ਕੈਨੇਡਾ ਦੇ 3 ਰਾਜਾਂ ਦੀ ਪੁਲਿਸ ਨੇ ਬਰਾਮਦ ਕੀਤਾ 8 ਲੱਖ ਡਾਲਰ ਦਾ ਨਸ਼ਾ
ਕੈਨੇਡਾ ਦੇ ਤਿੰਨ ਰਾਜਾਂ ਦੀ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ 8 ਲੱਖ ਡਾਲਰ ਮੁੱਲ ਦੀ ਮੈਥਮਫੈਟਾਮਿਨ ਬਰਾਮਦ ਕੀਤੀ ਗਈ ਹੈ।
ਐਡਮਿੰਟਨ : ਕੈਨੇਡਾ ਦੇ ਤਿੰਨ ਰਾਜਾਂ ਦੀ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਕਾਰਵਾਈ ਦੌਰਾਨ 8 ਲੱਖ ਡਾਲਰ ਮੁੱਲ ਦੀ ਮੈਥਮਫੈਟਾਮਿਨ ਬਰਾਮਦ ਕੀਤੀ ਗਈ ਹੈ। ਐਲਬਰਟਾ ਲਾਅ ਐਨਫੋਰਸਮੈਂਟ ਰਿਸਪੌਂਸ ਟੀਮ ਨੇ ਦੱਸਿਆ ਕਿ ਇਕ ਟ੍ਰੈਫਿਕ ਸਟੌਪ ’ਤੇ ਗੱਡੀ ਵਿਚੋਂ 20 ਕਿਲੋ ਮੈਥਮਫੈਟਾਮਿਨ ਜ਼ਬਤ ਕੀਤੇ ਜਾਣ ਮਗਰੋਂ ਵੱਡੀ ਬਰਾਮਦਗੀ ਦਾ ਰਾਹ ਪੱਧਰਾ ਹੋਇਆ ਅਤੇ ਇਸ ਦੌਰਾਨ ਐਡਮਿੰਟਨ ਦੇ ਦੋ ਘਰਾਂ ਵਿਚ ਛਾਪੇ ਵੀ ਮਾਰੇ ਗਏ।
ਐਲਬਰਟਾ ਵਿਚ ਟ੍ਰੈਫਿਕ ਸਟੌਪ ਦੌਰਾਨ ਬਰਾਮਦਗੀ ਤੋਂ ਸ਼ੁਰੂ ਹੋਇਆ ਮਾਮਲਾ
ਇੰਸਪੈਕਟਰ ਐਂਜਲਾ ਕੈਂਪ ਨੇ ਸਸਕੈਚਵਨ ਅਤੇ ਮੈਨੀਟੋਬਾ ਪੁਲਿਸ ਮਹਿਕਮਿਆਂ ਦੀ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਵੱਲੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕਰਨ ਵਿਚ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ 8 ਲੱਖ ਡਾਲਰ ਦੀ ਮੈਥਮਫੈਟਾਮਿਨ ਤੋਂ ਇਲਾਵਾ ਤਿੰਨ ਕਿਲੋ ਤੋਂ ਵੱਧ ਕੋਕੀਨ, 700 ਗ੍ਰਾਮ ਕੋਕੀਨ ਬਫਿੰਗ ਏਜੰਟ, 23 ਗਰਾਮ ਫੈਂਟਾਨਿਲ, ਇਕ ਨਾਜਾਇਜ਼ ਹੈਂਡਗੰਨ ਅਤੇ 31 ਹਜ਼ਾਰ ਡਾਲਰ ਤੋਂ ਵੱਧ ਨਕਦ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਮੰਗਲਵਾਰ ਤੱਕ ਇਨ੍ਹਾਂ ਵਿਰੁੱਧ ਕੋਈ ਦੋਸ਼ ਆਇਦ ਨਹੀਂ ਸੀ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਐਲਬਰਟਾ ਲਾਅ ਐਨਫੋਰਸਮੈਂਟ ਰਿਸਪੌਂਸ ਟੀਮ ਨੂੰ ਸੂਹ ਮਿਲੀ ਸੀ ਕਿ ਨਸ਼ਿਆਂ ਦੀ ਵੱਡੀ ਖੇਪ ਆਉਣ ਵਾਲੀ ਜਿਸ ਦੇ ਆਧਾਰ ’ਤੇ ਮੁਸਤੈਦੀ ਵਧਾ ਦਿਤੀ ਗਈ।