ਬਰੈਂਪਟਨ ਦੇ ਸਾਊਥ ਏਸ਼ੀਅਨ ਦੀ ਭਾਲ ਕਰ ਰਹੀ ਪੀਲ ਰੀਜਨਲ ਪੁਲਿਸ
ਬਰੈਂਪਟਨ ਵਿਖੇ ਸੈਕਸ਼ੁਅਲ ਅਸਾਲਟ ਦੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ ਜੋ ਸਾਊਥ ਏਸ਼ੀਅਨ ਦੱਸਿਆ ਜਾਂਦਾ ਹੈ;
ਬਰੈਂਪਟਨ : ਬਰੈਂਪਟਨ ਵਿਖੇ ਸੈਕਸ਼ੁਅਲ ਅਸਾਲਟ ਦੇ ਦੋ ਮਾਮਲਿਆਂ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ ਜੋ ਸਾਊਥ ਏਸ਼ੀਅਨ ਦੱਸਿਆ ਜਾਂਦਾ ਹੈ ਅਤੇ ਉਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੋਹਾਂ ਮਾਮਲਿਆਂ ਵਿਚ ਪੀੜਤਾਂ ਨੂੰ ਮਾਮੂਲੀ ਸਰੀਰਕ ਸੱਟਾਂ ਵੀ ਵੱਜੀਆਂ। ਜਾਂਚਕਰਤਾਵਾਂ ਨੇ ਦੱਸਿਆ ਕਿ 2 ਸਤੰਬਰ ਨੂੰ ਸਵੇਰੇ 5.30 ਵਜੇ 19 ਸਾਲ ਦੀ ਕੁੜੀ ਬਰੈਂਪਟਨ ਦੇ ਸਟੀਲਜ਼ ਐਵੇਨਿਊ ਵੈਸਟ ਅਤੇ ਮੈਕਲਾਫਲਿਨ ਬੁਲੇਵਾਰਡ ਇਲਾਕੇ ਵਿਚ ਜਾ ਰਹੀ ਸੀ ਜਦੋਂ ਇਕ ਸ਼ਖਸ ਨੇ ਕਥਿਤ ਤੌਰ ’ਤੇ ਗੰਦੀ ਹਰਕਤ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਸੈਕਸ਼ੁਅਲ ਅਸਾਲਟ ਦੇ 2 ਮਾਮਲਿਆਂ ਮਗਰੋਂ ਤਸਵੀਰਾਂ ਜਾਰੀ
ਇਸ ਮਗਰੋਂ 22 ਸਤੰਬਰ ਨੂੰ ਵੱਡੇ ਤੜਕੇ ਤਕਰੀਬਨ ਡੇਢ ਵਜੇ 19 ਸਾਲ ਦੀ ਕੁੜੀ ਬਰੈਂਪਟਨ ਦੇ ਮੈਕਲਾਫਲਿਨ ਰੋਡ ਅਤੇ ਰੇਅ ਲਾਅਸਨ ਬੁਲੇਵਾਰਡ ਇਲਾਕੇ ਵਿਚ ਪੈਦਲ ਜਾ ਰਹੀ ਸੀ ਜਦੋਂ ਇਕ ਸ਼ਖਸ ਨੇ ਕਥਿਤ ਤੌਰ ’ਤੇ ਸੈਕਸ਼ੁਅਲ ਅਸਾਲਟ ਕੀਤਾ। ਪੁਲਿਸ ਵੱਲੋਂ ਦੋਹਾਂ ਮਾਮਲਿਆਂ ਵਿਚ ਇਕੋ ਸ਼ਖਸ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਜਿਸ ਦੀ ਉਮਰ 20 ਤੋਂ 30 ਸਾਲ ਦਰਮਿਆਨ, ਕੱਦ ਪੰਜ ਫੁੱਟ 8 ਇੰਚ ਤੋਂ 10 ਇੰਚ ਅਤੇ ਸਰੀਰ ਦਰਮਿਆਨਾ ਹੈ। ਸਾਊਥ ਏਸ਼ੀਅਨ ਮੂਲ ਵਾਲੇ ਸ਼ਖਸ ਦੇ ਛੋਟੇ ਕਾਲੇ ਵਾਲ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਸ਼ੱਕੀ ਦੀ ਗ੍ਰਿਫ਼ਤਾਰੀ ਲਈ ਸਰਵੇਲੈਂਸ ਫੁਟੇਜ ਜਾਰੀ ਕੀਤੀ ਗਈ ਹੈ।