85000 ਲੋਕਾਂ ਦੇ ਪਾਸਪੋਰਟ ਸਰਵਿਸ ਕੈਨੇਡਾ ਕੋਲ ਫਸੇ
ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ 85 ਹਜ਼ਾਰ ਪਾਸਪੋਰਟ ਸਰਵਿਸ ਕੈਨੇਡਾ ਕੋਲ ਫਸੇ ਹੋਏ ਹਨ ਅਤੇ ਹੜਤਾਲ ਖ਼ਤਮ ਹੋਣ ਦੀ ਸੂਰਤ ਵਿਚ ਹੀ ਇਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ।;
ਟੋਰਾਂਟੋ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ 85 ਹਜ਼ਾਰ ਪਾਸਪੋਰਟ ਸਰਵਿਸ ਕੈਨੇਡਾ ਕੋਲ ਫਸੇ ਹੋਏ ਹਨ ਅਤੇ ਹੜਤਾਲ ਖ਼ਤਮ ਹੋਣ ਦੀ ਸੂਰਤ ਵਿਚ ਹੀ ਇਨ੍ਹਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨੇ ਦੱਸਿਆ ਕਿ ਡਾਕ ਮੁਲਾਜ਼ਮਾਂ ਦੀ ਸੰਭਾਵਤ ਹੜਤਾਲ ਨੂੰ ਵੇਖਦਿਆਂ 8 ਨਵੰਬਰ ਨੂੰ ਪਾਸਪੋਰਟ ਭੇਜਣ ਦੀ ਪ੍ਰਕਿਰਿਆ ਬੰਦ ਕਰ ਦਿਤੀ ਗਈ। ਦੂਜੇ ਪਾਸੇ ਮੁਲਾਜ਼ਮ ਯੂਨੀਅਨ ਅਤੇ ਕੈਨੇਡਾ ਪੋਸਟ ਦਰਮਿਆਨ ਮੰਗਲਵਾਰ ਨੂੰ ਹੋਈ ਗੱਲਬਾਤ ਦੇ ਹਾਂਪੱਖੀ ਨਤੀਜੇ ਸਾਹਮਣੇ ਆਏ ਪਰ ਹੜਤਾਲ ਦੇ ਖਾਤਮੇ ਬਾਰੇ ਕੋਈ ਸਹਿਮਤੀ ਨਾ ਬਣ ਸਕੀ।
ਡਾਕ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਤੱਕ ਪੁੱਜਣੇ ਸੰਭਵ ਨਹੀਂ
ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਦੀ ਤਰਜਮਾਨ ਮਿਲਾ ਰਾਏ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜੇ ਕਿਸੇ ਬਿਨੈਕਾਰ ਵੱਲੋਂ ਹੜਤਾਲ ਤੋਂ ਐਨ ਪਹਿਲਾਂ ਪਾਸਪੋਰਟ ਦੀ ਅਰਜ਼ੀ ਭੇਜੀ ਗਈ ਤਾਂ ਸੰਭਾਵਤ ਤੌਰ ’ਤੇ ਇਹ ਅਰਜ਼ੀ ਸਰਵਿਸ ਕੈਨੇਡਾ ਕੋਲ ਨਹੀਂ ਪੁੱਜੀ ਅਤੇ ਡਾਕ ਸੇਵਾਵਾਂ ਬਹਾਲ ਹੋਣ ਤੱਕ ਇਸ ਦੀ ਪ੍ਰੋਸੈਸਿੰਗ ਸੰਭਵ ਨਹੀਂ ਹੋ ਸਕੇਗੀ। ਸਰਵਿਸ ਕੈਨੇਡਾ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੂੰ ਤੁਰਤ ਪਾਸਪੋਰਟ ਦੀ ਜ਼ਰੂਰਤ ਹੈ, ਉਹ 1800 567 6868 ’ਤੇ ਸੰਪਰਕ ਕਰ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਪੋਸਟ ਵੱਲੋਂ 15 ਨਵੰਬਰ ਤੋਂ ਡਾਕ ਭੇਜਣ ਦਾ ਕੰਮ ਬੰਦ ਕਰ ਦਿਤਾ ਗਿਆ ਜਦੋਂ 55 ਹਜ਼ਾਰ ਮੁਲਾਜ਼ਮਾਂ ਨੇ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿਤਾ। ਫਿਲਹਾਲ ਦੋਹਾਂ ਧਿਰਾਂ ਦਰਮਿਆਨ ਕੋਈ ਆਮ ਸਹਿਮਤੀ ਨਹੀਂ ਬਣ ਸਕੀ ਪਰ ਗੱਲਬਾਤ ਦੇ ਹਾਂਪੱਖੀ ਨਤੀਜੇ ਆਉਣ ਦੇ ਸੰਕੇਤ ਮਿਲੇ ਹਨ। ਮੁਲਾਜ਼ਮ ਯੂਨੀਅਨ ਆਉਂਦੇ ਚਾਰ ਸਾਲ ਦੌਰਾਨ ਤਨਖਾਹਾਂ ਵਿਚ 24 ਫੀ ਸਦੀ ਵਾਧੇ ਦੀ ਮੰਗ ਕਰ ਰਹੀ ਹੈ ਜਦਕਿ ਕੈਨੇਡਾ ਪੋਸਟ ਵੱਲੋਂ 11.5 ਫੀ ਸਦੀ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਰੁਜ਼ਗਾਰ ਸੁਰੱਖਿਆ, ਭੱਤਿਆਂ ਵਿਚ ਵਾਧਾ ਅਤੇ ਵੀਕਐਂਡ ਦੌਰਾਨ ਪਾਰਸਲ ਡਿਲੀਵਰੀ ਵਾਸਤੇ ਕੌਂਟਰੈਕਟ ਵਰਕ ਵਰਗੇ ਮਸਲਿਆਂ ਬਾਰੇ ਵੀ ਗੱਲਬਾਤ ਚੱਲ ਰਹੀ ਹੈ।
ਪਾਸਪੋਰਟ ਦੀ ਤੁਰਤ ਜ਼ਰੂਰਤ ਦੇ ਮਾਮਲੇ ਵਿਚ 1800 567 6868 ’ਤੇ ਸੰਪਰਕ ਕਰੋ
ਬੁਨਿਆਦੀ ਤੌਰ ’ਤੇ ਮੁਲਾਜ਼ਮ ਯੂਨੀਅਨ ਵੱਲੋਂ ਨਵੰਬਰ 2023 ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਗੱਲਬਾਤ ਆਰੰਭੀ ਗਈ ਪਰ ਇਕ ਸਾਲ ਤੱਕ ਕੋਈ ਢੁਕਵਾਂ ਹੁੰਗਾਰਾ ਨਾ ਮਿਲਣ ਮਗਰੋਂ ਯੂਨੀਅਨ ਨੇ ਹੜਤਾਲ ਦਾ ਰਾਹ ਚੁਣਿਆ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਮਹਿਕਮੇ ਦੀ ਵਿੱਤੀ ਹਾਲਤ ਪਹਿਲਾਂ ਹੀ ਨਿਘਾਰ ਵੱਲ ਜਾ ਰਹੀ ਹੈ ਅਤੇ ਅਜਿਹੇ ਵਿਚ ਯੂਨੀਅਨ ਦੀਆਂ ਮੰਗਾਂ ਵੱਡਾ ਬੋਝ ਪਾ ਦੇਣਗੀਆਂ। ਦੱਸਿਆ ਜਾ ਰਿਹਾ ਹੈ ਕਿ 2024 ਦੇ ਪਹਿਲੇ ਅੱਧ ਤੌਰਾਨ ਕੈਨੇਡਾ ਪੋਸਟ ਨੂੰ ਤਕਰੀਬਨ 500 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ 2018 ਤੋਂ ਹੁਣ ਤੱਕ 3 ਅਰਬ ਡਾਲਰ ਦਾ ਘਾਟਾ ਪੈ ਚੁੱਕਾ ਹੈ। ਦੱਸ ਦੇਈਏ ਕਿ ਫੈਡਰਲ ਸਰਕਾਰ ਵੱਲੋਂ ਫੈਡਰਲ ਮੀਡੀਏਸ਼ਨ ਐਂਡ ਕੰਸੀਲੀਏਸ਼ਨ ਸਰਵਿਸ ਦੇ ਡਾਇਰੈਕਟਰ ਜਨਰਲ ਪੀਟਰ ਸਿੰਪਸਨ ਨੂੰ ਵਾਰਤਾਕਾਰ ਨਿਯੁਕਤ ਕੀਤਾ ਗਿਆ ਹੈ। ਯੂਨੀਅਨ ਦਾ ਕਹਿਣਾ ਹੈ ਕਿ ਤਾਜ਼ਾ ਗੱਲਬਾਤ ਵਾਰਤਾਕਾਰ ਦੀ ਮੌਜੂਦਗੀ ਵਿਚ ਹੋਈ ਪਰ ਹਾਲੇ ਵੀ ਲੰਮਾ ਫਾਸਲਾ ਤੈਅ ਕੀਤਾ ਜਾਣਾ ਬਾਕੀ ਹੈ।