਾ ਨੇ ਦੱਸਿਆ ਕਿ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਵੌਅਨ, ਕੈਨੇਡਾ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਵਾਂ ਬਾਇਲਾਅ ਸ਼ਾਂਤਮਈ ਇਕੱਠ ਜਾਂ ਰੋਸ ਵਿਖਾਵਿਆਂ ’ਤੇ ਮੁਕੰਮਲ ਰੋਕ ਨਹੀਂ ਲਾਉਂਦਾ। ਉਨ੍ਹਾਂ ਕਿਹਾ ਕਿ ਜੇ ਕੋਈ ਜਥੇਬੰਦੀ ਜਾਂ ਲੋਕਾਂ ਦਾ ਸਮੂਹ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰਨਾ ਚਾਹੁੰਦਾ ਹੈ ਤਾਂ ਕਿਸੇ ਨੂੰ ਵੀ ਜ਼ਬਰਦਸਤੀ ਰੋਕਿਆ ਨਹੀਂ ਜਾਵੇਗਾ ਪਰ ਦੂਜੇ ਪਾਸੇ ਬੋਲਣ ਦੀ ਆਜ਼ਾਦੀ ਵਰਗੇ ਹੱਕਾਂ ’ਤੇ ਪਹਿਰਾ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਵੀ ਕਦਮ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਦਾ ਹੈ। ਟੋਰਾਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਦੇ ਸੈਂਟਰ ਫੌਰ ਫ੍ਰੀ ਐਕਸਪ੍ਰੈਸ਼ਨ ਦੇ ਡਾਇਰੈਕਟਰ ਜੇਮਜ਼ ਟਰਕ ਨੇ ਕਿਹਾ ਕਿ ਅਜਿਹੇ ਕਾਨੂੰਨਾਂ ਦੀ ਕੋਈ ਜ਼ਰੂਰਤ ਨਹੀਂ ਜਦੋਂ ਪੂਰੇ ਮੁਲਕ ਵਿਚ ਹਿੰਸਾ ਭੜਕਾਉਣਾ ਜਾਂ ਇਸ ਵਿਚ ਸ਼ਾਮਲ ਹੋਣਾ ਅਪਰਾਧਕ ਹਰਕਤਾਂ ਮੰਨੀਆਂ ਜਾਂਦੀਆਂ ਹਨ। ਉਨ੍ਹਾਂ ਹੈਰਾਨੀ ਭਰੇ ਲਹਿਜ਼ੇ ਵਿਚ ਸਵਾਲ ਕੀਤਾ ਕਿ ਵੌਅਨ ਦੇ ਮਿਊਂਸਪਲ ਬਾਇਲਾਅ ਵਿਚ ਕਿਹੜੀ ਨਵੀਂ ਤਬਦੀਲੀ ਕੀਤੀ ਗਈ ਹੈ ਜਾਂ ਕੁਝ ਨਵਾਂ ਸ਼ਾਮਲ ਕੀਤਾ ਗਿਆ ਹੈ। ਇਸ ਦੇ ਜਵਾਬ ਵਿਚ ਸਟੀਵਨ ਡੈਲ ਡੁਕਾ ਨੇ ਕਿਹਾ ਕਿ ਜੂਨ ਵਿਚ ਨਵਾਂ ਬਾਇਲਾਅ ਲਿਆਂਦੇ ਜਾਣ ਮਗਰੋਂ ਸ਼ਹਿਰ ਵਿਚ ਕੋਈ ਵੱਡਾ ਰੋਸ ਵਿਖਾਵਾ ਨਹੀਂ ਹੋਇਆ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਨਵਾਂ ਬਾਇਲਾਅ ਵਰਤਣ ਦੀ ਕਦੇ ਜ਼ਰੂਰਤ ਹੀ ਨਾ ਪਵੇ।
ਬਰੈਂਪਟਨ ਅਤੇ ਔਟਵਾ ਸਿਟੀ ਕੌਂਸਲ ਵੱਲੋਂ ਵੀ ਕੀਤਾ ਜਾ ਰਿਹਾ ਵਿਚਾਰ
ਦੱਸ ਦੇਈਏ ਕਿ ਔਟਵਾ ਸਿਟੀ ਕੌਂਸਲ ਵੀ ਇਸੇ ਕਿਸਮ ਦੇ ਉਪ ਕਾਨੂੰਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ ਕਰ ਰਹੀ ਹੈ। ਇਸੇ ਦੌਰਾਨ ਜੇਮਜ਼ ਟਰਕ ਨੇ ਕਿਹਾ ਕਿ ਜੇ ਉਨਟਾਰੀਓ ਜਾਂ ਕੈਨੇਡਾ ਦੇ ਹੋਰਨਾਂ ਰਾਜਾਂ ਦੇ ਸ਼ਹਿਰ ਵੌਅਨ ਵਰਗਾ ਕਾਨੂੰਨ ਲਿਆਉਣ ’ਤੇ ਵਿਚਾਰ ਕਰ ਰਹੇ ਹਨ ਤਾਂ ਉਨ੍ਹਾਂ ਚਾਰਟਰ ਆਫ਼ ਰਾਈਟਸ ਵੀ ਪੜ੍ਹ ਲੈਣਾ ਚਾਹੀਦਾ ਹੈ ਜੋ ਲੋਕਾਂ ਨੂੰ ਰੋਸ ਵਿਖਾਵੇ ਕਰਨ ਦਾ ਕਾਨੂੰਨੀ ਹੱਕ ਮੁਹੱਈਆ ਕਰਵਾਉਂਦਾ ਹੈ। ਉਧਰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਟਵੀਟ ਕੀਤੇ ਬਿਆਨ ਵਿਚ ਕਿਹਾ ਗਿਆ ਕਿ ਸੁਰੱਖਿਆ ਏਜੰਸੀਆਂ ਵੱਲੋਂ ਕੈਂਪ ਪ੍ਰਬੰਧਕਾਂ ਲਈ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਜਾਣ ਤੋਂ ਅਸਮਰੱਥ ਹੋਣ ਦਾ ਜ਼ਿਕਰ ਕੀਤੇ ਜਾਣ ਮਗਰੋਂ ਕੁਝ ਕੈਂਪਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ। ਕੌਂਸਲੇਟ ਦਾ ਬਿਆਨ ਆਉਣ ਤੋਂ ਪਹਿਲਾਂ ਉਨਟਾਰੀਓ ਗੁਰਦਵਾਰਾਜ਼ ਕਮੇਟੀ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਹਿੰਦੂ ਸਭਾ ਮੰਦਰ ਦੇ ਬਾਹਰ ਕੀਤਾ ਗਿਆ ਰੋਸ ਵਿਖਾਵਾ ਕਿਸੇ ਧਰਮ ਵਿਰੁੱਧ ਨਹੀਂ ਸਗੋਂ ਅੰਦਰ ਮੌਜੂਦ ਕੌਂਸਲਰ ਅਧਿਕਾਰੀਆਂ ਵਿਰੁੱਧ ਸੀ।