ਅੰਬ ਦੇ ਆਚਾਰ ਵਾਲੇ ਡੱਬੇ ਵਿਚ ਕੈਨੇਡਾ ਭੇਜੀ ਅਫ਼ੀਮ ਜ਼ਬਤ
ਅੰਬ ਦੇ ਆਚਾਰ ਵਾਲੇ ਡੱਬੇ ਵਿਚ ਪਾ ਕੇ ਭੇਜੀ ਇਕ ਕਿਲੋ ਅਫ਼ੀਮ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਜ਼ਬਤ ਕੀਤੀ ਗਈ ਹੈ।;
ਵੈਨਕੂਵਰ : ਅੰਬ ਦੇ ਆਚਾਰ ਵਾਲੇ ਡੱਬੇ ਵਿਚ ਪਾ ਕੇ ਭੇਜੀ ਇਕ ਕਿਲੋ ਅਫ਼ੀਮ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ ਜ਼ਬਤ ਕੀਤੀ ਗਈ ਹੈ। ਵੈਨਕੂਵਰ ਇੰਟਰਨੈਸ਼ਨ ਏਅਰਪੋਰਟ ’ਤੇ ਕੀਤੀ ਕਾਰਵਾਈ ਬਾਰੇ ਸੀ.ਬੀ.ਐਸ.ਏ. ਦੇ ਅਫ਼ਸਰਾਂ ਨੇ ਦੱਸਿਆ ਕਿ ਸ਼ਾਤਰ ਨਸ਼ਾ ਤਸਕਰਾਂ ਵੱਲੋਂ ਅਫ਼ੀਮ ਦੇ ਆਲੇ ਦੁਆਲੇ ਅਤੇ ਉਤੇ ਹੇਠਾਂ ਆਚਾਰ ਦੀ ਪਰਤ ਚੜ੍ਹਾ ਦਿਤੀ ਗਈ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਅਫ਼ੀਮ ਦੀ ਅੰਦਾਜ਼ਨ ਕੀਮਤ 13,150 ਡਾਲਰ ਮੰਨੀ ਜਾ ਰਹੀ ਹੈ ਜਿਸ ਨੂੰ ਵੈਨਕੂਵਰ ਦੀਆਂ ਗਲੀਆਂ ਵਿਚ ਪਹੁੰਚਣ ਤੋਂ ਪਹਿਲਾਂ ਹੀ ਜ਼ਬਤ ਕਰ ਲਿਆ ਗਿਆ।
ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਹੋਈ ਕਾਰਵਾਈ
ਦੱਸ ਦੇਈਏ ਕਿ ਪਿਛਲੇ ਦਿਨੀਂ ਅਫ਼ੀਮ ਦਾ ਨਸ਼ਾ ਕਰਨ ਦੇ ਆਦੀ ਮਹਿੰਗੇ ਭਾਅ ’ਤੇ ਵੀ ਇਸ ਨੂੰ ਖਰੀਦਣ ਵਾਸਤੇ ਰਾਜ਼ੀ ਹੋ ਜਾਂਦੇ ਹਨ ਅਤੇ ਤਸਕਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਢੰਗ-ਤਰੀਕੇ ਵਰਤਦਿਆਂ ਭਾਰਤ ਜਾਂ ਹੋਰ ਮੁਲਕਾਂ ਤੋਂ ਇਨ੍ਹਾਂ ਨਸ਼ਿਆਂ ਨੂੰ ਮੰਗਵਾਉਣ ਦਾ ਯਤਨ ਕੀਤਾ ਜਾਂਦਾ ਹੈ। ਕੁਝ ਹਫ਼ਤੇ ਪਹਿਲਾਂ ਸੀ.ਬੀ.ਐਸ.ਏ. ਵੱਲੋਂ ਚਵਨਪ੍ਰਾਸ਼ ਦੇ ਡੱਬਿਆਂ ਵਿਚ ਭਰ ਕੇ ਕੈਨੇਡਾ ਭੇਜੀ 2.2 ਕਿਲੋ ਅਫ਼ੀਮ ਗਰੇਟਰ ਟੋਰਾਂਟੋ ਏਰੀਆ ਵਿਚ ਬਰਾਮਦ ਕੀਤੀ ਗਈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ ਕਮਰਸ਼ੀਅਲ ਸ਼ਿਪਮੈਂਟ ਵਿਚੋਂ ਅਫ਼ੀਮ ਨਾਲ ਭਰੇ ਇਹ ਡੱਬੇ ਬਰਾਮਦ ਕੀਤੇ ਗਏ।
ਇਕ ਕਿਲੋ ਅਫ਼ੀਮ ਦੀ ਕੀਮਤ 13,150 ਡਾਲਰ : ਸੀ.ਬੀ.ਐਸ.ਏ.
ਸੀ.ਬੀ.ਐਸ.ਏ. ਵੱਲੋਂ ਅਫ਼ੀਮ ਦੇ ਸਰੋਤ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਪਰ ਅਤੀਤ ਵਿਚ ਮਠਿਆਈ ਦੇ ਡੱਬਿਆਂ ਅਤੇ ਹੋਰ ਕਈ ਤਰੀਕਿਆਂ ਰਾਹੀਂ ਤਸਕਰਾਂ ਵੱਲੋਂ ਭਾਰਤ ਤੋਂ ਕੈਨੇਡਾ ਅਫ਼ੀਮ ਭੇਜਣ ਦੇ ਯਤਨ ਕੀਤੇ ਜਾਂਦੇ ਰਹੇ ਹਨ। ਚਵਨਪ੍ਰਾਸ਼ ਅਤੇ ਅਫ਼ੀਮ ਦਾ ਰੰਗ ਮਿਲਦਾ-ਜੁਲਦਾ ਹੋਣ ਕਾਰਨ ਤਸਕਰਾਂ ਵੱਲੋਂ ਸੰਭਾਵਤ ਤੌਰ ’ਤੇ ਇਨ੍ਹਾਂ ਡੱਬਿਆਂ ਦੀ ਵਰਤੋਂ ਕੀਤੀ ਗਈ। ਦੂਜੇ ਪਾਸੇ ਕਮਰਸ਼ੀਅਲ ਸ਼ਿਪਮੈਂਟ ਮੰਗਵਾਉਣ ਵਾਲੀ ਧਿਰ ਦਾ ਨਾਂ ਵੀ ਜਨਤਕ ਨਹੀਂ ਕੀਤਾ ਗਿਆ।