ਟਰੂਡੋ ਸਰਕਾਰ ਵਿਰੁੱਧ ਬੇਵਿਸਾਹੀ ਮਤੇ ’ਤੇ ਵੋਟਿੰਗ ਸੋਮਵਾਰ ਨੂੰ ਹੋਣ ਦੇ ਆਸਾਰ

ਕੰਜ਼ਰਵੇਟਿਵ ਪਾਰਟੀ ਵੱਲੋਂ ਟਰੂਡੋ ਸਰਕਾਰ ਵਿਰੁੱਧ ਲਿਆਂਦੇ ਬੇਵਿਸਾਹੀ ਮਤੇ ਨੂੰ ਖੁਦ ਹੀ ਰੋਕੇ ਜਾਣ ਮਗਰੋਂ ਹਾਊਸ ਆਫ਼ ਕਾਮਨਜ਼ ਦੀ ਕਾਰਵਾਈ ਵਿਚ ਆਈ ਖੜੋਤ ਤੋੜਨ ਲਈ ਸਪੀਕਰ ਨੂੰ ਦਖਲ ਦੇਣਾ ਪਿਆ

Update: 2024-12-03 12:43 GMT

ਔਟਵਾ : ਕੰਜ਼ਰਵੇਟਿਵ ਪਾਰਟੀ ਵੱਲੋਂ ਟਰੂਡੋ ਸਰਕਾਰ ਵਿਰੁੱਧ ਲਿਆਂਦੇ ਬੇਵਿਸਾਹੀ ਮਤੇ ਨੂੰ ਖੁਦ ਹੀ ਰੋਕੇ ਜਾਣ ਮਗਰੋਂ ਹਾਊਸ ਆਫ਼ ਕਾਮਨਜ਼ ਦੀ ਕਾਰਵਾਈ ਵਿਚ ਆਈ ਖੜੋਤ ਤੋੜਨ ਲਈ ਸਪੀਕਰ ਨੂੰ ਦਖਲ ਦੇਣਾ ਪਿਆ। ਸਪੀਕਰ ਗ੍ਰੈਗ ਫਰਗਸ ਵੱਲੋਂ ਹੁਣ ਵੀਰਵਾਰ ਅਤੇ ਸ਼ੁੱਕਰਵਾਰ ਵਿਰੋਧੀ ਧਿਰ ਦੇ ਦਿਨ ਤੈਅ ਕੀਤੇ ਗਏ ਹਨ ਅਤੇ ਅਗਲੇ ਸੋਮਵਾਰ ਨੂੰ ਟਰੂਡੋ ਸਰਕਾਰ ਵਿਰੁੱਧ ਬੇਵਿਸਾਹੀ ਮਤੇ ’ਤੇ ਵੋਟਿੰਗ ਹੋ ਸਕਦੀ ਹੈ। ਸਪੀਕਰ ਦੇ ਦਖਲ ਤੋਂ ਪਹਿਲਾਂ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਆਗੂ ਕਰੀਨਾ ਗੂਲਡ ਵੱਲੋਂ ਤਕਰੀਬਨ ਦੋ ਮਹੀਨੇ ਤੋਂ ਚੱਲ ਰਹੀ ਖੜੋਤ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਗਿਆ ਪਰ ਸਫ਼ਲ ਨਾ ਹੋ ਸਕੀ। ਕੰਜ਼ਰਵੇਟਿਵ ਪਾਰਟੀ ਨੇ ਸੰਕੇਤ ਦਿਤੇ ਕਿ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਆਧਾਰ ਬਣਾ ਕੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਚਲਦਾ ਕਰਨਾ ਚਾਹੁੰਦੇ ਹਨ।

ਸਪੀਕਰ ਨੇ ਵੀਰਵਾਰ ਅਤੇ ਸ਼ੁੱਕਰਵਾਰ ਵਿਰੋਧੀ ਧਿਰ ਦੇ ਦਿਨ ਤੈਅ ਕੀਤੇ

ਜਗਮੀਤ ਸਿੰਘ ਵੱਲੋਂ ਪਿਛਲੇ ਸਮੇਂ ਦੌਰਾਨ ਕਈ ਮੁੱਦਿਆਂ ’ਤੇ ਸਰਕਾਰ ਦੀ ਨੁਕਤਾਚੀਨੀ ਕੀਤੀ ਗਈ ਜਿਨ੍ਹਾਂ ਵਿਚ ਬਜ਼ੁਰਗਾਂ ਨੂੰ ਵੀ 250 ਡਾਲਰ ਵਾਲੀ ਆਰਥਿਕ ਸਹਾਇਤਾ ਦੇ ਘੇਰੇ ਵਿਚ ਲਿਆਉਣਾ ਸ਼ਾਮਲ ਹੈ। ਇਥੇ ਦਸਣਾ ਬਣਦਾ ਹੈ ਕਿ ਸਤੰਬਰ ਮਹੀਨੇ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੇ ਦੋ ਮਤੇ ਅਸਫ਼ਲ ਹੋ ਚੁੱਕੇ ਹਨ। ਉਸ ਵੇਲੇ ਬਲੌਕ ਕਿਊਬੈਕਵਾ ਵੱਲੋਂ ਵੀ ਲਿਬਰਲ ਸਰਕਾਰ ਦਾ ਸਾਥ ਦਿਤਾ ਗਿਆ ਪਰ 75 ਸਾਲ ਜਾਂ ਇਸ ਤੋਂ ਘੱਟ ਉਮਰ ਵਾਲਿਆਂ ਨੂੰ 250 ਡਾਲਰ ਦੀ ਆਰਥਿਕ ਸਹਾਇਤਾ ਦੇ ਘੇਰੇ ਤੋਂ ਬਾਹਰ ਰੱਖੇ ਜਾਣ ਤੋਂ ਕਿਊਬੈਕ ਦੀ ਖੇਤਰੀ ਪਾਰਟੀ ਨਾਰਾਜ਼ਜ ਹੈ ਅਤੇ ਭਵਿੱਖ ਵਿਚ ਆਉਣ ਵਾਲੇ ਕਿਸੇ ਵੀ ਬੇਵਿਸਾਹੀ ਮਤੇ ’ਤੇ ਵੋਟਿੰਗ ਦੌਰਾਨ ਲਿਬਰਲ ਪਾਰਟੀ ਦੇ ਵਿਰੁੱਧ ਭੁਗਤ ਸਕਦੀ ਹੈ।

ਹਾਊਸ ਆਫ ਕਾਮਨਜ਼ ਦੇ ਕੰਮਕਾਜ ਵਿਚ ਖੜੋਤ ਤੋੜਨ ਲਈ ਦਿਤਾ ਦਖਲ

ਉਧਰ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਬੇਵਿਸਾਹੀ ਮਤਾ ਆਉਣ ਤੋਂ ਬਾਅਦ ਹੀ ਪਾਰਟੀ ਦੀ ਰਣਨੀਤੀ ਜਗ ਜ਼ਾਹਰ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਭਾਵੇਂ ਐਨ.ਡੀ.ਪੀ. ਚੋਣਾਂ ਵਾਸਤੇ ਤਿਆਰ ਬਰ ਤਿਆਰ ਹੈ ਪਰ ਫਿਲਹਾਲ ਮੁਲਕ ਨੂੰ ਚੋਣਾਂ ਦੰਗਲ ਵਿਚ ਲਿਜਾਣਾ ਨਹੀਂ ਚਾਹੁੰਦੀ। 

Tags:    

Similar News