ਰਿਚਮੰਡ ਹਿਲ ਵਿਖੇ ਗੈਂਗਸਟਰਾਂ ਦੇ ਹਮਲੇ ਦੌਰਾਨ ਇਕ ਹਲਾਕ
ਉਨਟਾਰੀਓ ਦੇ ਰਿਚਮੰਡ ਹਿਲ ਵਿਖੇ ਵੀਰਵਾਰ ਸ਼ਾਮ ਟਾਰਗੈਟਡ ਸ਼ੂਟਿੰਗ ਦੌਰਾਨ ਇਕ ਜਣੇ ਦੀ ਮੌਤ ਹੋ ਗਈ
ਰਿਚਮੰਡ ਹਿਲ : ਉਨਟਾਰੀਓ ਦੇ ਰਿਚਮੰਡ ਹਿਲ ਵਿਖੇ ਵੀਰਵਾਰ ਸ਼ਾਮ ਟਾਰਗੈਟਡ ਸ਼ੂਟਿੰਗ ਦੌਰਾਨ ਇਕ ਜਣੇ ਦੀ ਮੌਤ ਹੋ ਗਈ। ਯਾਰਕ ਰੀਜਨਲ ਪੁਲਿਸਦੇ ਕਾਂਸਟੇਬਲ ਜੇਮਜ਼ ਡਿਕਸਨ ਨੇ ਦੱਸਿਆ ਕਿ ਮੇਪਲ ਗਰੋਵ ਐਵੇਨਿਊ ਅਤੇ ਕਿੰਗ ਰੋਡ ਨੇੜੇ ਪਾਰਕਰ ਐਵੇਨਿਊ ਵਿਖੇ ਵਾਰਦਾਤ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੂੰ ਇਕ ਜਣਾ ਜ਼ਖਮੀ ਹਾਲਤ ਵਿਚ ਮਿਲਿਆ। ਪੈਰਾਮੈਡਿਕਸ ਵੱਲੋਂ ਉਸ ਨੂੰ ਮੁਢਲੀ ਸਹਾਇਤਾ ਦਿੰਦਿਆਂ ਹਸਪਤਾਲ ਲਿਜਾਣ ਦੇ ਯਤਨ ਕੀਤੇ ਗਏ ਪਰ ਮੌਕੇ ’ਤੇ ਹੀ ਦਮ ਤੋੜ ਗਿਆ।
ਪੁਲਿਸ ਕਰ ਰਹੀ 2 ਸ਼ੱਕੀਆਂ ਦੀ ਭਾਲ
ਮਰਨ ਵਾਲੇ ਦੀ ਸ਼ਨਾਖਤ ਜ਼ਾਹਰ ਨਹੀਂ ਕੀਤੀ ਗਈ। ਡਿਕਸਨ ਨੇ ਕਿਹਾ ਕਿ ਦੋ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਨ੍ਹਾਂ ਦੇ ਵੇਰਵੇ ਸਾਂਝੇ ਕਰਨੇ ਸੰਭਵ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਇਹ ਵਾਰਦਾਤ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ। ਪੁਲਿਸ ਵੱਲੋਂ ਗੋਲੀਬਾਰੀ ਦੇ ਮਕਸਦ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਦੇ ਡੈਸ਼ਕੈਮ ਜਾਂ ਡੋਰਬੈਲ ਕੈਮਰੇ ਵਿਚ ਸ਼ੱਕੀਆਂ ਦੀ ਤਸਵੀਰ ਕੈਦ ਹੋਈ ਹੋਵੇ ਤਾਂ ਜਾਂਚਕਰਤਾਵਾਂ ਨਾਲ ਸਾਂਝੀ ਕੀਤੀ ਜਾਵੇ।