ਕੈਨੇਡਾ ਨੂੰ ਕੋਈ ਅਮਰੀਕਾ ਦਾ 51ਵਾਂ ਸੁਬਾ ਨਹੀਂ ਬਣਾ ਸਕਦਾ : ਡਗ ਫੋਰਡ
ਡੌਨਲਡ ਟਰੰਪ ਵੱਲੋਂ ਕੀਤੀ ਟਿੱਪਣੀ ਨੂੰ ਫ਼ਜ਼ੂਲ ਕਰਾਰ ਦਿੰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣੇਗਾ।;
ਟੋਰਾਂਟੋ : ਡੌਨਲਡ ਟਰੰਪ ਵੱਲੋਂ ਕੀਤੀ ਟਿੱਪਣੀ ਨੂੰ ਫ਼ਜ਼ੂਲ ਕਰਾਰ ਦਿੰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣੇਗਾ। ਪ੍ਰੀਮੀਅਰ ਦਾ ਇਹ ਜਵਾਬ ਕੈਨੇਡੀਅਨ ਐਕਟਰ ਅਤੇ ਕੌਮੇਡੀਅਨ ਮਾਈਕ ਮਾਇਰਜ਼ ਦੀ ਵੀਡੀਓ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਕੈਨੇਡਾ ਵਾਲੇ ਆਪਣੇ ਭੈਣ-ਭਰਾਵਾਂ ਦਾ ਖਿਆਲ ਰੱਖਦੇ ਹਨ ਅਤੇ ਸਾਨੂੰ ਕਿਸੇ ਦਾ 51ਵਾਂ ਸੂਬਾ ਬਣਨ ਦੀ ਜ਼ਰੂਰਤ ਨਹੀਂ। ਇਕ ਸਮਾਗਮ ਵਿਚ ਸ਼ਾਮਲ ਹੋਣ ਪੁੱਜੇ ਡਗ ਫੋਰਡ ਨੇ ਕਿਹਾ ਕਿ ਸਾਨੂੰ ਕੈਨੇਡੀਅਨ ਹੋਣ ’ਤੇ ਮਾਣ ਹੈ ਅਤੇ ਅਸੀਂ ਹਮੇਸ਼ਾ ਇਸ ਰੁੁਤਬੇ ਲਈ ਸੰਘਰਸ਼ ਕਰਾਂਗੇ।
ਡੌਨਲਡ ਟਰੰਪ ਦੀ ਟਿੱਪਣੀ ਨੂੰ ਫ਼ਜ਼ੂਲ ਕਰਾਰ ਦਿਤਾ
ਇਥੇ ਦਸਣਾ ਬਣਦਾ ਹੈ ਕਿ ਡਗ ਫੋਰਡ ਦੀ ਇਹ ਟਿੱਪਣੀ ਡੌਨਲਡ ਟਰੰਪ ਵੱਲੋਂ ਕੀਤੇ ਉਸ ਟਵੀਟ ਦੇ ਜਵਾਬ ਵਿਚ ਆਈ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਗੁਆਂਢੀ ਮੁਲਕ ਨੂੰ 100 ਮਿਲੀਅਨ ਡਾਲਰ ਦੀਆਂ ਰਿਆਇਤਾਂ ਦੇ ਰਿਹਾ ਹੈ ਅਤੇ ਅਜਿਹੇ ਵਿਚ ਕੈਨੇਡਾ ਨੂੰ ਅਮਰੀਕਾ ਦਾ ਹੀ ਸੂਬਾ ਬਣ ਜਾਣਾ ਚਾਹੀਦਾ ਹੈ। ਦਿਲਚਸਪ ਗੱਲ ਇਹ ਹੈ ਕਿ ਹਾਲ ਹੀ ਵਿਚ ਕੀਤੇ ਇਕ ਸਰਵੇਖਣ ਦੌਰਾਨ 13 ਫੀ ਸਦੀ ਕੈਨੇਡੀਅਨਜ਼ ਵੱਲੋਂ ਅਮਰੀਕਾ ਦਾ ਹਿੱਸਾ ਬਣਨ ਦੀ ਇੱਛਾ ਜ਼ਾਹਰ ਕੀਤੀ ਗਈ। ਇਸ ਤੋਂ ਪਹਿਲਾਂ ਵੀ ਟਰੰਪ ਵੱਲੋਂ ਕੀਤੇ ਦਾਅਵਿਆਂ ਦਾ ਡਗ ਫੋਰਡ ਆਪਣੇ ਪੱਧਰ ’ਤੇ ਜਵਾਬ ਦਿੰਦੇ ਆਏ ਹਨ। ਟਰੰਪ ਵੱਲੋਂ 25 ਫੀ ਸਦੀ ਟੈਕਸ ਲਾਉਣ ਦੀ ਧਮਕੀ ਦਿਤੀ ਗਈ ਤਾਂ ਡਗ ਫੋਰਡ ਨੇ ਕਿਹਾ ਸੀ ਕਿ ਅਮਰੀਕਾ ਨੂੰ ਬਿਜਲੀ ਵੇਚਣੀ ਬੰਦ ਕਰ ਦਿਤੀ ਜਾਵੇਗੀ। ਕੁਝ ਦਿਨ ਬਾਅਦ ਉਨਟਾਰੀਓ ਵੱਲੋਂ ਅਮਰੀਕਾ ਵਿਚ ਬਣੀ ਸ਼ਰਾਬ ’ਤੇ ਪਾਬੰਦੀ ਲਾਉਣ ਦੀਆਂ ਕਨਸੋਆਂ ਵੀ ਸੁਣਨ ਨੂੰ ਮਿਲੀਆਂ।