ਬਰੈਂਪਟਨ ਅਤੇ ਮਿਸੀਸਾਗਾ ਦਰਮਿਆਨ ਰੇੜਕਾ ਵਧਾ ਰਿਹਾ ਪੀਲ ਪੁਲਿਸ ਦਾ ਬਜਟ
ਯਾਰਕ ਰੀਜਨਲ ਕੌਂਸਲ ਵੱਲੋਂ 2025 ਵਾਸਤੇ ਪੁਲਿਸ ਬਜਟ ਵਿਚ 7.7 ਫੀ ਸਦੀ ਵਾਧੇ ਨੂੰ ਪ੍ਰਵਾਨਗੀ ਦੇ ਦਿਤੀ ਪਰ ਪੀਲ ਰੀਜਨ ਵਿਚ ਬਰੈਂਪਟਨ ਅਤੇ ਮਿਸੀਸਾਗਾ ਵਿਚਾਲੇ ਰੇੜਕਾ ਵਧਦਾ ਜਾ ਰਿਹਾ ਹੈ।;
ਬਰੈਂਪਟਨ : ਯਾਰਕ ਰੀਜਨਲ ਕੌਂਸਲ ਵੱਲੋਂ 2025 ਵਾਸਤੇ ਪੁਲਿਸ ਬਜਟ ਵਿਚ 7.7 ਫੀ ਸਦੀ ਵਾਧੇ ਨੂੰ ਪ੍ਰਵਾਨਗੀ ਦੇ ਦਿਤੀ ਪਰ ਪੀਲ ਰੀਜਨ ਵਿਚ ਬਰੈਂਪਟਨ ਅਤੇ ਮਿਸੀਸਾਗਾ ਵਿਚਾਲੇ ਰੇੜਕਾ ਵਧਦਾ ਜਾ ਰਿਹਾ ਹੈ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ 132 ਮਿਲੀਅਨ ਡਾਲਰ ਦੇ ਵਾਧੇ ਦੀ ਹਮਾਇਤ ਕਰ ਰਹੇ ਹਨ ਜਦਕਿ ਮਿਸੀਸਾਗਾ ਦੀ ਮੇਅਰ ਕੈਰੋਲਿਨ ਪੈਰਿਸ਼ ਬਜਟ ਵਾਧੇ ਦੇ ਵਿਰੋਧ ਵਿਚ ਪੁਲਿਸ ਸੇਵਾਵਾਂ ਬੋਰਡ ਤੋਂ ਅਸਤੀਫ਼ਾ ਵੀ ਦੇ ਚੁੱਕੇ ਹਨ। ਯਾਰਕ ਰੀਜਨਲ ਪੁਲਿਸ ਵੱਲੋਂ ਬਜਟ ਵਾਧੇ ਰਾਹੀਂ 154 ਨਵੇਂ ਅਫਸਰਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਅਪਰਾਧਕ ਸਰਗਰਮੀਆਂ ਨਾਲ ਨਜਿੱਠਣ ਦੀ ਰਣਨੀਤੀ ਵਧੇਰੇ ਕਾਰਗਰ ਤਰੀਕੇ ਨਾਲ ਲਾਗੂ ਕੀਤੀ ਜਾ ਸਕੇਗੀ।
ਮੇਅਰ ਪੈਟ੍ਰਿਕ ਬ੍ਰਾਊਨ ਵਾਧਾ ਕਰਨ ਦੇ ਹੱਕ ਵਿਚ
ਪੁਲਿਸ ਮੁਖੀ ਜਿਮ ਮੈਕਸਵੀਨ ਨੇ ਕਿਹਾ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਹਿੰਸਕ ਅਪਰਾਧਾਂ ਵਿਚ ਤੇਜ਼ ਵਾਧਾ ਹੋਇਆ ਅਤੇ ਅਜਿਹੇ ਵਿਚ ਨਵੇਂ ਅਫ਼ਸਰਾਂ ਦੀ ਸਖਤ ਜ਼ਰੂਰਤ ਹੈ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਵੀ 132 ਮਿਲੀਅਨ ਡਾਲਰ ਦਾ ਰਿਕਾਰਡ ਵਾਧਾ ਕਰਨ ਦੀ ਮੰਗ ਕਰ ਰਹੀ ਹੈ ਜਿਸ ਦਾ ਵਿਰੋਧ ਕਰਦਿਆਂ ਮਿਸੀਸਾਗਾ ਦੀ ਮੇਅਰ ਕੈਰੋਲਿਨ ਪੈਰਿਸ਼ ਨੇ ਦਲੀਲ ਦਿਤੀ ਕਿ ਸ਼ਹਿਰ ਦਾ ਬਜਟ 9.9 ਫੀ ਸਦੀ ਵਧ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਫੂਡ ਬੈਂਕਸ ’ਤੇ ਨਿਰਭਰ ਹਨ।
ਮਿਸੀਸਾਗੀ ਦੀ ਮੇਅਰ ਨੇ ਕੀਤਾ ਤਿੱਖਾ ਵਿਰੋਧ
ਅਜਿਹੇ ਵਿਚ ਪ੍ਰਾਪਰਟੀ ਟੈਕਸ ਵਿਚ 10 ਫੀ ਸਦੀ ਵਾਧਾ ਨਹੀਂ ਕੀਤਾ ਜਾ ਸਕਦਾ। ਪੀਲ ਰੀਜਨਲ ਕੌਂਸਲ ਦੀਆਂ ਇਸ ਮੁੱਦੇ ’ਤੇ ਦੋ ਮੀਟਿੰਗਾਂ ਹੋ ਚੁੱਕੀਆਂਹਨ ਅਤੇ ਅਗਲੇ ਹਫ਼ਤੇ ਮੁੜ ਮੀਟਿੰਗ ਹੋਣੀ ਹੈ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਪੀਲ ਰੀਜਨ ਟੋਰਾਂਟੋ ਤੋਂ ਪੱਛੜ ਰਿਹਾ ਹੈ ਅਤੇ ਆਬਾਦੀ ਦੇ ਹਿਸਾਬ ਨਾਲ ਪੁਲਿਸ ਦੀ ਨਫ਼ਰੀ ਘੱਟ ਹੈ।