ਕੈਨੇਡਾ ’ਚ ਬੇਕਾਬੂ ਟਰੱਕ ਨੇ ਪਾਇਆ ਭੜਥੂ

ਕੈਨੇਡਾ ਵਿਚ ਇਕ ਬੇਕਾਬੂ ਟਰੱਕ ਨੇ ਲੋਕਾਂ ਦੇ ਸਾਹ ਸੂਤ ਦਿਤੇ ਜੋ ਰਿਹਾਇਸ਼ੀ ਇਲਾਕੇ ਵਿਚ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਦਰੜਦਾ ਹੋਇਆ ਅੱਗੇ ਵਧ ਗਿਆ।

Update: 2025-08-13 12:14 GMT

ਔਟਵਾ : ਕੈਨੇਡਾ ਵਿਚ ਇਕ ਬੇਕਾਬੂ ਟਰੱਕ ਨੇ ਲੋਕਾਂ ਦੇ ਸਾਹ ਸੂਤ ਦਿਤੇ ਜੋ ਰਿਹਾਇਸ਼ੀ ਇਲਾਕੇ ਵਿਚ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਨੂੰ ਦਰੜਦਾ ਹੋਇਆ ਅੱਗੇ ਵਧ ਗਿਆ। ਟਰੱਕ ਦੇ ਰਾਹ ਵਿਚ ਖੰਭਾ ਨਾ ਆਉਂਦਾ ਤਾਂ ਸੰਭਾਵਤ ਤੌਰ ’ਤੇ ਇਹ ਕਈ ਘਰਾਂ ਨੂੰ ਵੀ ਤਬਾਹ ਕਰ ਸਕਦਾ ਸੀ। ਔਟਵਾ ਦੇ ਬਾਰਹੈਵਨ ਇਲਾਕੇ ਵਿਚ ਵਾਪਰੀ ਘਟਨਾ ਦੀ ਵੀਡੀਓ ਇਕ ਡੋਰਬੈੱਲ ਕੈਮਰੇ ਵਿਚ ਕੈਦ ਹੋ ਗਈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਚਿੱਟੇ ਰੰਗ ਦਾ ਤੇਜ਼ ਰਫ਼ਤਾਰ ਡੰਪ ਟਰੰਪ ਸੜਕ ਛੱਡ ਕੇ ਘਰਾਂ ਵੱਲ ਹੋ ਜਾਂਦਾ ਹੈ ਅਤੇ ਰਾਹ ਵਿਚ ਆਉਣ ਵਾਲੀ ਹਰ ਚੀਜ਼ ਦੇ ਪਰਖੱਚੇ ਉਡਾਉਣ ਮਗਰੋਂ ਅਚਾਨਕ ਯੂ-ਟਰਨ ਲੈ ਲੈਂਦਾ ਹੈ।

ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਦੇ ਉਡਾਏ ਪਰਖੱਚੇ

ਖੁਸ਼ਕਿਸਮਤੀ ਨਾਲ ਇਸ ਹੈਰਾਨਕੁੰਨ ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਔਟਵਾ ਪੈਰਾਮੈਡਿਕ ਸਰਵਿਸ ਦੇ ਬੁਲਾਰੇ ਮਾਰਕ ਐਂਟਵੌਨ ਡਿਸ਼ੈਂਪ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਤਕਰੀਬਨ ਪੌਣੇ ਗਿਆਰਾਂ ਵਜੇ ਅਪੌਲਿਊਨ ਸਟ੍ਰੀਟ ਅਤੇ ਕੈਂਬਰੀਅਨ ਰੋਡ ਇਲਾਕੇ ਵਿਚ ਹਾਦਸੇ ਦੀ ਇਤਲਾਹ ਮਿਲੀ। ਟਰੱਕ ਡਰਾਈਵਰ ਸੰਭਾਵਤ ਤੌਰ ’ਤੇ ਗਰਮੀ ਦਾ ਸ਼ਿਕਾਰ ਹੋਣ ਕਰ ਕੇ ਨੀਮ ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ ਜਿਸ ਨੂੰ ਸਥਿਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਇਲਾਕੇ ਵਿਚ ਵਸਦੇ ਲੋਕ ਆਪਣਾ ਖਿਲਰਿਆ ਸਮਾਨ ਇਕੱਠਾ ਕਰਦੇ ਨਜ਼ਰ ਆਏ। ਹਾਦਸੇ ਦੌਰਾਨ ਨੁਕਸਾਨੀ ਇਕ ਕਾਰ ਦੀ ਮਾਲਕ ਰਿਬੇਕਾ ਵ੍ਹੀਲਨ ਨੇ ਦੱਸਿਆ ਕਿ ਕੁਲ ਛੇ ਕਾਰਾਂ ਕਬਾੜ ਬਣ ਗਈਆਂ ਅਤੇ ਉਸ ਦੇ ਘਰ ਦਾ ਫਰੰਟ ਯਾਰਡ ਵੀ ਨੁਕਸਾਨਿਆ ਗਿਆ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਰਿਬੇਕਾ ਨੇ ਦੱਸਿਆ ਕਿ ਵੱਡੇ ਖੜਕੇ ਦੀ ਆਵਾਜ਼ ਸੁਣ ਕੇ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ ਪਰ ਉਦੋਂ ਤੱਕ ਗੱਡੀਆਂ ਦਾ ਨੁਕਸਾਨ ਹੋ ਚੁੱਕਾ ਸੀ। ਇਲਾਕੇ ਦੀ ਇਕ ਹੋਰ ਵਸਨੀਕ ਡੈਲਫੀਨ ਨਵਾਵਜ਼ੀ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਕੰਮ ’ਤੇ ਜਾਣ ਦੀ ਤਿਆਰੀ ਕਰ ਰਹੀ ਸੀ ਪਰ ਇਸੇ ਦੌਰਾਨ ਅਜੀਬੋ ਗਰੀਬ ਆਵਾਜ਼ਾਂ ਆਉਣ ਲੱਗੀਆਂ।

ਖੰਭੇ ਵਿਚ ਵੱਜਣ ਮਗਰੋਂ ਰੁਕਿਆ ਟਰੱਕ, ਜਾਨੀ ਨੁਕਸਾਨ ਤੋਂ ਬਚਾਅ

ਟਰੱਕ ਨੇ ਉਸਦੀ ਇਲਾਂਟਰਾ ਗੱਡੀ ਬੁਰੀ ਤਰ੍ਹਾਂ ਚਿੱਥ ਕੇ ਰੱਖ ਦਿਤੀ। ਗੱਡੀ ਦੀ ਹਾਲਤ ਦੇਖ ਕੇ ਡੈਲਫੀਨ ਘਬਰਾ ਗਈ ਜਿਸ ਨੇ ਅੱਜ ਤੱਕ ਐਨਾ ਖਤਰਨਾਕ ਹਾਦਸਾ ਆਪਣੀ ਜ਼ਿੰਦਗੀ ਵਿਚ ਨਹੀਂ ਸੀ ਦੇਖਿਆ। ਡੈਲਫੀਨ ਦੀ ਭੈਣ ਮੈਰੀਐਨ ਨੇ ਆਪਣੇ ਨੁਕਸਾਨ ’ਤੇ ਮਾਯੂਸੀ ਜ਼ਾਹਰ ਕਰਦਿਆਂ ਇਸ ਗੱਲ ਦੀ ਤਸੱਲੀ ਵੀ ਪ੍ਰਗਟਾਈ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੈਰੀਐਨ ਨੇ ਦੱਸਿਆ ਕਿ ਉਸ ਦੀ ਭੈਣ ਕੋਈ ਚੀਜ਼ ਲੈਣ ਕਮਰੇ ਵੱਲ ਨਾ ਜਾਂਦੀ ਤਾਂ ਸੰਭਾਵਤ ਤੌਰ ’ਤੇ ਉਹ ਦੋਵੇਂ ਕਾਰ ਦੇ ਦਰਵਾਜ਼ੇ ’ਤੇ ਹੁੰਦੀਆਂ ਅਤੇ ਟਰੱਕ ਉਨ੍ਹਾਂ ਨੂੰ ਦਰੜ ਦਿੰਦਾ। ਇਸੇ ਦੌਰਾਨ ਔਟਵਾ ਪੁਲਿਸ ਵੀ ਮੌਕੇ ’ਤੇ ਪੁੱਜ ਗਈ ਪਰ ਵਧੇਰੇ ਜਾਣਕਾਰੀ ਹਾਸਲ ਨਾ ਹੋ ਸਕੀ। ਪੁਲਿਸ ਨੇ ਸਿਰਫ਼ ਐਨਾ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

Tags:    

Similar News