ਉਨਟਾਰੀਓ ਵਿਚ ਵੋਟਾਂ ਅੱਜ, ਸਰਵੇਖਣ ਵਿਚ ਡਗ ਫ਼ੋਰਡ ਦੀ ਚੜ੍ਹਤ
ਉਨਟਾਰੀਓ ਦੇ ਲੋਕ ਨਵੀਂ ਸਰਕਾਰ ਚੁਣਨ ਲਈ ਤਿਆਰ ਬਰ ਤਿਆਰ ਹਨ ਅਤੇ ਅੱਜ ਰਾਤ ਤੱਕ ਨਤੀਜੇ ਬਿਲਕੁਲ ਸਪੱਸ਼ਟ ਹੋ ਜਾਣਗੇ।;
ਟੋਰਾਂਟੋ : ਉਨਟਾਰੀਓ ਦੇ ਲੋਕ ਨਵੀਂ ਸਰਕਾਰ ਚੁਣਨ ਲਈ ਤਿਆਰ ਬਰ ਤਿਆਰ ਹਨ ਅਤੇ ਅੱਜ ਰਾਤ ਤੱਕ ਨਤੀਜੇ ਬਿਲਕੁਲ ਸਪੱਸ਼ਟ ਹੋ ਜਾਣਗੇ। ਚੋਣ ਸਰਵੇਖਣਾਂ ਵਿਚ ਡਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਚੜ੍ਹਤ ਹੈ ਪਰ ਇਸ ਵਾਰ ਵਿਰੋਧੀ ਧਿਰ ਦਾ ਦਰਜਾ ਐਨ.ਡੀ.ਪੀ. ਤੋਂ ਖੁੱਸ ਸਕਦਾ ਹੈ ਅਤੇ ਬੌਨੀ ਕਰੌਂਬੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਵਿਰੋਧੀ ਧਿਰ ਦਾ ਦਰਜਾ ਹਾਸਲ ਕਰ ਸਕਦੀ ਹੈ। ਟਰੰਪ ਦੀਆਂ ਟੈਰਿਫ਼ਸ ਨਾਲ ਨਜਿੱਠਣ ਲਈ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਸੂਬੇ ਦੇ ਲੋਕਾਂ ਤੋਂ ਨਵੇਂ ਸਿਰੇ ਤੋਂ ਫ਼ਤਵਾ ਮੰਗਿਆ ਗਿਆ।
ਪੰਜਾਬੀ ਉਮੀਦਵਾਰਾਂ ਨੇ ਜਿੱਤ ਵਾਸਤੇ ਲਾਇਆ ਜ਼ੋਰ
ਦੂਜੇ ਪਾਸੇ ਹੈਲਥ ਕੇਅਰ, ਐਜੁਕੇਸ਼ਨ, ਹਾਊਸਿੰਗ ਅਤੇ ਸੋਸ਼ਲ ਸਰਵਿਸਿਜ਼ ਵੀ ਵੱਡੇ ਮੁੱਦੇ ਸਨ ਪਰ ਵਿਰੋਧੀ ਪਾਰਟੀਆਂ ਸੂਬੇ ਦੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਵਿਚ ਅਸਫ਼ਲ ਰਹੀਆਂ। ਕਿੰਗਸਟਨ ਦੀ ਕੁਈਨਜ਼ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਐਲਿਜ਼ਾਬੈਥ ਗੁਡਇਅਰ ਨੇ ਕਿਹਾ ਕਿ ਸੂਬੇ ਵਿਚ ਕਈ ਗੰਭੀਰ ਮੁੱਦੇ ਹੋਣ ਦੇ ਬਾਵਜੂਦ ਵਿਰੋਧੀ ਪਾਰਟੀਆਂ ਚੋਣ ਪ੍ਰਚਾਰ ਦੌਰਾਨ ਡਗ ਫੋਰਡ ਨੂੰ ਨਿਸ਼ਾਨਾ ਬਣਾਉਣ ਵਿਚ ਨਾਕਾਮ ਰਹੀਆਂ। ਹੈਲਥ ਕੇਅਰ ਅਤੇ ਐਜੁਕੇਸ਼ਨ ਸਿਸਟਮ ਨੂੰ ਲੈ ਕੇ ਬਹੁਤ ਕੁਝ ਕੀਤਾ ਜਾ ਸਕਦਾ ਸੀ ਪਰ ਵਿਰੋਧੀ ਪਾਰਟੀਆਂ ਦੇ ਹਥਿਆਰਾਂ ਦੀ ਧਾਰ ਬਿਲਕੁਲ ਵੀ ਤਿੱਖੀ ਮਹਿਸੂਸ ਨਾ ਹੋਈ।
ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਪੈਣਗੀਆਂ ਵੋਟਾਂ
ਹੈਮਿਲਟਨ ਦੀ ਮੈਕਮਾਸਟਰ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਐਂਡਰੀਆ ਲੌਅਲਰ ਦਾ ਕਹਿਣਾ ਸੀ ਕਿ ਸੂਬਾਈ ਚੋਣਾਂ ਵਿਚ ਸਿਰਫ ਟੈਰਿਫਸ ਦਾ ਸੁਨੇਹਾ ਹੀ ਸੁਣਿਆ ਗਿਆ ਅਤੇ ਸੂਬੇ ’ਤੇ ਪੈਣ ਵਾਲੇ ਸੰਭਾਵਤ ਅਸਰਾਂ ਵੱਲ ਲੋਕਾਂ ਦਾ ਧਿਆਨ ਕੇਂਦਰਤ ਰਿਹਾ। ਪਾਰਟੀਆਂ ਦੇ ਇਲੈਕਸ਼ਨ ਪਲੈਟਫਾਰਮਜ਼ ਵਿਚ ਸੂਬੇ ਦੇ ਆਰਥਿਕ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆਂ ਦਾ ਜ਼ਿਕਰ ਵਧੇਰੇ ਕੀਤਾ ਗਿਆ, ਖਾਸ ਤੌਰ ’ਤੇ ਗੁਆਂਢੀ ਮੁਲਕ ਵੱਲੋਂ ਲਾਈਆਂ ਜਾਣ ਵਾਲੀਆਂ ਟੈਰਿਫ਼ਸ ਦੇ ਮੱਦੇਨਜ਼ਰ। ਟਰੰਪ ਦੇ ਰੂਪ ਵਿਚ ਆਈ ਸਮੱਸਿਆ ਨਾਲ ਨਜਿੱਠਣ ਦੇ ਸੁਝਾਅ ਵੀ ਫੈਡਰਲ ਸਰਕਾਰ ਨੂੰ ਦਿਤੇ ਗਏ ਜੋ ਪਾਰਟੀਆਂ ਦੇ ਇਲੈਕਸ਼ਨ ਪਲੈਅਫਾਰਮਜ਼ ਵਿਚ ਵੀ ਦਰਜ ਨਜ਼ਰ ਆਏ।