ਬਰੈਂਪਟਨ ਵਿਖੇ ਸਿੱਖਾਂ ਅਤੇ ਹਿੰਦੂਆਂ ਨੂੰ ਲੜਾਉਣ ਬਾਹਰਲੇ ਸ਼ਹਿਰਾਂ ਤੋਂ ਆਏ ਸਨ ਲੋਕ

ਬਰੈਂਪਟਨ ਵਿਖੇ ਸੋਮਵਾਰ ਦੇਰ ਸ਼ਾਮ ਹੋਏ ਰੋਸ ਵਿਖਾਵੇ ਦੌਰਾਨ ਖਤਰਨਾਕ ਸਪ੍ਰੇਅ ਕਰਨ ਵਾਲੇ ਸ਼ੱਕੀ ਦੀ ਪੀਲ ਰੀਜਨਲ ਪੁਲਿਸ ਭਾਲ ਕਰ ਰਹੀ ਹੈ।

Update: 2024-11-06 11:30 GMT

ਬਰੈਂਪਟਨ : ਬਰੈਂਪਟਨ ਵਿਖੇ ਸੋਮਵਾਰ ਦੇਰ ਸ਼ਾਮ ਹੋਏ ਰੋਸ ਵਿਖਾਵੇ ਦੌਰਾਨ ਖਤਰਨਾਕ ਸਪ੍ਰੇਅ ਕਰਨ ਵਾਲੇ ਸ਼ੱਕੀ ਦੀ ਪੀਲ ਰੀਜਨਲ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਖਤਰਨਾਕ ਸਪ੍ਰੇਅ ਕਾਰਨ ਇਕ ਜਣਾ ਮਾਮੂਲੀ ਤੌਰ ’ਤੇ ਜ਼ਖਮੀ ਹੋਇਆ ਜਿਸ ਦਾ ਮੌਕੇ ’ਤੇ ਹੀ ਇਲਾਜ ਕਰਦਿਆਂ ਪੈਰਾਮੈਡਿਕਸ ਵੱਲੋਂ ਉਸ ਨੂੰ ਘਰ ਭੇਜ ਦਿਤਾ ਗਿਆ। ਦੂਜੇ ਪਾਸੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਇਕ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਹਿੰਦੂਆਂ ਅਤੇ ਸਿੱਖਾਂ ਦਰਮਿਆਨ ਹਿੰਸਾ ਭੜਕਾਉਣ ਲਈ ਬਾਹਰਲੇ ਸ਼ਹਿਰਾਂ ਤੋਂ ਕੁਝ ਮੂਰਖ ਲੋਕ ਹਿੰਦੂ ਸਭਾ ਮੰਦਰ ਪੁੱਜੇ ਹੋਏ ਸਨ।

ਮੇਅਰ ਪੈਟ੍ਰਿਕ ਬ੍ਰਾਊਨ ਨੇ ਸਾਂਝੀ ਕੀਤੀ ਰੌਨ ਬੈਨਰਜੀ ਦੀ ਵੀਡੀਓ

ਪੀਲ ਰੀਜਨਲ ਪੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਮਵਾਰ ਸ਼ਾਮ 4 ਵਜੇ ਤੋਂ ਮੰਗਲਵਾਰ ਸਵੇਰੇ 4 ਵਜੇ ਤੱਕ ਪੁਲਿਸ ਅਫਸਰ ਗੋਰ ਰੋਡ ’ਤੇ ਮੌਜੂਦ ਰਹੇ। ਖਤਰਨਾਕ ਸਪ੍ਰੇਅ ਵਾਲੀ ਅਸਲ ਜਗ੍ਹਾ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿਤੀ ਗਈ ਪਰ ਇਸ ਤੋਂ ਪਹਿਲਾਂ ਹਥਿਆਰ ਨਜ਼ਰ ਆਉਣ ’ਤੇ ਭੀੜ ਨੂੰ ਖਿੰਡਾ ਦਿਤਾ ਗਿਆ। ਪੀਲ ਪੁਲਿਸ ਦੇ ਮੁਖੀ ਨਿਸ਼ਾਨਾ ਦੁਰਈਅੱਪਾ ਨੇ ਕਿਹਾ ਕਿ ਦੋ ਧੜਿਆਂ ਦਰਮਿਆਨ ਟਕਰਾਅ ਦੇ ਮੱਦੇਨਜ਼ਰ ਰੋਸ ਵਿਖਾਵੇ ਖਤਰਨਾਕ ਰੂਪ ਅਖਤਿਆਰ ਕਰ ਗਏ। ਹੁਣ ਤੱਕ ਇਸ ਮਾਮਲੇ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਕ ਔਫ ਡਿਊਟੀ ਪੁਲਿਸ ਅਫਸਰ ਨੂੰ ਰੋਸ ਵਿਖਾਵੇ ਵਿਚ ਸ਼ਮੂਲੀਅਤ ਕਰਨ ਦੇ ਦੋਸ਼ ਹੇਠ ਮੁਅੱਤਲ ਵੀ ਕੀਤਾ ਗਿਆ ਹੈ। ਦੁਰਈਅੱਪਾ ਨੇ ਕਿਹਾ ਕਿ ਪੂਰੇ ਘਟਨਾਕ੍ਰਮ ਨੂੰ ਡੂੰਘਾਈ ਨਾਲ ਘੋਖਿਆ ਜਾ ਰਿਹਾ ਹੈ ਅਤੇ ਹੋਰ ਗ੍ਰਿਫ਼ਤਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਵੱਡੀ ਗਿਣਤੀ ਵਿਚ ਹਿੰਦੂ ਅਤੇ ਸਿੱਖ ਪਰਵਾਰ ਸ਼ਹਿਰ ਵਿਚ ਸ਼ਾਂਤਮਾਈ ਅਤੇ ਪਿਆਰ ਭਰੇ ਮਾਹੌਲ ਵਿਚ ਰਹਿੰਦੇ ਹਨ ਪਰ ਕੁਝ ਸ਼ਰਾਰਤੀ ਅਤੇ ਸਿਰਫਿਰੇ ਲੋਕ ਇਸ ਸਹਿਚਾਰ ਨੂੰ ਤੋੜਨਾ ਚਾਹੁੰਦੇ ਹਨ।

ਰੋਸ ਵਿਖਾਵੇ ਦੌਰਾਨ ਖਤਰਨਾਕ ਸਪ੍ਰੇਅ ਕਰਨ ਵਾਲੇ ਦੀ ਭਾਲ ਕਰ ਰਹੀ ਪੁਲਿਸ

ਪੈਟ੍ਰਿਕ ਬ੍ਰਾਊਨ ਵੱਲੋਂ ਇਕ ਹਿੰਦੂਤਵੀ ਵੱਖਵਾਦੀ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਜਿਸ ਵਿਚ ਦਾ ਨਾਂ ਰੌਨ ਬੈਨਰਜੀ ਦੱਸਿਆ ਜਾ ਰਿਹਾ ਹੈ ਅਤੇ ਪੈਟ੍ਰਿਕ ਬ੍ਰਾਊਨ ਮੁਤਾਬਕ ਇਹ ਰੌਨ ਬੈਨਰਜੀ ਸੋਮਵਾਰ ਰਾਤ ਹਿੰਦੂ ਸਭਾ ਮੰਦਰ ਵਿਖੇ ਮੌਜੂਦ ਸੀ ਜਿਸ ਨੇ ਸਿੱਖਾਂ ਵਿਰੁੱਧ ਹਿੰਸਾ ਭੜਕਾਉਣ ਦਾ ਯਤਨ ਕੀਤਾ। ਮੇਅਰ ਨੇ ਕਿਹਾ ਕਿ ਇਹ ਸ਼ਖਸ ਬਰੈਂਪਟਨ ਵਿਖੇ ਨਹੀਂ ਰਹਿੰਦਾ ਅਤੇ ਸਿਰਫ ਹਿੰਸਾ ਭੜਕਾਉਣ ਦੇ ਮਕਸਦ ਨਾਲ ਸ਼ਹਿਰ ਵਿਚ ਆਇਆ।

Tags:    

Similar News