ਕੈਨੇਡਾ ਦੇ ਸ਼ਹਿਰ ’ਚ ਸ਼ਰੇ੍ਹਆਮ ਚੱਲੀਆਂ ਪੈਲੇਟ ਗੰਨਜ਼
ਕੈਨੇਡਾ ਦੇ ਬੀ.ਸੀ. ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਦਰਮਿਆਨ ਕੁਝ ਮਨਚਲਿਆਂ ਵੱਲੋਂ ਐਬਸਫੋਰਡ ਦੀਆਂ ਸੜਕਾਂ ’ਤੇ ਏਅਰ ਗੰਨਜ਼ ਨਾਲ ਛਰੇ ਚਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ।
ਐਬਸਫੋਰਡ : ਕੈਨੇਡਾ ਦੇ ਬੀ.ਸੀ. ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਦਰਮਿਆਨ ਕੁਝ ਮਨਚਲਿਆਂ ਵੱਲੋਂ ਐਬਸਫੋਰਡ ਦੀਆਂ ਸੜਕਾਂ ’ਤੇ ਏਅਰ ਗੰਨਜ਼ ਨਾਲ ਛਰੇ ਚਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਐਬਸਫੋਰਡ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਵਾ ਛੇ ਵਜੇ ਤੋਂ ਰਾਤ ਪੌਣੇ ਦਸ ਵਜੇ ਤੱਕ ਪੈਲੇਟ ਗੰਨ ਜਾਂ ਏਅਰ ਸੌਫ਼ਟ ਗੰਨਜ਼ ਦੀ ਵਰਤੋਂ ਕਰਦਿਆਂ ਜਨਤਕ ਥਾਵਾਂ ’ਤੇ ਛਰੇ ਚਲਾਏ ਗਏ। ਛਰੇ ਚਲਾਉਣ ਵਾਲੇ ਸਫ਼ੈਦ ਰੰਗ ਦੀ ਐਸ.ਯੂ.ਵੀ. ਵਿਚ ਸਵਾਰ ਸਨ ਅਤੇ ਸਾਊਥ ਏਸ਼ੀਅਨ ਮੂਲ ਦੇ ਨਜ਼ਰ ਆਏ। ਛਰੇ ਲੱਗਣ ਕਾਰਨ ਪੈਦਲ ਜਾ ਰਿਹਾ ਇਕ ਜਣਾ ਮਾਮੂਲੀ ਤੌਰ ’ਤੇ ਜ਼ਖਮੀ ਹੋਇਆ ਹੈ।
ਸਾਊਥ ਏਸ਼ੀਅਨਜ਼ ’ਤੇ ਲੱਗੇ ਹਿੰਸਾ ਫੈਲਾਉਣ ਦੇ ਦੋਸ਼
ਐਬਸਫੋਰਡ ਪੁਲਿਸ ਦੇ ਜਨਰਲ ਇਨਵੈਸਟੀਗੇਟਿਵ ਸੈਕਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਹ ਵੀ ਤੈਅ ਕੀਤਾ ਜਾ ਰਿਹਾ ਹੈ ਕਿ ਕੀ ਸਾਰੀਆਂ ਵਾਰਦਾਤਾਂ ਆਪਸ ਵਿਚ ਜੁੜਦੀਆਂ ਹਨ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਐਬਸਫੋਰਡ ਪੁਲਿਸ ਡਿਪਾਰਟਮੈਂਟ ਨਾਲ 604 859 5225 ’ਤੇ ਸੰਪਰਕ ਕੀਤਾ ਜਾਵੇ। ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਪਿਅਰਡਨਵਿਲ ਅਤੇ ਐਮਰਸਨ ਸਟ੍ਰੀਟ ਵਿਖੇ ਸਾਹਮਣੇ ਆਈ ਜਦਕਿ ਦੂਜੀ ਵਾਰਦਾਤ ਮਾਊਂਟ ਲੀਹਮਨ ਰੋਡ ਅਤੇ ਸੈਂਡਪਾਈਪਰ ਡਰਾਈਵਰ ਵਿਖੇ ਵਾਪਰੀ। ਇਸ ਤੋਂ ਇਲਾਵਾ ਜਾਰਜ ਫਰਗਿਊਸਨ ਵੇਅ ਅਤੇ ਗਲੈਡਵਿਨ ਰੋਡ ’ਤੇ ਵੀ ਛਰੇ ਚੱਲਣ ਦੀ ਰਿਪੋਰਟ ਹੈ।