ਬੀ.ਸੀ. ਵਿਚ ਛੁਰੇਬਾਜ਼ੀ, ਸਾਊਥ ਏਸ਼ੀਅਨ ਦੀ ਭਾਲ ਕਰ ਰਹੀ ਪੁਲਿਸ

ਬੀ.ਸੀ. ਦੇ ਸਰੀ ਵਿਖੇ ਐਤਵਾਰ ਸਵੇਰੇ ਦੋ ਜਨਤਕ ਥਾਵਾਂ ’ਤੇ ਲੋਕਾਂ ਉਤੇ ਛੁਰੇ ਨਾਲ ਹਮਲਾ ਕਰਨ ਵਾਲੇ ਸਾਊਥ ਏਸ਼ੀਅਨ ਦੀ ਪੁਲਿਸ ਸਰਗਰਮੀ ਨਾਲ ਭਾਲ ਕਰ ਰਹੀ ਹੈ।;

Update: 2025-02-10 12:58 GMT

ਸਰੀ : ਬੀ.ਸੀ. ਦੇ ਸਰੀ ਵਿਖੇ ਐਤਵਾਰ ਸਵੇਰੇ ਦੋ ਜਨਤਕ ਥਾਵਾਂ ’ਤੇ ਲੋਕਾਂ ਉਤੇ ਛੁਰੇ ਨਾਲ ਹਮਲਾ ਕਰਨ ਵਾਲੇ ਸਾਊਥ ਏਸ਼ੀਅਨ ਦੀ ਪੁਲਿਸ ਸਰਗਰਮੀ ਨਾਲ ਭਾਲ ਕਰ ਰਹੀ ਹੈ। ਸਰੀ ਪੁਲਿਸ ਨੇ ਦੱਸਿਆ ਕਿ ਬਗੈਰ ਕਿਸੇ ਭੜਕਾਹਟ ਤੋਂ ਕੀਤੇ ਗਏ ਹਮਲਿਆਂ ਦੌਰਾਨ ਜ਼ਖਮੀ ਇਕ ਸ਼ਖਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੁਲਿਸ ਮੁਤਾਬਕ ਪਹਿਲੀ ਵਾਰਦਾਤ 9 ਫ਼ਰਵਰੀ ਨੂੰ ਸਵੇਰੇ ਤਕਰੀਬਨ 11.30 ਵਜੇ 120 ਸਟ੍ਰੀਟ ਦੇ 6400 ਬਲਾਕ ਵਿਖੇ ਇਕ ਕਾਰੋਬਾਰੀ ਅਦਾਰੇ ਵਿਚ ਵਾਪਰੀ ਜਿਥੇ ਦੋ ਜਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਸ਼ੱਕੀ ਵੱਲੋਂ ਘਸੁੰਨ-ਮੁੱਕੇ ਚਲਾਉਣ ਤੋਂ ਇਲਾਵਾ ਹਥਿਆਰ ਦੀ ਵਰਤੋਂ ਵੀ ਕੀਤੀ ਗਈ ਅਤੇ ਵਾਰਦਾਤ ਮਗਰੋਂ ਫਰਾਰ ਹੋ ਗਿਆ।

ਪੀੜਤ ਨੂੰ ਬਚਾਉਂਦਿਆਂ ਜ਼ਖਮੀ ਹੋਇਆ ਗਾਹਕ

ਪੀੜਤਾਂ ਵਿਚੋਂ ਇਕ ਕਾਰੋਬਾਰੀ ਅਦਾਰੇ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਜਦਕਿ ਦੂਜਾ ਖਰੀਦਾਰੀ ਕਰਨ ਆਇਆ ਗਾਹਕ ਸੀ ਜਿਸ ਵੱਲੋਂ ਝਗੜਾ ਰੋਕਣ ਦਾ ਯਤਨ ਕੀਤਾ ਗਿਆ ਪਰ ਸ਼ੱਕੀ ਨੇ ਉਸ ਉਤੇ ਵੀ ਵਾਰ ਕਰਨੇ ਸ਼ੁਰੂ ਕਰ ਦਿਤੇ। ਕਾਰੋਬਾਰੀ ਅਦਾਰੇ ਦੇ ਮੁਲਾਜ਼ਮ ਨੂੰ ਬਚਾਉਣ ਦੇ ਯਤਨ ਦੌਰਾਨ ਗਾਹਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਰੀ ਪੁਲਿਸ ਨੇ ਅੱਗੇ ਦੱਸਿਆ ਕਿ ਸ਼ੱਕੀ ਨੂੰ 64 ਐਵੇਨਿਊ ਤੋਂ 121 ਸਟ੍ਰੀਟ ਵੱਲ ਜਾਂਦਿਆਂ ਦੇਖਿਆ ਗਿਆ ਜਿਸ ਦੀ ਉਮਰ ਤਕਰੀਬਨ 30 ਸਾਲ ਅਤੇ ਕੱਦ 6 ਫੁੱਟ 1 ਇੰਚ ਹੈ। ਉਸ ਦੇ ਵਾਲ ਕਾਲੇ ਅਤੇ ਵਾਰਦਾਤ ਵੇਲੇ ਉਸ ਨੇ ਹਲਕੇ ਜਾਮਣੀ ਰੰਗ ਦੀ ਹੂਡੀ ਪਹਿਨੀ ਹੋਈ ਸੀ ਜਦਕਿ ਚਿੱਟੇ ਸ਼ੂਜ਼ ਪਾਏ ਹੋਏ ਸਨ। ਸ਼ੱਕੀ ਕੋਲ ਛੁਰਾ ਹੋਣ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਜੋ ਪੀੜਤਾਂ ਨੂੰ ਬਿਲਕੁਲ ਨਹੀਂ ਜਾਣਦਾ ਸੀ।

ਸਰੀ ਦੇ ਰੈਸਟੋਰੈਂਟ ਵਿਚ ਕੁਰਸੀਆਂ ਚੱਲਣ ਦੀ ਵੀਡੀਓ ਵਾਇਰਲ

ਸਰੀ ਪੁਲਿਸ ਦੇ ਜਨਰਨ ਇਨਵੈਸਟੀਗੇਸ਼ਨ ਯੂਨਿਟ ਵੱਲੋਂ ਇਲਾਕੇ ਦਾ ਚੱਪਾ ਚੱਪਾ ਛਾਣ ਦਿਤਾ ਗਿਆ ਪਰ ਅੰਤਮ ਰਿਪੋਰਟ ਮਿਲਣ ਤੱਕ ਸ਼ੱਕੀ ਨੂੰ ਕਾਬੂ ਨਾ ਕੀਤਾ ਜਾ ਸਕਿਆ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 599 0502 ’ਤੇ ਸੰਪਰਕ ਕਰਦਿਆਂ ਫਾਈਲ 2025-11329 ਦਾ ਜ਼ਿਕਰ ਕਰੇ। ਗੁਪਤ ਤਰੀਕੇ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਜੇ ਕਿਸੇ ਨੂੰ ਸ਼ੱਕੀ ਨਜ਼ਰ ਆਏ ਤਾਂ ਉਸ ਦੇ ਨੇੜੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਤੁਰਤ 911 ’ਤੇ ਕਾਲ ਕਰਦਿਆਂ ਪੁਲਿਸ ਨੂੰ ਇਤਲਾਹ ਦਿਤੀ ਜਾਵੇ। ਦੂਜੇ ਪਾਸੇ ਸਰੀ ਦੇ ਇਕ ਰੈਸਟੋਰੈਂਟ ਵਿਚ ਕੁਰਸੀਆਂ ਚੱਲਣ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਦੱਸਿਆ ਕਿ ਸਲੀਵਨ ਹਾਈਟਸ ਸੈਕੰਡਰੀ ਸਕੂਲ ਨੇੜੇ ਵਾਪਰੀ ਵਾਰਦਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿਤੀ ਗਈ ਜਿਸ ਵਿਚ ਕੁਰਸੀ ’ਤੇ ਬੈਠੇ ਨੌਜਵਾਨ ਨੂੰ ਨਿਸ਼ਾਨਾ ਬਣਾਉਣ ਦੀ ਹਿੰਸਕ ਘਟਨਾ ਦੇਖੀ ਜਾ ਸਕਦੀ ਹੈ। ਸਰੀ ਪੁਲਿਸ ਦੇ ਬੁਲਾਰੇ ਇਆਨ ਮੈਕਡੌਨਲਡ ਨੇ ਕਿਹਾ ਕਿ ਦਿਲ ਦਹਿਲਾਉਣ ਵਾਲੀ ਵੀਡੀਓ ਵਿਚ ਸ਼ੱਕੀ ਨੂੰ ਕੁਰਸੀ ਚੁੱਕ ਕੇ ਮਾਰਦਿਆਂ ਦੇਖਿਆ ਜਾ ਸਕਦਾ ਹੈ। ਹਮਲੇ ਦਾ ਸ਼ਿਕਾਰ ਬਣੇ ਪੀੜਤ ਦੀ ਅੱਖ ਕਾਲੀ ਹੋ ਗਈ ਅਤੇ ਚਿਹਰੇ ’ਤੇ ਜ਼ਖਮਾਂ ਦੇ ਨਿਸ਼ਾਨ ਨਜ਼ਰ ਆ ਰਹੇ ਸਨ। ਮੈਕਡੌਨਲਡ ਨੇ ਅੱਗੇ ਕਿਹਾ ਕਿ ਮੌਕੇ ’ਤੇ ਮੌਜੂਦ ਕਈ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਹਮਲਾਵਰ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। 

Tags:    

Similar News