ਕੈਨੇਡਾ ਵਿਚ ਸਿੱਖ ਨੌਜਵਾਨ ਦੇ ਕਤਲ ’ਤੇ ਹੋਣ ਲੱਗੀ ਸਿਆਸਤ

ਕੈਨੇਡਾ ਵਿਚ ਸਿੱਖ ਨੌਜਵਾਨ ਹਰਸ਼ਾਨਦੀਪ ਸਿੰਘ ਕਤਲ ਮਾਮਲੇ ’ਤੇ ਸਿਆਸਤ ਸ਼ੁਰੂ ਹੋ ਚੁੱਕੀ ਹੈ

Update: 2024-12-09 13:45 GMT

ਐਡਮਿੰਟਨ : ਕੈਨੇਡਾ ਵਿਚ ਸਿੱਖ ਨੌਜਵਾਨ ਹਰਸ਼ਾਨਦੀਪ ਸਿੰਘ ਕਤਲ ਮਾਮਲੇ ’ਤੇ ਸਿਆਸਤ ਸ਼ੁਰੂ ਹੋ ਚੁੱਕੀ ਹੈ ਅਤੇ ਕੰਜ਼ਰਵੇਟਿਵ ਪਾਰਟੀ ਦੇ ਉਪ ਲਾਗੂ ਟਿਮ ਉਪਲ ਨੇ ਦੋਸ਼ ਲਾਇਆ ਹੈ ਕਿ ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਜ਼ਮਾਨਤ ’ਤੇ ਬਾਹਰ ਆਏ ਅਪਰਾਧੀ ਸੈਂਕੜੇ ਕਤਲ ਕਰ ਚੁੱਕੇ ਹਨ। ਟਿਮ ਉਪਲ ਵੱਲੋਂ ਜਾਰੀ ਬਿਆਨ ਮੁਤਾਬਕ 2022 ਵਿਚ ਜ਼ਮਾਨਤ ’ਤੇ ਬਾਹਰ ਆਉਣ ਵਾਲਿਆਂ ਨੇ 256 ਕਤਲ ਕੀਤੇ। ਇਥੇ ਦਸਣਾ ਬਣਦਾ ਹੈ ਕਿ ਐਡਮਿੰਟਨ ਦੀ ਇਕ ਇਮਾਰਤ ਵਿਚ ਸਕਿਉਰਿਟੀ ਗਾਰਡ ਵਜੋਂ ਤੈਨਾਤ ਹਰਸ਼ਾਨਦੀਪ ਸਿੰਘ ਦਾ ਜ਼ਮਾਨਤ ’ਤੇ ਬਾਹਰ ਆਏ ਇਵਾਨ ਰੇਨ ਅਤੇ ਜੂਡਿਥ ਸਾਲਟੋ ਨੇ ਕਥਿਤ ਤੌਰ ’ਤੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ।

ਜ਼ਮਾਨਤ ’ਤੇ ਬਾਹਰ ਆਏ ਅਪਰਾਧੀਆਂ ਨੇ ਕੀਤੇ 256 ਕਤਲ : ਟਿਮ ਉਪਲ

ਟਿਮ ਉਪਲ ਨੇ ਕਿਹਾ ਕਿ ਹਰਸ਼ਾਨਦੀਪ ਸਿੰਘ ਦੇ ਪਰਵਾਰ ਦਾ ਦੁੱਖ ਕੋਈ ਬਿਆਨ ਨਹੀਂ ਕਰ ਸਕਦਾ ਅਤੇ ਮੁਸ਼ਕਲ ਦੀ ਇਸ ਘੜੀ ਦੌਰਾਨ ਅਸੀਂ ਪ੍ਰਮਾਤਮਾ ਅੱਗੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੇ ਹਾਂ। ਟਿਮ ਉਪਲ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਇਵਾਨ ਰੇਨ ਦਾ ਲੰਮਾ ਅਪਰਾਧਕ ਪਿਛੋਕੜ ਹੈ। ਕੈਨੇਡੀਅਨ ਮੂਲ ਬਾਸ਼ਿੰਦਿਆਂ ਦੇ ਇਕ ਕਬੀਲੇ ਨਾਲ ਸਬੰਧਤ ਇਵਾਨ ਰੇਨ ਵਿਰੁੱਧ 2018 ਵਿਚ ਹਥਿਆਰ ਦੀ ਨੋਕ ’ਤੇ ਅਗਵਾ ਦੇ ਦੋਸ਼ ਲੱਗੇ ਜਦਕਿ 2022 ਵਿਚ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨਾਲ ਸਬੰਧਤ 29 ਦੋਸ਼ ਆਇਦ ਕੀਤੇ ਗਏ। ਇਵਾਨ ਰੇਲ ਉਤੇ ਹਥਿਆਰ ਰੱਖਣ ਦੀ ਪਾਬੰਦੀ ਲੱਗੀ ਹੋਈ ਸੀ ਪਰ ਵਾਰਦਾਤ ਵਾਲੀ ਰਾਤ ਹਰਸ਼ਾਨਦੀਪ ਸਿੰਘ ਗੋਲੀਆਂ ਦਾ ਸ਼ਿਕਾਰ ਬਣਿਆ। ਕੰਜ਼ਰਵੇਟਿਵ ਪਾਰਟੀ ਦੇ ਉਪ ਲਾਗੂ ਨੇ ਫਰੇਜ਼ਰ ਇੰਸਟੀਚਿਊਟ ਦੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੈਨੇਡਾ ਵਿਚ ਹਿੰਸਕ ਅਪਰਾਧਾਂ ਦੀ ਦਰ ਅਮਰੀਕਾ ਤੋਂ 14 ਫੀ ਸਦੀ ਵਧ ਚੁੱਕੀ ਹੈ ਅਤੇ ਲਿਬਰਲ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਗੰਨ ਵਾਇਲੈਂਸ ਵਿਚ 116 ਫੀ ਸਦੀ ਵਾਧਾ ਹੋਇਆ ਹੈ। ਟਿਮ ਉਪਲ ਨੇ ਦਾਅਵਾ ਕੀਤਾ ਕਿ ਨਿਆਂ ਪ੍ਰਣਾਲੀ ਦੀ ਅਸਲਫ਼ਤਾ ਕਾਰਨ ਹੀ ਹਰਸ਼ਾਨਦੀਪ ਸਿੰਘ ਦੀ ਜਾਨ ਗਈ। ਇਹ ਸਿਰਫ਼ ਇਕ ਮਾਮਲਾ ਹੈ ਅਤੇ ਅਜਿਹੇ ਪਤਾ ਨਹੀਂ ਕਿੰਨੇ ਮਾਮਲੇ ਹੋਰ ਸਾਹਮਣੇ ਆ ਚੁੱਕੇ ਹਨ। ਹੁਣ ਬਹੁਤ ਹੋ ਚੁੱਕਾ, ਕੈਨੇਡਾ ਦੇ ਲੋਕ ਸੁਰੱਖਿਅਤ ਮਾਹੌਲ ਵਿਚ ਰਹਿਣਾ ਚਾਹੁੰਦੇ ਹਨ ਅਤੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੀ ਮੁਲਕ ਦੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਮਾਹੌਲ ਦੇ ਸਕਦੀ ਹੈ।

ਅੰਬਾਲਾ ਦੇ ਪਿੰਡ ਮਟਹੇੜੀ ਜੱਟਾਂ ਨਾਲ ਸਬੰਧਤ ਸੀ ਹਰਸ਼ਾਨਦੀਪ ਸਿੰਘ

ਉਧਰ ਐਡਮਿੰਟਨ ਦੇ ਇਮਾਰਤ ਵਿਚ ਰਹਿੰਦੇ ਲੋਕਾਂ ਨੇ ਕਿਹਾ ਕਿ ਹਰਸ਼ਾਨਦੀਪ ਸਿੰਘ ਬਹੁਤ ਚੰਗਾ ਮੁੰਡਾ ਸੀ ਅਤੇ ਉਸ ਦੀਆਂ ਸੇਵਾਵਾਂ ਤੋਂ ਇਮਾਰਤ ਵਿਚ ਰਹਿੰਦਾ ਹਰ ਪਰਵਾਰ ਖੁਸ਼ ਸੀ। ਹਰਸ਼ਾਨਦੀਪ ਸਿੰਘ ਨੇ ਕਦੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਾ ਦਿਤਾ। ਇਸੇ ਦੌਰਾਨ ਐਡਮਿੰਟਨ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ 780 423 4567 ’ਤੇ ਕਾਲ ਕਰ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ। 

Tags:    

Similar News