ਉਨਟਾਰੀਓ ਵਿਚ ਖਸਰੇ ਦੇ ਮਰੀਜ਼ਾਂ ਦੀ ਗਿਣਤੀ 1800 ਹੋਈ
ਉਨਟਾਰੀਓ ਵਿਚ ਖਸਰੇ ਦੇ 173 ਨਵੇਂ ਮਰੀਜ਼ ਸਾਹਮਣੇ ਆਉਣ ਮਗਰੋਂ ਕੁਲ ਅੰਕੜਾ 1800 ਦੇ ਨੇੜੇ ਪੁੱਜ ਗਿਆ ਹੈ।
ਟੋਰਾਂਟੋ : ਉਨਟਾਰੀਓ ਵਿਚ ਖਸਰੇ ਦੇ 173 ਨਵੇਂ ਮਰੀਜ਼ ਸਾਹਮਣੇ ਆਉਣ ਮਗਰੋਂ ਕੁਲ ਅੰਕੜਾ 1800 ਦੇ ਨੇੜੇ ਪੁੱਜ ਗਿਆ ਹੈ। ਪਬਲਿਕ ਹੈਲਥ ਉਨਟਾਰੀਓ ਨੇ ਦੱਸਿਆ ਕਿ ਬਿਮਾਰੀ ਦਾ ਜ਼ਿਆਦਾ ਅਸਰ ਬੱਚਿਆਂ ’ਤੇ ਰਿਹਾ ਅਤੇ ਹੁਣ ਤੱਕ 129 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਜਿਨ੍ਹਾਂ ਵਿਚੋਂ 10 ਇੰਟੈਨਸਿਵ ਕੇਅਰ ਯੂਨਿਟ ਤੱਕ ਪੁੱਜ ਗਏ। ਨਵੇਂ ਮਾਮਲਿਆਂ ਵਿਚੋਂ 98 ਔਕਸਫੋਰਡ ਕਾਊਂਟੀ, ਐਲਗਿਨ ਕਾਊਂਟੀ ਅਤੇ ਸੇਂਟ ਥੌਮਸ ਵਿਖੇ ਦੱਸੇ ਜਾ ਰਹੇ ਹਨ। ਦੂਜੇ ਪਾਸੇ ਐਲਬਰਟਾ ਵਿਚ ਮਾਰਚ ਮਗਰੋਂ 500 ਮਰੀਜ਼ ਸਾਹਮਣੇ ਆ ਚੁੱਕੇ ਹਨ।
170 ਨਵੇਂ ਮਰੀਜ਼ ਆਏ ਸਾਹਮਣੇ
ਗੁਆਂਢੀ ਮੁਲਕ ਦਾ ਜ਼ਿਕਰ ਕੀਤਾ ਜਾਵੇ ਤਾਂ ਅਮਰੀਕਾ ਵਿਚ ਪਿਛਲੇ ਦੋ ਦਹਾਕਿਆਂ ਦੌਰਾਨ ਖਸਰਾ ਫੈਲਣ ਦਾ ਸਭ ਤੋਂ ਵੱਡਾ ਮਾਮਲਾ ਪਿਛਲੇ ਦਿਨੀਂ ਸਾਹਮਣੇ ਆਇਆ।ਅਮਰੀਕਾ ਦੇ ਅੱਠ ਰਾਜਾਂ ਵਿਚ ਖਸਰੇ ਦੇ ਮਰੀਜ਼ ਵਧਣ ਦੀ ਰਿਪੋਰਟ ਹੈ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਬਿਮਾਰੀ ਦੇ ਲੱਛਣ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਬਿਮਾਰੀ ਦੇ ਲੱਛਣਾਂ ਦਾ ਜ਼ਿਕਰ ਕਰਦਿਆਂ ਸਿਹਤ ਮਾਹਰਾਂ ਨੇ ਕਿਹਾ ਕਿ ਸ਼ੁਰੂਆਤ ਫਲੂ ਵਰਗੇ ਲੱਛਣਾਂ ਨਾਲ ਹੁੰਦੀ ਹੈ ਅਤੇ ਖੰਘ ਦੇ ਨਾਲ ਬੁਖਾਰ ਵੀ ਹੋ ਸਕਦਾ ਹੈ ਪਰ ਇਸੇ ਦੌਰਾਨ ਸਰੀਰ ’ਤੇ ਲਾਲ ਧੱਬੇ ਵੀ ਨਜ਼ਰ ਆਉਣ ਲਗਦੇ ਹਨ। ਇਹ ਬਿਮਾਰੀ ਇਮਿਊਨ ਸਿਸਟਮ ’ਤੇ ਹਮਲਾ ਕਰਦੀ ਹੈ ਅਤੇ ਨਿਮੋਨੀਆ ਵਰਗੇ ਹੋਰ ਇਨਫੈਕਸ਼ਨ ਜਾਨ ਦਾ ਖਤਰਾ ਵੀ ਪੈਦਾ ਕਰ ਸਕਦੇ ਹਨ।