ਕੈਨੇਡਾ ਦੀ ਇਤਿਹਾਸਕ ਜ਼ਿਮਨੀ ਚੋਣ ਵਿਚ ਪੌਇਲੀਐਵ ਜੇਤੂ
ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਐਲਬਰਟਾ ਦੀ ਜ਼ਿਮਨੀ ਚੋਣ ਵਿਚ ਜਿੱਤ ਦਰਜ ਕਰਦਿਆਂ ਹਾਊਸ ਆਫ਼ ਕਾਮਨਜ਼ ਵਿਚ ਮੁੜ ਆਪਣੀ ਸੀਟ ਪੱਕੀ ਕਰ ਲਈ।
ਕੈਲਗਰੀ : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਐਲਬਰਟਾ ਦੀ ਜ਼ਿਮਨੀ ਚੋਣ ਵਿਚ ਜਿੱਤ ਦਰਜ ਕਰਦਿਆਂ ਹਾਊਸ ਆਫ਼ ਕਾਮਨਜ਼ ਵਿਚ ਮੁੜ ਆਪਣੀ ਸੀਟ ਪੱਕੀ ਕਰ ਲਈ। ਬੈਟਲ ਰਿਵਰ-ਕ੍ਰੋਅਫੁਟ ਪਾਰਲੀਮਾਨੀ ਹਲਕੇ ਦਾ ਚੋਣ ਨਤੀਜਾ ਪਿਅਰੇ ਪੌਇਲੀਐਵ ਵਾਸਤੇ ਵੱਖਰੀ ਖੁਸ਼ੀਆਂ ਲੈ ਕੇ ਆਇਆ ਜਿਨ੍ਹਾਂ ਨੂੰ ਆਮ ਚੋਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਹਾਰ ਅਤੇ ਕਾਰਲਟਨ ਹਲਕੇ ਤੋਂ ਆਪਣੀ ਹਾਰ ਦਾ ਦੂਹਰਾ ਝਟਕਾ ਲੱਗਾ ਸੀ। ਕੈਮਰੋਜ਼ ਵਿਖੇ ਜੇਤੂ ਭਾਸ਼ਣ ਦੌਰਾਨ ਟੋਰੀ ਆਗੂ ਨੇ ਆਪਣੀ ਪਤਨੀ, ਸਾਬਕਾ ਐਮ.ਪੀ. ਡੈਮੀਅਨ ਕੁਰੇਕ ਅਤੇ ਬੈਟਲ ਰਿਵਰ-ਕ੍ਰੋਅਫੁਟ ਹਲਕੇ ਦੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ, ‘‘ਇਸ ਖਿਤੇ ਦੇ ਲੋਕਾਂ ਨੂੰ ਨੇੜਿਉਂ ਹੋ ਕੇ ਜਾਣਨ ਦਾ ਮੌਕਾ ਮਿਲਿਆ ਹੈ ਅਤੇ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।’’
ਸੰਸਦ ਵਿਚ ਪ੍ਰਧਾਨ ਮੰਤਰੀ ਨੂੰ ਘੇਰਨ ਲਈ ਤਿਆਰ ਬਰ ਤਿਆਰ
ਦੱਸ ਦੇਈਏ ਕਿ ਪਿਅਰ ਪੌਇਲੀਐਵ ਨੇ ਭਾਵੇਂ ਜ਼ਿਮਨੀ ਚੋਣ ਵਿਚ ਜਿੱਤ ਰਾਹੀਂ ਇਕ ਅੜਿੱਕਾ ਪਾਰ ਕਰ ਲਿਆ ਹੈ ਪਰ ਦੂਜਾ ਵੱਡਾ ਅੜਿੱਕਾ ਹਾਲੇ ਬਾਕੀ ਹੈ ਜੋ ਅਗਲੇ ਸਾਲ ਕੰਜ਼ਰਵੇਟਿਵ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਸਾਹਮਣੇ ਆਵੇਗਾ। ਚੋਣਾਂ ਵਿਚ ਹਾਰ ਦੇ ਮੱਦੇਨਜ਼ਰ ਕੰਜ਼ਰਵੇਟਿਵ ਪਾਰਟੀ ਇਸ ਗੱਲ ਦੀ ਸਮੀਖਿਆ ਕਰੇਗੀ ਕਿ ਪਾਰਟੀ ਦੀ ਵਾਗਡੋਰ ਪੌਇਲੀਐਵ ਦੇ ਹੱਥਾਂ ਵਿਚ ਹੀ ਰਹੇ ਜਾਂ ਨਵੇਂ ਸਿਰੇ ਤੋਂ ਆਗੂ ਚੁਣਿਆ ਜਾਵੇ। ਦੂਜੇ ਪਾਸੇ ਬੈਟਲ ਰਿਵਰ-ਕ੍ਰੋਅਫੁਟ ਹਲਕੇ ਦੀ ਇਤਿਹਾਸਕ ਚੋਣ ਹਾਰ ਦਾ ਮੂੰਹ ਦੇਖਣ ਵਾਲੇ 200 ਤੋਂ ਵੱਧ ਉਮੀਦਵਾਰਾਂ ਵਿਚੋਂ ਕੋਈ ਵੀ ਮੀਡੀਆ ਸਾਹਮਣੇ ਨਹੀਂ ਆਇਆ। ਕੈਨੇਡਾ ਦੇ ਕਿਸੇ ਇਕ ਪਾਰਲੀਮਾਨੀ ਹਲਕੇ ਵਿਚ ਸਭ ਤੋਂ ਵੱਧ ਉਮੀਦਵਾਰਾਂ ਦਾ ਪਿਛਲਾ ਰਿਕਾਰਡ ਕਾਰਲਟਨ ਵਿਚ ਹੀ ਬਣਿਆ ਜਿਥੇ 91 ਉਮੀਦਵਾਰ ਮੈਦਾਨ ਵਿਚ ਸਨ ਅਤੇ ਪੌਇਲੀਐਵ ਚੋਣ ਹਾਰ ਗਏ। ਔਟਵਾ ਦੇ ਨਾਲ ਲਗਦੇ ਕਾਰਲਟਨ ਹਲਕੇ ਤੋਂ 20 ਸਾਲ ਐਮ.ਪੀ. ਰਹਿਣ ਦੇ ਬਾਵਜੂਦ ਇਸ ਵਾਰ ਹਲਕੇ ਦੇ ਲੋਕਾਂ ਨੇ ਲਿਬਰਲ ਪਾਰਟੀ ਦੇ ਨਵੇਂ ਨਕੋਰ ਉਮੀਦਵਾਰ ’ਤੇ ਜ਼ਿਆਦਾ ਭਰੋਸਾ ਪ੍ਰਗਟਾਇਆ।
ਆਮ ਚੋਣਾਂ ਦੌਰਾਨ ਕਾਰਲਟਨ ਹਲਕੇ ਤੋਂ ਮਿਲੀ ਸੀ ਹਾਰ
ਬੈਟਲ ਰਿਵਰ-ਕ੍ਰੋਅਫੁਟ ਹਲਕੇ ਦੀ ਜਿੱਤ ਮਗਰੋਂ ਪਿਅਰੇ ਪੌਇਲੀਐਵ ਸੰਸਦ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸਿੱਧੇ ਸਵਾਲ ਕਰ ਸਕਣਗੇ ਜਦਕਿ ਹੁਣ ਤੱਕ ਉਹ ਪ੍ਰੈਸ ਕਾਨਫ਼ਰੰਸਾਂ ਰਾਹੀਂ ਆਪਣੀ ਰਾਏ ਜ਼ਾਹਰ ਕਰ ਸਕਣਗੇ। ਪੌਇਲੀਐਵ ਦਾ ਦੋਸ਼ ਹੈ ਕਿ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਕੈਨੇਡਾ ਨੂੰ 63 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਟੋਰੀ ਆਗੂ ਨੇ ਦਾਅਵਾ ਕੀਤਾ ਕਿ ਕੈਨੇਡਾ ਵਾਲਿਆਂ ਨੂੰ ਸੁਰੱਖਿਅਤ ਇਲਾਕਿਆਂ ਵਿਚ ਕਿਫਾਇਤੀ ਘਰ ਅਤੇ ਖੁਰਾਕੀ ਵਸਤਾਂ ਖਰੀਦਣ ਦੇ ਸਮਰੱਥ ਬਣਾਉਣ ਲਈ ਉਹ ਕਿਸੇ ਵੀ ਪਾਰਟੀ ਨਾਲ ਕੰਮ ਕਰਨ ਵਾਸਤੇ ਤਿਆਰ ਹਨ।