ਉਨਟਾਰੀਓ ਸਰਕਾਰ ਨੇ ਪੇਸ਼ ਕੀਤਾ 232.5 ਅਰਬ ਡਾਲਰ ਦਾ ਬਜਟ

ਉਨਟਾਰੀਓ ਦੇ ਅਰਥਚਾਰੇ ਨੂੰ ਅਮਰੀਕਾ ਦੇ ਟੈਰਿਫ਼ ਖਤਰਿਆਂ ਤੋਂ ਬਚਾਉਣ ਦੇ ਯਤਨਾਂ ਤਹਿਤ ਡਗ ਫੋਰਡ ਸਰਕਾਰ ਵੱਲੋਂ 232.5 ਅਰਬ ਡਾਲਰ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨਾਲ ਘਾਟਾ ਵਧ ਕੇ 14.6 ਅਰਬ ਡਾਲਰ ’ਤੇ ਪੁੱਜ ਸਕਦਾ ਹੈ।

Update: 2025-05-16 12:49 GMT

ਟੋਰਾਂਟੋ : ਉਨਟਾਰੀਓ ਦੇ ਅਰਥਚਾਰੇ ਨੂੰ ਅਮਰੀਕਾ ਦੇ ਟੈਰਿਫ਼ ਖਤਰਿਆਂ ਤੋਂ ਬਚਾਉਣ ਦੇ ਯਤਨਾਂ ਤਹਿਤ ਡਗ ਫੋਰਡ ਸਰਕਾਰ ਵੱਲੋਂ 232.5 ਅਰਬ ਡਾਲਰ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨਾਲ ਘਾਟਾ ਵਧ ਕੇ 14.6 ਅਰਬ ਡਾਲਰ ’ਤੇ ਪੁੱਜ ਸਕਦਾ ਹੈ। ਵਿੱਤ ਮੰਤਰੀ ਪੀਟਰ ਬੈਥਲੈਨਫੌਲਵੀ ਨੇ ਕਿਹਾ ਕਿ ਉਨਟਾਰੀਓ ਅਤੇ ਸਮੁੱਚਾ ਕੈਨੇਡਾ ਇਕੋ ਸਮੱਸਿਆ ਦਾ ਟਾਕਰਾ ਰਿਹਾ ਹੈ ਅਤੇ ਭਵਿੱਖ ਵਿਚ ਆਪਣਾ ਬਚਾਅ ਕਰਨ ਲਈ ਠੋਸ ਕਦਮ ਉਠਾਉਣੇ ਲਾਜ਼ਮੀ ਹਨ। ਪੀ.ਸੀ. ਪਾਰਟੀ ਦੇ ਚੋਣਾਂ ਜਿੱਤਣ ਮਗਰੋਂ ਪੇਸ਼ ਪਹਿਲੇ ਬਜਟ ਵਿਚ ਸਿਹਤ ਅਤੇ ਸਿੱਖਿਆ ਖੇਤਰ ਵਾਸਤੇ ਬਹੁਤਾ ਵਾਧਾ ਨਹੀਂ ਕੀਤਾ ਗਿਆ ਪਰ ਸਰਕਾਰ ਦਾ ਕਹਿਣਾ ਹੈ ਕਿ 5 ਅਰਬ ਡਾਲਰ ਦੀ ਰਕਮ ਵੱਖਰੀ ਰੱਖੀ ਜਾ ਰਹੀ ਹੈ ਜਿਸ ਦੀ ਵਰਤੋਂ ਟੈਰਿਫ਼ਸ ਕਾਰਨ ਪੈਣ ਵਾਲੇ ਅਸਰਾਂ ਤੋਂ ਬਚਣ ਵਾਸਤੇ ਕੀਤੀ ਜਾਵੇਗੀ।

ਹੈਲਥ ਕੇਅਰ ਅਤੇ ਐਜੁਕੇਸ਼ਨ ਸੈਕਟਰ ਵਾਸਤੇ ਮਾਮੂਲੀ ਵਾਧਾ

ਵਿੱਤ ਮੰਤਰੀ ਨੇ ਬਜਟ ਤਜਵੀਜ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਉਂਦੇ 10 ਸਾਲ ਦੌਰਾਨ ਇਨਫ਼ਰਾਸਟ੍ਰਕਚਰ ’ਤੇ 200 ਅਰਬ ਡਾਲਰ ਖਰਚ ਕੀਤੇ ਜਾਣਗੇ ਜਿਨ੍ਹਾਂ ਵਿਚੋਂ 33 ਅਰਬ ਡਾਲਰ 2025-26 ਦੌਰਾਨ ਖਰਚ ਕਰਨ ਦੀ ਤਜਵੀਜ਼ ਹੈ। ਇਕ ਦਹਾਕੇ ਦੀ ਯੋਜਨਾ ਤਹਿਤ 30 ਅਰਬ ਡਾਲਰ ਹਾਈਵੇਜ਼ ਦੀ ਉਸਾਰੀ ਅਤੇ ਸਾਂਭ ਸੰਭਾਲ ’ਤੇ ਖਰਚੇ ਕੀਤੇ ਜਾਣਗੇ ਜਦਕਿ 61 ਅਰਬ ਡਾਲਰ ਦੀ ਰਕਮ ਪਬਲਿਕ ਟ੍ਰਾਂਜ਼ਿਟ ’ਤੇ ਖਰਚ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਤੋਂ ਇਲਾਵਾ 56 ਅਰਬ ਡਾਲਰ ਹੈਲਥ ਕੇਅਰ ਇਨਫ਼ਰਾਸਟ੍ਰਕਚਰ ਅਤੇ 30 ਅਰਬ ਡਾਲਰ ਸਕੂਲਾਂ ਤੇ ਚਾਇਲਡ ਕੇਅਰ ਸਪੇਸਿਜ਼ ਵਾਸਤੇ ਖਰਚੇ ਜਾਣਗੇ। ਬਜਟ ਵਿਚ ਗੈਸ ਟੈਕਸ ਪੱਕੇ ਤੌਰ ’ਤੇ ਹਟਾਉਣ ਦੀ ਤਜਵੀਜ਼ ਸ਼ਾਮਲ ਹੈ ਜਦਕਿ ਕਲੈਰਿੰਗਟਨ ਅਤੇ ਪਿਕਰਿੰਗ ਦਰਮਿਆਨ ਹਾਈਵੇਅ 407 ਈਸਟ ਤੋਂ ਟੋਲ ਵੀ ਹਟਾਏ ਜਾ ਰਹੇ ਹਨ।

ਅਮਰੀਕਾ ਦੀਆਂ ਟੈਰਿਫਸ ਦੇ ਮੱਦੇਨਜ਼ਰ 5 ਅਰਬ ਡਾਲਰ ਵੱਖਰੇ ਰੱਖੇ

ਕਾਰੋਬਾਰੀਆਂ ਨੂੰ ਛੇ ਮਹੀਨੇ ਲਈ ਕੁਝ ਟੈਕਸਾਂ ਤੋਂ ਰਾਹਤ ਦਾ ਐਲਾਨ ਵੀ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਜੋ ਬਜਟ ਤਜਵੀਜ਼ਾਂ ਵਿਚ ਸ਼ਾਮਲ ਕੀਤਾ ਗਿਆ ਹੈ। ਕਾਰੋਬਾਰੀਆਂ ਨੂੰ ਰਾਹਤ ਨਾਲ ਸਰਕਾਰੀ ਖ਼ਜ਼ਾਨੇ ਉਤੇ 9 ਅਰਬ ਡਾਲਰ ਦਾ ਬੋਝ ਪਵੇਗਾ। ਮੌਜੂਦਾ ਖਰਚਿਆਂ ਦੇ ਹਿਸਾਬ ਨਾਲ 2026-27 ਦੌਰਾਨ ਬਜਟ ਘਾਟਾ 7.8 ਅਰਬ ਡਾਲਰ ਰਹੇਗਾ ਜਦਕਿ ਇਸ ਤੋਂ ਪਹਿਲਾਂ 500 ਮਿਲੀਅਨ ਡਾਲਰ ਦੀ ਸਰਪਲਸ ਦਾ ਅੰਦਾਜ਼ਾ ਲਾਇਆ ਗਿਆ ਸੀ। ਸੂਬਾ ਸਰਕਾਰ ਨੂੰ ਯਕੀਨ ਹੈ ਕਿ 2027-28 ਤੱਕ ਬਜਟ ਘਾਟਾ ਮੁਕੰਮਲ ਤੌਰ ’ਤੇ ਖਤਮ ਹੋ ਸਕਦਾ ਹੈ ਅਤੇ 200 ਮਿਲੀਅਨ ਡਾਲਰ ਦਾ ਮਾਮੂਲੀ ਸਰਪਲਸ ਸਾਹਮਣੇ ਆਉਣ ਦੇ ਆਸਾਰ ਹਨ। 2024 ਦੌਰਾਨ ਉਨਟਾਰੀਓ ਦਾ ਜੀ.ਡੀ.ਪੀ. 1.5 ਫੀ ਸਦੀ ਵਧਿਆ ਪਰ ਮੌਜੂਦਾ ਵਰ੍ਹੇ ਦੌਰਾਨ ਵਾਧਾ ਦਰ 0.8 ਫੀ ਸਦੀ ਰਹਿਣ ਦੀ ਉਮੀਦ ਹੈ। ਹੈਲਥ ਕੇਅਰ ਵਾਸਤੇ 91.1 ਅਰਬ ਡਾਲਰ ਦੀ ਰਕਮ ਦਾ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਸਾਲ 89.3 ਅਰਬ ਡਾਲਰ ਖਰਚ ਕੀਤੇ ਗਏ ਸਨ ਪਰ ਇਸ ਵਾਰ ਵਾਧਾ ਮਹਿੰਗਾਈ ਦਰ ਤੋਂ ਹੇਠਾਂ ਨਜ਼ਰ ਆ ਰਿਹਾ ਹੈ। ਬਜਟ ਤਜਵੀਜ਼ਾਂ ਮੁਤਾਬਕ ਫਰਟੀਲਿਟੀ ਦਾ ਇਲਾਜ ਕਰਵਾਉਣ ਵਾਲਿਆਂ ਨੂੰ ਕੁਲ ਖਰਚ ਹੋਣ ਵਾਲੀ ਰਕਮ ਦਾ 25 ਫੀ ਸਦੀ ਹਿੱਸਾ ਟੈਕਸ ਕ੍ਰੈਡਿਟ ਦੇ ਰੂਪ ਵਿਚ ਵਾਪਸ ਮਿਲੇਗਾ ਅਤੇ ਵੱਧ ਤੋਂ ਵੱਧ ਪੰਜ ਹਜ਼ਾਰ ਡਾਲਰ ਹੋਵੇਗੀ।

10 ਸਾਲ ਦੌਰਾਨ ਇਨਫਰਾਸਟ੍ਰਕਚਰ ’ਤੇ 200 ਅਰਬ ਡਾਲਰ ਖਰਚ ਕਰਨ ਦੀ ਤਜਵੀਜ਼

ਦੂਜੇ ਪਾਸੇ ਸਿੱਖਿਆ ਖੇਤਰ ਦਾ ਬਜਟ ਇਕ ਅਰਬ ਡਾਲਰ ਦੇ ਵਾਧੇ ਨਾਲ 38.4 ਡਾਲਰ ਤੈਅ ਕੀਤਾ ਗਿਆ ਹੈ ਅਤੇ ਅਗਲੇ ਦੋ ਸਾਲ ਦੌਰਾਨ ਕੋਈ ਵਾਧਾ ਹੋਣ ਦੇ ਆਸਾਰ ਨਹੀਂ। ਉਧਰ ਵਿਰੋਧੀ ਧਿਰ ਨੇ ਡਗ ਫੋਰਡ ਸਰਕਾਰ ਦੇ ਆਰਥਿਕ ਦਸਤਾਵੇਜ਼ ਨੂੰ ਬੈਂਡਏਡ ਬਜਟ ਕਰਾਰ ਦਿਤਾ ਹੈ। ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਸ਼ਰਾਬ ਦੀਆਂ ਕੀਮਤਾਂ ਬਾਰੇ ਲੰਮਾ ਵਿਚਾਰ ਵਟਾਂਦਰਾ ਕੀਤਾ ਗਿਆ ਪਰ ਚਾਈਲਡ ਕੇਅਰ ਜਾਂ ਪੋਸਟ ਸੈਕੰਡਰੀ ਦੇ ਖਰਚਿਆਂ ਬਾਰੇ ਕਿਸੇ ਨੇ ਕੋਈ ਜ਼ਿਕਰ ਨਾ ਕੀਤਾ। ਹਾਊਸਿੰਗ ਸੈਕਟਰ ਵੱਲ ਵੀ ਸਰਕਾਰ ਦਾ ਕੋਈ ਧਿਆਨ ਨਹੀਂ।

ਆਰਥਿਕ ਵਿਕਾਸ 0.8 ਫ਼ੀ ਸਦੀ ਰਹਿਣ ਦੇ ਆਸਾਰ

ਉਨਟਾਰੀਓ ਸਰਕਾਰ ਨੇ 2031 ਤੱਕ 15 ਲੱਖ ਮਕਾਨ ਉਸਾਰਨ ਦਾ ਟੀਚਾ ਮਿੱਥਿਆ ਸੀ ਅਤੇ ਇਸ ਵਾਸਤੇ ਹਰ ਸਾਲ ਇਕ ਲੱਖ ਘਰਾਂ ਦੀ ਉਸਾਰੀ ਲਾਜ਼ਮੀ ਹੈ ਪਰ ਮੌਜੂਦਾ ਵਰ੍ਹੇ ਦੌਰਾਨ ਸਿਰਫ 72 ਹਜ਼ਾਰ ਨਵੇਂ ਘਰਾਂ ਦੀ ਉਸਾਰੀ ਸ਼ੁਰੂ ਹੋਣ ਦੇ ਆਸਾਰ ਹਨ। ਗਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੀਨਰ ਨੇ ਦੋਸ਼ ਲਾਇਆ ਕਿ ਡਗ ਫੋਰਡ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ। ਲਿਬਰਲ ਆਗੂ ਬੌਨੀ ਕਰੌਂਬੀ ਨੇ ਕਿਹਾ ਕਿ ਕਨਵੀਨੀਐਂਸ ਸਟੋਰਾਂ ਰਾਹੀਂ ਸ਼ਰਾਬ ਵੇਚ ਕੇ ਸਰਕਾਰ ਦੀ ਆਮਦਨ ਘਟ ਰਹੀ ਹੈ ਅਤੇ ਇਹ ਰਕਮ ਸਕੂਲਾਂ ਤੇ ਹਸਪਤਾਲਾਂ ਉਤੇ ਖਰਚ ਕੀਤੀ ਜਾ ਸਕਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰੀਮੀਅਰ ਡਗ ਫੋਰਡ ਨੂੰ ਹਰ ਵੇਲੇ ਸ਼ਰਾਬ ਦੀ ਚਿੰਤਾ ਲੱਗੀ ਰਹਿੰਦੀ ਹੈ। ਬਜਟ ਵਿਚ ਹੈਲਥ ਕੇਅਰ ਦੇ ਮੁਕਾਬਲੇ ਸ਼ਰਾਬ ਦਾ ਹੀ ਜ਼ਿਕਰ ਹੁੰਦਾ ਰਿਹਾ ਹੈ।

Tags:    

Similar News