ਉਨਟਾਰੀਓ : 14 ਹੋਰ ਬਿਮਾਰੀਆਂ ਦਾ ਇਲਾਜ ਕਰਨਗੇ ਫਾਰਮਾਸਿਸਟ

ਉਨਟਾਰੀਓ ਦੇ ਡਾਕਟਰਾਂ ਤੋਂ ਬੋਝ ਘਟਾਉਣ ਲਈ ਫਾਰਮਾਸਿਸਟਾਂ ਨੂੰ 14 ਹੋਰ ਸਿਹਤ ਸਮੱਸਿਆਵਾਂ ਦੀ ਦਵਾਈ ਲਿਖਣ ਦਾ ਹੱਕ ਦਿਤਾ ਜਾ ਰਿਹਾ ਹੈ

Update: 2025-09-18 12:40 GMT

ਟੋਰਾਂਟੋ : ਉਨਟਾਰੀਓ ਦੇ ਡਾਕਟਰਾਂ ਤੋਂ ਬੋਝ ਘਟਾਉਣ ਲਈ ਫਾਰਮਾਸਿਸਟਾਂ ਨੂੰ 14 ਹੋਰ ਸਿਹਤ ਸਮੱਸਿਆਵਾਂ ਦੀ ਦਵਾਈ ਲਿਖਣ ਦਾ ਹੱਕ ਦਿਤਾ ਜਾ ਰਿਹਾ ਹੈ ਪਰ ਉਨਟਾਰੀਓ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦਾ ਤਾਜ਼ਾ ਕਦਮ ਮਰੀਜ਼ਾਂ ਵਾਸਤੇ ਖਤਰਾ ਪੈਦਾ ਕਰ ਸਕਦਾ ਹੈ। ਡਗ ਫੋਰਡ ਸਰਕਾਰ ਚਾਹੁੰਦੀ ਹੈ ਕਿ ਲੋਕ ਅੱਖਾਂ ਦੀਆਂ ਕੁਝ ਸਮੱਸਿਆਵਾਂ ਤੋਂ ਇਲਾਵਾ ਮਾਨਸਿਕ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਵੀ ਸਿੱਧਾ ਫਾਰਮਾਸਿਸਟਾਂ ਤੋਂ ਲੈਣ ਤਾਂਕਿ ਫੈਮਿਲੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਹੀ ਨਾ ਪਵੇ। ਸਿਰਫ਼ ਐਨਾ ਹੀ ਨਹੀਂ ਫਿਜ਼ੀਓਥੈਰੇਪੀ ਨਾਲ ਸਬੰਧਤ ਕੁਝ ਰੋਗ ਵੀ ਨਵੀਂ ਸੂਚੀ ਵਿਚ ਸ਼ਾਮਲ ਕੀਤੇ ਜਾ ਰਹੇ ਹਨ।

ਡਗ ਫ਼ੋਰਡ ਸਰਕਾਰ ਲਿਆ ਰਹੀ ਨਵੀਂ ਨੀਤੀ, ਡਾਕਟਰਾਂ ਨੇ ਖਤਰਾ ਦੱਸਿਆ

ਉਧਰ, ਉਨਟਾਰੀਓ ਫਾਰਮਾਸਿਸਟ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫ਼ਸਰ ਜਸਟਿਨ ਬੇਟਸ ਨੇ ਕਿਹਾ ਕਿ ਸਾਡੇ ਹੈਲਥ ਕੇਅਰ ਸਿਸਟਮ ਵਿਚ ਵੱਡੀਆਂ ਕਮੀਆਂ ਆ ਚੁੱਕੀਆਂ ਹਨ। ਸਿਹਤ ਸੰਭਾਲ ਖੇਤਰ ਦੀ ਸਮਰੱਥ ਵਧਾਉਣ ਦੀ ਬਜਾਏ ਪ੍ਰਾਇਮਰੀ ਹੈਲਥ ਕੇਅਰ ਦਾ ਮਖੌਲ ਬਣਾਇਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਦੇ ਫਾਰਮਾਸਿਸਟ ਮੌਜੂਦਾ ਸਮੇਂ ਵਿਚ ਖੰਘ ਜ਼ੁਕਾਮ ਜਾਂ ਗਲਾ ਖਰਾਬ ਹੋਣ ਵਰਗੀਆਂ 19 ਬਿਮਾਰੀਆਂ ਵਾਸਤੇ ਦਵਾਈਆਂ ਲਿਖ ਕੇ ਦੇ ਰਹੇ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਰਾਹੀਂ ਕਲੀਨਿਕਸ ਜਾਂ ਐਮਰਜੰਸੀ ਰੂਮਜ਼ ਉਤੇ ਪੈਣ ਵਾਲਾ ਦਬਾਅਦ ਘਟਾਇਆ ਜਾ ਸਕਦਾ ਹੈ ਪਰ ਉਨਟਾਰੀਓ ਮੈਡੀਕਲ ਐਸੋਸੀਏਸ਼ਨ ਦੀ ਪ੍ਰਧਾਨ ਡਾ. ਜ਼ੈਨਬ ਅਬਦੁਰ ਰਹਿਮਾਨ ਦਾ ਕਹਿਣਾ ਸੀ ਕਿ ਡਾਕਟਰਾਂ ਕੋਲ ਕਈ ਸਾਲ ਦੀ ਸਿਖਲਾਈ ਹੁੰਦੀ ਹੈ ਪਰ ਫਾਰਮਾਸਿਸਟਾਂ ਕੋਲ ਅਜਿਹਾ ਕੋਈ ਤਜਰਬਾ ਨਹੀਂ ਹੁੰਦਾ ਜਿਸ ਨੂੰ ਵੇਖਦਿਆਂ ਨਵੇਂ ਨਿਯਮ ਖਤਰਾ ਬਣ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਉਨਟਾਰੀਓ ਵਿਚ 25 ਲੱਖ ਤੋਂ ਵੱਧ ਲੋਕਾਂ ਕੋਲ ਫੈਮਿਲੀ ਡਾਕਟਰ ਦੀ ਸਹੂਲਤ ਨਹੀਂ ਅਤੇ ਡਗ ਫੋਰਡ ਸਰਕਾਰ ਦਾਅਵਾ ਕਰ ਰਹੀ ਹੈ ਕਿ 2029 ਤੱਕ ਸੂਬੇ ਦੇ ਹਰ ਵਸਨੀਕ ਨੂੰ ਪ੍ਰਾਇਮਰੀ ਕੇਅਰ ਡਾਕਟਰ ਨਾਲ ਜੋੜ ਦਿਤਾ ਜਾਵੇਗਾ।

ਅੱਖਾਂ, ਮਾਨਸਿਕ ਰੋਗ ਅਤੇ ਫ਼ਿਜ਼ੀਓਥੈਰੇਪੀ ਨਾਲ ਸਬੰਧਤ ਸਮੱਸਿਆਵਾਂ ਸ਼ਾਮਲ

ਟੋਰਾਂਟੋ ਦੀ ਫਾਰਮਾਸਿਸਟ ਮੈਮਲ ਕੇਲਾਡਾ ਦਾ ਕਹਿਣਾ ਸੀ ਕਿ ਹੁਣ ਵੀ ਜ਼ਿਆਦਾਤਰ ਲੋਕ ਬਿਮਾਰ ਹੋਣ ’ਤੇ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰਜ਼ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਫਾਰਮਾਸਿਸਟ ਕੋਲ ਵੀ ਕੁਝ ਸਿਹਤ ਸਮੱਸਿਆਵਾਂ ਦੀ ਦਵਾਈ ਲਿਖਣ ਦਾ ਹੱਕ ਹੈ। ਨਵੀਂ ਤਜਵੀਜ਼ ਨਾਲ ਮਰੀਜ਼ਾਂ ਨੂੰ ਜ਼ਰੂਰਤ ਮੁਤਾਬਕ ਦਵਾਈਆਂ ਹਾਸਲ ਕਰਨ ਵਿਚ ਸੌਖ ਹੋਵੇਗੀ। ਉਧਰ ਨਿਊਰੋ ਸਾਈਕੋਲੌਜਿਸਟ ਡਾ. ਡਾਇਨਾ ਵੈਲੀਕੌਂਜਾ ਨੇ ਕਿਹਾ ਕਿ ਨਵੀਂ ਨੀਤੀ ਰਾਹੀਂ ਮੈਂਟਲ ਹੈਲਥ ਨਾਲ ਸਬੰਧਤ ਮਸਲਿਆਂ ਨੂੰ ਤੇਜ਼ੀ ਨਾਲ ਸੁਲਝਾਇਆ ਜਾ ਸਕਦਾ ਹੈ ਪਰ ਮਨੋਰੋਗ ਮਾਹਰਾਂ ਵੱਲੋਂ ਦਵਾਈਆਂ ਲਿਖੇ ਜਾਣ ’ਤੇ ਮਰੀਜ਼ਾਂ ਨੂੰ ਜਲਦ ਸਿਹਤਯਾਬ ਹੋਣ ਵਿਚ ਮਦਦ ਮਿਲੇਗੀ।

Tags:    

Similar News