ਵੈਨਕੂਵਰ ਵਿਖੇ ਹਵਾਈ ਜਹਾਜ਼ ਅਤੇ ਕਿਸ਼ਤੀ ਦੀ ਟੱਕਰ, 2 ਜ਼ਖਮੀ
ਵੈਨਕੂਵਰ ਵਿਖੇ ਇਕ ਹਵਾਈ ਜਹਾਜ਼ ਅਤੇ ਕਿਸ਼ਤੀ ਦੀ ਟੱਕਰ ਚਰਚਾ ਮੁੱਦਾ ਬਣੀ ਹੋਈ ਹੈ ਅਤੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਪੜਤਾਲ ਕਰ ਰਿਹਾ ਹੈ। ਵੈਨਕੂਵਰ ਦੇ ਕੋਲ ਹਾਰਬਰ ’ਤੇ ਵਾਪਰੇ ਹਾਦਸੇ ਦੌਰਾਨ ਕਿਸ਼ਤੀ ਵਿਚ ਸਵਾਰ ਦੋ ਜਣੇ ਜ਼ਖਮੀ ਹੋ ਗਏ ਜਦਕਿ ਹਵਾਈ ਜਹਾਜ਼ ਵਿਚ ਸਵਾਰ ਚਾਰ ਮੁਸਾਫਰਾਂ ਦੇ ਮਾਮੂਲੀ ਸੱਟਾਂ ਵੱਜਣ ਦੀ ਰਿਪੋਰਟ ਹੈ।;
ਵੈਨਕੂਵਰ : ਵੈਨਕੂਵਰ ਵਿਖੇ ਇਕ ਹਵਾਈ ਜਹਾਜ਼ ਅਤੇ ਕਿਸ਼ਤੀ ਦੀ ਟੱਕਰ ਚਰਚਾ ਮੁੱਦਾ ਬਣੀ ਹੋਈ ਹੈ ਅਤੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਪੜਤਾਲ ਕਰ ਰਿਹਾ ਹੈ। ਵੈਨਕੂਵਰ ਦੇ ਕੋਲ ਹਾਰਬਰ ’ਤੇ ਵਾਪਰੇ ਹਾਦਸੇ ਦੌਰਾਨ ਕਿਸ਼ਤੀ ਵਿਚ ਸਵਾਰ ਦੋ ਜਣੇ ਜ਼ਖਮੀ ਹੋ ਗਏ ਜਦਕਿ ਹਵਾਈ ਜਹਾਜ਼ ਵਿਚ ਸਵਾਰ ਚਾਰ ਮੁਸਾਫਰਾਂ ਦੇ ਮਾਮੂਲੀ ਸੱਟਾਂ ਵੱਜਣ ਦੀ ਰਿਪੋਰਟ ਹੈ। ਹਾਦਸੇ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਵਿਚੋਂ ਉਡਾਣ ਭਰਨ ਵਾਲਾ ਹਵਾਈ ਜਹਾਜ਼ ਅਚਾਨਕ ਇਕ ਕਿਸ਼ਤੀ ਨਾਲ ਟਕਰਾਅ ਜਾਂਦਾ ਹੈ।
ਇਸ ਤੋਂ ਬਾਅਦ ਵੀ ਪਾਇਲਟ ਜਹਾਜ਼ ਨੂੰ ਉਡਾਉਣ ਦਾ ਯਤਨ ਕਰਦਾ ਹੈ ਪਰ ਸਫਲ ਨਹੀਂ ਹੁੰਦਾ। ਹਾਦਸੇ ਮਗਰੋਂ ਦੋ ਜਣਿਆਂ ਨੂੰ ਸਟ੍ਰੈਚਰ ’ਤੇ ਪਾ ਕੇ ਲਿਜਾਂਦਿਆਂ ਦੇਖਿਆ ਗਿਆ। ਪੋਰਟ ਵੈਨਕੂਵਰ ਦੇ ਬੁਲਾਰੇ ਅਰਪਣ ਰਾਣਾ ਨੇ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ ਕੈਨੇਡਾ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਮੌਜੂਦ ਲੋਕਾਂ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਪੁਲਿਸ ਤੋਂ ਵੀ ਮਦਦ ਮੰਗੀ ਗਈ ਹੈ।
ਹਵਾਈ ਜਹਾਜ਼ ਦਾ ਮਲਬਾ ਪਾਣੀ ਵਿਚੋਂ ਬਾਹਰ ਕੱਢ ਕੇ ਇਸ ਦੀ ਡੂੰਘਾਈ ਨਾਲ ਘੋਖ ਕੀਤੀ ਜਾਵੇਗੀ। ਹਾਦਸਾ ਵਾਪਰਦਿਆਂ ਹੀ ਕੈਨੇਡੀਅਨ ਕੋਸਟ ਗਾਰਡ ਵੱਲੋਂ ਪੋਰਟ ਅਧਿਕਾਰੀਆਂ ਅਤੇ ਐਮਰਜੰਸੀ ਕਾਮਿਆਂ ਨੂੰ ਇਤਲਾਹ ਦੇ ਦਿਤੀ ਗਈ ਜਿਸ ਮਗਰੋਂ ਕਈ ਕਿਸ਼ਤੀਆਂ ਮਦਦ ਵਾਸਤੇ ਪੁੱਜ ਗਈਆਂ। ਟ੍ਰਾਂਸਲਿੰਕ ਦੀ ਤਰਜਮਾਨ ਟੀਨਾ ਲਵਗਰੀਨ ਨੇ ਦੱਸਆ ਕਿ ਇਕ ਸੀਅਬੱਸ ਦੇ ਕੈਪਟਨ ਨੇ ਜਦੋਂ ਹਵਾਈ ਜਹਾਜ਼ ਨੂੰ ਪਾਣੀ ਵਿਚ ਗੋਤੇ ਖਾਂਦੇ ਦੇਖਿਆ ਤਾਂ ਤੁਰਤ ਆਪਣੀ ਕਿਸ਼ਤ ਉਸ ਪਾਸੇ ਮੋੜ ਦਿਤੀ। ਹਵਾਈ ਜਹਾਜ਼ ਜਾਂ ਕਿਸ਼ਤੀ ਵਿਚ ਸਵਾਰ ਹਰ ਸ਼ਖਸ ਨੂੰ ਸੁਰੱਖਿਅਤ ਕੱਢੇ ਜਾਣ ਤੱਕ ਸੀਅਬੱਸ ਉਥੇ ਹੀ ਮੌਜੂਦ ਰਹੀ। ਇਸੇ ਦੌਰਾਨ ਵੈਨਕੂਵਰ ਦੇ ਕੌਂਸਲਰ ਵੱਲੋਂ ਸੀਅਬੱਸ ਦੇ ਕੈਪਟਨ ਦਾ ਸ਼ੁਕਰੀਆ ਅਦਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਐਮਰਜੰਸੀ ਕਾਮਿਆਂ ਦੇ ਨਾਲ ਨਾਲ ਸੀਅਬੱਸ ਮੌਕੇ ’ਤੇ ਪੁੱਜਣ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।