ਉਨਟਾਰੀਓ ਵਾਸੀਆਂ ਨੂੰ ਜੂਨ 2025 ਤੱਕ ਮਿਲੇਗੀ ਗੈਸ ਟੈਕਸ ਰਿਆਇਤ
ਉਨਟਾਰੀਓ ਵਾਸੀਆਂ ਨੂੰ ਸੂਬਾਈ ਗੈਸ ਟੈਕਸ ਤੋਂ ਰਾਹਤ ਜੂਨ 2025 ਤੱਕ ਜਾਰੀ ਰਹੇਗੀ।;
ਟੋਰਾਂਟੋ, : ਉਨਟਾਰੀਓ ਵਾਸੀਆਂ ਨੂੰ ਸੂਬਾਈ ਗੈਸ ਟੈਕਸ ਤੋਂ ਰਾਹਤ ਜੂਨ 2025 ਤੱਕ ਜਾਰੀ ਰਹੇਗੀ। ਜੀ ਹਾਂ, ਪ੍ਰੀਮੀਅਰ ਡਗ ਫੋਰਡ ਵੱਲੋਂ 200-200 ਡਾਲਰ ਦੇ ਚੈਕ ਵੰਡਣ ਦੀ ਤਿਆਰੀ ਦਰਮਿਆਨ ਟੈਕਸ ਰਾਹਤ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਦਾ ਮੰਨਣਾ ਹੈ ਕਿ 5.7 ਫ਼ੀ ਸਦੀ ਗੈਸ ਟੈਕਸ ਦੀ ਰਾਹਤ ਨਾਲ ਤਿੰਨ ਸਾਲ ਦੌਰਾਨ ਇਕ ਪਰਵਾਰ ਨੂੰ ਔਸਤਨ 380 ਡਾਲਰ ਦਾ ਫਾਇਦਾ ਹੋਵੇਗਾ। ਡਗ ਫੋਰਡ ਸਰਕਾਰ ਵੱਲੋਂ ਜੁਲਾਈ 2022 ਵਿਚ ਗੈਸ ਟੈਕਸ ਤੋਂ ਰਾਹਤ ਦਿਤੀ ਗਈ ਜਿਸ ਨੂੰ ਜੂਨ 2025 ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਪ੍ਰੀਮੀਅਰ ਡਗ ਫੋਰਡ ਨੇ ਕੀਤਾ ਐਲਾਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਹਾਲੇ ਵੀ ਰੋਜ਼ਾਨਾ ਖਰਚੇ ਚਲਾਉਣ ਲਈ ਸੰਘਰਸ਼ ਕਰ ਰਹੇ ਹਨ ਜਿਸ ਦੇ ਮੱਦੇਨਜ਼ਰ ਰਾਹਤ ਦਾ ਸਿਲਸਿਲਾ ਜਾਰੀ ਰੱਖਣ ਫੈਸਲਾ ਕੀਤਾ ਗਿਆ। ਡਗ ਫੋਰਡ ਨੇ ਫੈਡਰਲ ਸਰਕਾਰ ਨੂੰ ਸੱਦਾ ਦਿਤਾ ਕਿ 1 ਅਪ੍ਰੈਲ 2025 ਤੋਂ ਲਾਗੂ ਹੋਣ ਵਾਲਾ ਕਾਰਬਨ ਟੈਕਸ ਰੱਦ ਕਰ ਦਿਤਾ ਜਾਵੇ ਕਿਉਂਕਿ ਇਹ ਲੋਕਾਂ ’ਤੇ ਬੋਝ ਪਾਉਣ ਤੋਂ ਸਿਵਾਏ ਕੁਝ ਨਹੀਂ ਕਰੇਗਾ। ਦੂਜੇ ਪਾਸੇ ਕੈਨੇਡੀਅਨਜ਼ ਫੌਰ ਅਫੌਰਡੇਬਲ ਐਨਰਜੀ ਦੇ ਪ੍ਰਧਾਨ ਡੈਨ ਮੈਕਟੀਗ ਨੇ ਹੈਰਾਨੀ ਜ਼ਾਹਰ ਕੀਤੀ ਕਿ ਗੈਸ ਟੈਕਸ ਵਰਗੀ ਰਿਆਇਤ ਪ੍ਰੋਪੇਨ, ਨੈਚੁਰਲਗੈਸ ਜਾਂ ਬਿਜਲੀ ਦਰਾਂ ’ਤੇ ਕਿਉਂ ਨਹੀਂ ਐਲਾਨੀ ਜਾਂਦੀ। ਉਨ੍ਹਾਂ ਕਿਹਾ ਕਿ ਉਨਟਾਰੀਓ ਦੇ ਦੋ ਤਿਹਾਈ ਲੋਕ ਨੈਚੁਰਲ ਗੈਸ ਜਾਂ ਪ੍ਰੋਪੇਨ ਦੀ ਵਰਤੋਂ ਕਰਦੇ ਹਨ ਅਤੇ ਆਉਣ ਵਾਲੇ ਸਿਆਲ ਵਿਚ ਇਸ ਦੀ ਵਰਤੋਂ ਹੋਰ ਵੀ ਵਧੇਗੀ। ਇਸੇ ਦੌਰਾਨ ਮੰਕ ਸਕੂਲ ਆਫ਼ ਗਲੋਬਲ ਅਫੇਅਰਜ਼ ਐਂਡ ਪਬਲਿਕ ਪੌਲਿਸੀ ਦੇ ਬਰਾਇਨ ਲੁਈਸ ਨੇ ਕਿਹਾ ਕਿ ਕਲਾਈਮੇਟ ਚੇਂਜ ਦੇ ਟੀਚਿਆਂ ਬਾਰੇ ਉਨਟਾਰੀਓ ਸਰਕਾਰ ਸੰਭਾਵਤ ਤੌਰ ’ਤੇ ਗੰਭੀਰਤਾ ਨਾਲ ਸੋਚਣਾ ਨਹੀਂ ਚਾਹੁੰਦੀ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਸੂਬਾ ਸਰਕਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇਕ ਨੂੰ 200-200 ਡਾਲਰ ਨਕਦ ਵੰਡਣ ਦੀ ਤਿਆਰੀ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਲੋਕਾਂ ਤੱਕ ਚੈੱਕ ਪੁੱਜਣ ਦੀ ਤਰੀਕ ਸਾਹਮਣੇ ਆਉਣ ਮਗਰੋਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਤਰੀਕਾਂ ਵੀ ਸਾਹਮਣੇ ਆ ਸਕਦੀਆਂ ਹਨ। ਉਨਟਾਰੀਓ ਦੇ ਲੋਕਾਂ ਦਾ ਦਿਲ ਜਿੱਤਣ ਦੇ ਮਕਸਦ ਨਾਲ ਹੀ ਡਗ ਫੋਰਡ ਸਰਕਾਰ ਵੱਲੋਂ ਕਨਵੀਨੀਐਂਸ ਸਟੋਰਾਂ ’ਤੇ ਬੀਅਰ ਵੇਚਣ ਦੀ ਯੋਜਨਾ ਸਮੇਂ ਤੋਂ ਪਹਿਲਾਂ ਲਾਗੂ ਕੀਤੀ ਗਈ ਪਰ ਪੱਤਰਕਾਰਾਂ ਵੱਲੋਂ ਕਈ ਮੌਕਿਆਂ ’ਤੇ ਪੁੱਛੇ ਚੋਣਾਂ ਨਾਲ ਸਬੰਧਤ ਸਵਾਲ ਨੂੰ ਪ੍ਰੀਮੀਅਰ ਨੇ ਟਾਲ ਦਿਤਾ।