ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦਾ ਪੁਜਾਰੀ ਬਹਾਲ
ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵੱਲੋਂ ਪਿਛਲੇ ਦਿਨੀਂ ਭੜਕਾਊ ਬਿਆਨਬਾਜ਼ੀ ਕਰਨ ਦੇ ਦੋਸ਼ ਹੇਠ ਮੁਅੱਤਲ ਕੀਤੇ ਪੁਜਾਰੀ ਰਾਜਿੰਦਰ ਪ੍ਰਸਾਦ ਨੂੰ ਬਹਾਲ ਕਰ ਦਿਤਾ ਗਿਆ ਹੈ।
ਬਰੈਂਪਟਨ : ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵੱਲੋਂ ਪਿਛਲੇ ਦਿਨੀਂ ਭੜਕਾਊ ਬਿਆਨਬਾਜ਼ੀ ਕਰਨ ਦੇ ਦੋਸ਼ ਹੇਠ ਮੁਅੱਤਲ ਕੀਤੇ ਪੁਜਾਰੀ ਰਾਜਿੰਦਰ ਪ੍ਰਸਾਦ ਨੂੰ ਬਹਾਲ ਕਰ ਦਿਤਾ ਗਿਆ ਹੈ। ਮੰਦਰ ਦੇ ਪ੍ਰਧਾਨ ਮਧੂਸੂਦਨ ਲਾਮਾ ਵੱਲੋਂ ਜਾਰੀ ਬਿਆਨ ਮੁਤਾਬਕ ਪੁਜਾਰੀ ਰਾਜਿੰਦਰ ਪ੍ਰਸਾਦ ਪਹਿਲਾਂ ਕਦੇ ਵੀ ਅਜਿਹੀਆਂ ਸਰਗਰਮੀਆਂ ਵਿਚ ਸ਼ਾਮਲ ਨਹੀਂ ਹੋਇਆ ਜਿਸ ਦੇ ਮੱਦੇਨਜ਼ਰ ਰਾਜਿੰਦਰ ਪ੍ਰਸਾਦ ਨੂੰ ਬਹਾਲ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਹਿੰਦੂ ਸਭਾ ਵੰਨ-ਸੁਵੰਨੇ ਸਭਿਆਚਾਰਕ ਪਿਛੋਕੜ ਵਾਲੇ ਕੈਨੇਡੀਅਨ ਸਮਾਜ ਨਾਲ ਏਕਤਾ ਅਤੇ ਸ਼ਾਂਤਮਾਈ ਸਬੰਧ ਕਾਇਮ ਰੱਖਣ ਲਈ ਵਚਨਬੱਧ ਹੈ।
ਭੜਕਾਊ ਬਿਆਨਬਾਜ਼ੀ ਕਰਨ ਦੇ ਦੋਸ਼ ਹੇਠ ਕੀਤਾ ਸੀ ਮੁਅੱਤਲ
ਹਿੰਦੂ ਸਭਾ ਮੰਦਰ ਦੀ ਇਹ ਕਾਰਵਾਈ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪੀਲ ਰੀਜਨਲ ਪੁਲਿਸ ਟੋਰਾਂਟੋ ਦੇ ਰਣੇਂਦਰ ਲਾਲ ਬੈਨਰਜੀ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕਰ ਚੁੱਕੀ ਹੈ ਅਤੇ ਦੋ ਹੋਰਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ‘ਦਾ ਟਾਈਮਜ਼ ਆਫ਼ ਇੰਡੀਆ’ ਦੀ ਰਿਪੋਰਟ ਮੁਤਾਬਕ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਵੱਲੋਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਉਤੇ ਵੀ ਉਂਗਲ ਚੁੱਕੀ ਜਾ ਰਹੀ ਹੈ। ਇਸੇ ਦੌਰਾਨ ਹਿੰਦੂ ਅਮੈਰਿਕਨ ਫਾਊਂਡੇਸ਼ਨ ਵੱਲੋਂ ਨਿਊ ਯਾਰਕ ਦੇ ਟਾਈਮਜ਼ ਸੁਕੇਅਰ ਦੀਆਂ ਸੜਕਾਂ ਤੋਂ ਲੰਘਦੇ ਇਕ ਟਰੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਸਿੱਖ ਅਸੈਂਬਲੀ ਆਫ਼ ਅਮੈਰਿਕਾ ਵੱਲੋਂ ਇਹ ਟਰੱਕ 1984 ਦੀ ਸਿੱਖ ਨਸਲਕੁਸ਼ੀ ਦੀ 40ਵੀਂ ਬਰਸੀ ਮੌਕੇ ਨਿਊ ਯਾਰਕ ਵਿਚ ਚਲਾਇਆ ਗਿਆ ਪਰ ਹਿੰਦੂ ਅਮੈਰਿਕਨ ਫਾਊਂਡੇਸ਼ਨ ਦਾ ਕਹਿਣਾ ਹੈ ਕਿ ਇਹ ਖਾਲਿਸਤਾਨ ਹਮਾਇਤੀ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਹਰਕਤ ਹੈ।