ਕੈਨੇਡਾ ਦੇ ਅਮਲੀਆਂ ਵਾਸਤੇ ਭਾਰਤ ਤੋਂ ਆਈ ਅਫ਼ੀਮ ਜ਼ਬਤ

ਕੈਨੇਡਾ ਦੇ ਅਮਲੀਆਂ ਵਾਸਤੇ ਭਾਰਤ ਤੋਂ ਆਈ ਇਕ ਕਿਲੋ 664 ਗ੍ਰਾਮ ਅਫੀਮ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਫੜੀ ਗਈ।;

Update: 2025-04-12 11:15 GMT
ਕੈਨੇਡਾ ਦੇ ਅਮਲੀਆਂ ਵਾਸਤੇ ਭਾਰਤ ਤੋਂ ਆਈ ਅਫ਼ੀਮ ਜ਼ਬਤ
  • whatsapp icon

ਵੈਨਕੂਵਰ : ਕੈਨੇਡਾ ਦੇ ਅਮਲੀਆਂ ਵਾਸਤੇ ਭਾਰਤ ਤੋਂ ਆਈ ਇਕ ਕਿਲੋ 664 ਗ੍ਰਾਮ ਅਫੀਮ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਫੜੀ ਗਈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਹੇਅਰ ਰਿਮੂਵਿੰਗ ਵੈਕਸ ਦੇ ਲੇਬਲ ਵਾਲੇ ਦੋ ਡੱਬਿਆਂ ਵਿਚੋਂ ਅਫ਼ੀਮ ਬਰਾਮਦ ਕੀਤੀ ਗਈ ਜੋ ਅੱਗੇ ਸਰੀ ਦੇ ਕਿਸੇ ਪਤੇ ’ਤੇ ਪੁੱਜਣੀ ਸੀ। ਡੱਬਿਆਂ ਵਿਚ ਬੰਦ ਪਲਾਸਟਿਕ ਬੈਗਜ਼ ਵਿਚੋਂ ਕਾਲੇ ਰੰਗ ਦਾ ਗਾਰੇ ਵਰਗਾ ਪਦਾਰਥ ਨਿਕਲਿਆ ਅਤੇ ਇਸ ਨੂੰ ਲੈਬ ਵਿਚ ਟੈਸਟ ਕਰਨ ’ਤੇ ਅਫ਼ੀਮ ਹੋਣ ਦੀ ਤਸਦੀਕ ਹੋ ਗਈ। ਸੀ.ਬੀ.ਐਸ.ਏ. ਨੇ ਦੱਸਿਆ ਕਿ ਜ਼ਬਤ ਕੀਤੀ ਅਫੀਮ ਦੀ ਅੰਦਾਜ਼ਨ ਕੀਮਤ 99,840 ਡਾਲਰ ਬਣਦੀ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ਤੋਂ ਪੁੱਜੀ ਅਫ਼ੀਮ ਸੀ.ਬੀ.ਐਸ.ਏ. ਵੱਲੋਂ ਜ਼ਬਤ ਕੀਤੀ ਗਈ ਹੈ।

ਵੈਨਕੂਵਰ ਹਵਾਈ ਅੱਡੇ ’ਤੇ ਸੀ.ਬੀ.ਐਸ.ਏ. ਦੀ ਵੱਡੀ ਕਾਰਵਾਈ

ਇਸ ਤੋਂ ਪਹਿਲਾਂ ਚਵਨਪ੍ਰਾਸ਼ ਅਤੇ ਅਚਾਰ ਦੇ ਡੱਬਿਆਂ ਵਿਚ ਭੇਜੀ ਅਫ਼ੀਮ ਜ਼ਬਤ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਬਾਰਡਰ ਏਜੰਟਾਂ ਵੱਲੋਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ 149 ਕਿਲੋ ਚਿੱਟਾ ਬਰਾਮਦ ਕੀਤਾ ਗਿਆ ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਭੇਜਿਆ ਜਾ ਰਿਹਾ ਸੀ। ਸੀ.ਬੀ.ਐਸ.ਏ. ਮੁਤਾਬਕ ਛੇ ਜਣਿਆਂ ਨੂੰ ਹਿਰਾਸਤ ਵਿਚ ਲੈਂਦਿਆਂ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿਤਾ ਗਿਆ। ਇਸੇ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕਾਬੂ ਕੀਤੇ ਗੁਰਵਿੰਦਰ ਸਿੰਘ ਆਹਲੂਵਾਲੀਆ ਨੂੰ 20 ਮਹੀਨੇ ਘਰ ਵਿਚ ਨਜ਼ਰਬੰਦ ਰੱਖਣ ਦੀ ਸਜ਼ਾ ਸੁਣਾਈ ਗਈ ਹੈ ਜਦਕਿ 50 ਹਜ਼ਾਰ ਡਾਲਰ ਜੁਰਮਾਨਾ ਵੀ ਲਾਇਆ ਗਿਆ ਹੈ। ਵਿੰਨੀਪੈਗ ਦੇ ਗੁਰਵਿੰਦਰ ਸਿੰਘ ਆਹਲੂਵਾਲੀਆ ਨੇ ਵਿਦੇਸ਼ੀ ਨਾਗਰਿਕਾਂ ਨੂੰ ਅਣਅਧਿਕਾਰਤ ਤਰੀਕੇ ਨਾਲ ਕੰਮ ’ਤੇ ਰੱਖਣ ਦਾ ਗੁਨਾਹ 2 ਅਪ੍ਰੈਲ ਨੂੰ ਕਬੂਲ ਕਰ ਲਿਆ ਸੀ। ਇੰਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 124 ਤਹਿਤ ਕੀਤੀ ਗਈ ਕਾਰਵਾਈ ਦੌਰਾਨ ਮਈ 2024 ਵਿਚ ਸੀ.ਬੀ.ਐਸ.ਏ. ਦੇ ਅਫਸਰਾਂ ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਛਾਪਾ ਮਾਰਦਿਆਂ ਕਈ ਇਲੈਕਟ੍ਰਾਨਿਕ ਯੰਤਰ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਸਨ।

ਸਰੀ ਵਿਖੇ ਪੁੱਜਣੀ ਸੀ ਅਫ਼ੀਮ ਦੀ ਖੇਪ

ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਵਿੰਦਰ ਸਿੰਘ ਆਹਲੂਵਾਲੀਆ ਵਿਦੇਸ਼ੀ ਨਾਗਰਿਕਾਂ ਨੂੰ ਕੰਮ ’ਤੇ ਰੱਖਣ ਦਾ ਲਾਲਚ ਦਿੰਦਾ ਅਤੇ ਵੈਲਿਡ ਵਰਕ ਪਰਮਿਟ ਵਾਲੇ ਪ੍ਰਵਾਸੀਆਂ ਤੋਂ ਘੱਟ ਤਨਖਾਹ ’ਤੇ ਕੰਮ ਕਰਵਾਇਆ ਜਾਂਦਾ। ਦੱਸ ਦੇਈਏ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਸਿਰਫ਼ ਇੰਮੀਗ੍ਰੇਸ਼ਨ ਮਾਮਲਿਆਂ ਨਾਲ ਨਜਿੱਠਣ ਦਾ ਕੰਮ ਨਹੀਂ ਕਰਦੀ ਸਗੋਂ ਮਨੁੱਖੀ ਤਸਕਰੀ ਅਤੇ ਕਸਟਮਜ਼ ਐਕਟ ਦੀ ਉਲੰਘਣਾ ਵਰਗੇ ਮਾਮਲਿਆਂ ਵਿਚ ਵੀ ਕਾਰਵਾਈ ਕੀਤੀ ਜਾਂਦੀ ਹੈ। ਵੱਖ ਵੱਖ ਸੂਤਰਾਂ ਰਾਹੀਂ ਇੰਮੀਗ੍ਰੇਸ਼ਨ ਅਪਰਾਧਾਂ ਬਾਰੇ ਜਾਣਕਾਰੀ ਮਿਲਣ ’ਤੇ ਸਬੰਧਤ ਪੁਲਿਸ ਮਹਿਕਮਿਆਂ ਦੀ ਮਦਦ ਨਾਲ ਕਾਰਵਾਈ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸ਼ੱਕੀ ਇੰਮੀਗ੍ਰੇਸ਼ਨ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 1888 502 9060 ’ਤੇ ਕਾਲ ਕਰ ਸਕਦਾ ਹੈ।

Tags:    

Similar News