Canada : ਉਨਟਾਰੀਓ ਦੇ ਮਕਾਨ ਮਾਲਕਾਂ ਵਾਸਤੇ 1 ਜਨਵਰੀ ਤੋਂ ਨਵੇਂ ਨਿਯਮ
ਨਵੇਂ ਨਿਯਮ ਘਰਾਂ ਵਿਚ ਲੱਗਣ ਵਾਲੇ ਕਾਰਬਨ ਮੌਨਆਕਸਾਈਡ ਅਲਾਰਮ ਨਾਲ ਸਬੰਧਤ ਹਨ ਅਤੇ 2026 ਤੋਂ ਘਰ ਦੀ ਹਰ ਮੰਜ਼ਿਲ ’ਤੇ ਅਲਾਰਮ ਲਾਜ਼ਮੀ ਹੋਵੇਗਾ ਜੋ ਕੰਮ ਕਰਦਾ ਹੋਵੇ
ਟੋਰਾਂਟੋ : ਉਨਟਾਰੀਓ ਦੇ ਮਕਾਨ ਮਾਲਕਾਂ ਵਾਸਤੇ 1 ਜਨਵਰੀ ਤੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਜੀ ਹਾਂ, ਨਵੇਂ ਨਿਯਮ ਘਰਾਂ ਵਿਚ ਲੱਗਣ ਵਾਲੇ ਕਾਰਬਨ ਮੌਨਆਕਸਾਈਡ ਅਲਾਰਮ ਨਾਲ ਸਬੰਧਤ ਹਨ ਅਤੇ 2026 ਤੋਂ ਘਰ ਦੀ ਹਰ ਮੰਜ਼ਿਲ ’ਤੇ ਅਲਾਰਮ ਲਾਜ਼ਮੀ ਹੋਵੇਗਾ ਜੋ ਕੰਮ ਕਰਦਾ ਹੋਵੇ। ਹੁਣ ਤੱਕ ਇਹ ਨਿਯਮ ਸਿਰਫ਼ ਸੌਣ ਵਾਲੇ ਕਮਰਿਆਂ ਦੇ ਨੇੜੇ ਅਲਾਰਮ ਲਾਉਣ ਤੱਕ ਸੀਮਤ ਸਨ ਪਰ 1 ਜਨਵਰੀ ਤੋਂ ਬੇਸਮੈਂਟਾਂ ਸਣੇ ਹਰ ਮੰਜ਼ਿਲ ’ਤੇ ਅਲਾਰਮ ਲਾਜ਼ਮੀ ਹੋਵੇਗਾ ਭਾਵੇਂ ਉਥੇ ਕੋਈ ਬੈਡਰੂਮ ਨਾ ਵੀ ਹੋਵੇ। ਨਵੇਂ ਨਿਯਮ ਹਰ ਕਿਸਮ ਦੇ ਘਰਾਂ ਉਤੇ ਲਾਗੂ ਹੋਣਗੇ ਗੈਸ, ਤੇਲ ਜਾਂ ਲੱਕੜ ਦੇ ਬਾਲਣ ਵਾਲੀ ਫ਼ਰਨੇਸ, ਬੁਆਇਲਰ, ਹੌਟ ਵਾਟਰ ਹੀਟਰ, ਅਵਨ ਅਤੇ ਡ੍ਰਾਇਰ ਮੌਜੂਦ ਹਨ।
ਕਾਰਬਨ ਮੌਨਆਕਸਾਈਡ ਅਲਾਰਮ ਘਰ ਦੀ ਹਰ ਮੰਜ਼ਿਲ ’ਤੇ ਲਾਜ਼ਮੀ
ਇਸ ਤੋਂ ਇਲਾਵਾ ਅਟੈਚਡ ਗੈਰਾਜ ਵਾਲੇ ਘਰਾਂ ਨੂੰ ਵੀ ਨਵੇਂ ਨਿਯਮਾਂ ਦੇ ਘੇਰੇ ਵਿਚ ਰੱਖਿਆ ਗਿਆ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਕਾਰਬਨ ਮੌਨਆਕਸਾਈਡ ਨੂੰ ਦੇਖਿਆ ਨਹੀਂ ਜਾ ਸਕਦਾ ਅਤੇ ਇਸ ਦੀ ਕੋਈ ਖਾਸ ਸਮੈੱਲ ਵੀ ਨਹੀਂ ਹੁੰਦੀ ਅਤੇ ਉਸ ਵੇਲੇ ਹੀ ਪਤਾ ਲਗਦਾ ਹੈ ਜਦੋਂ ਬਹੁਤ ਦੇਰ ਹੋ ਜਾਂਦੀ ਹੈ। ਸੂਬਾ ਸਰਕਾਰ ਦੇ ਅੰਕੜਿਆਂ ਮੁਤਾਬਕ ਕਾਰਬਨ ਮੌਨਆਕਸਾਈਡ ਕਾਰਨ ਹੋਣ ਵਾਲੀਆਂ ਮੌਤਾਂ ਵਿਚੋਂ 65 ਫ਼ੀ ਸਦੀ ਘਰਾਂ ਵਿਚ ਹੁੰਦੀਆਂ ਹਨ ਅਤੇ ਨਵੇਂ ਨਿਯਮਾਂ ਨਾਲ ਇਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਦੂਜੇ ਪਾਸੇ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫੇਫੜਿਆਂ ਵਿਚ ਕਾਰਬਨ ਮੌਨਆਕਸਾਈਡ ਗੈਸ ਜਾਣ ਮਗਰੋਂ ਸਰੀਰ ਦੀ ਖ਼ੂਨ ਵਿਚ ਆਕਸੀਜਨ ਪਹੁੰਚਾਉਣ ਦੀ ਤਾਕਤ ਘਟ ਜਾਂਦੀ ਹੈ ਅਤੇ ਖ਼ਤਰਨਾਕ ਗੈਸ ਦੀ ਮੌਜੂਦਗੀ ਦਾ ਅਹਿਸਾਸ ਹੋਣ ਤੋਂ ਪਹਿਲਾਂ ਨੁਕਸਾਨ ਹੋ ਜਾਂਦਾ ਹੈ।
ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਹੋਣਗੇ ਮੋਟੇ ਜੁਰਮਾਨੇ
ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਗਈ ਹੈ ਕਿ ਕਾਰਬਨ ਮੌਨਆਕਸਾਈਡ ਅਲਾਰਮ ਵੱਜਣ ਦੇ ਸੂਰਤ ਵਿਚ ਘਰ ਵਿਚ ਮੌਜੂਦ ਹਰ ਸ਼ਖਸ ਨੂੰ ਬਾਹਰ ਕੱਢ ਦਿਤਾ ਜਾਵੇ ਅਤੇ ਐਮਰਜੰਸੀ ਨੰਬਰ ’ਤੇ ਕਾਲ ਕੀਤੀ ਜਾਵੇ। ਕੁਝ ਕੰਪਨੀਆਂ ਸਮੋਕ ਅਲਾਰਮ ਅਤੇ ਕਾਰਬਨ ਮੌਨਆਕਸਾਈਡ ਅਲਾਰਮ ਸਾਂਝੇ ਤੌਰ ’ਤੇ ਬਣਾਉਂਦੀਆਂ ਹਨ ਪਰ ਲੋਕਾਂ ਨੂੰ ਦੋਹਾਂ ਵਿਚਲਾ ਫ਼ਰਕ ਪਤਾ ਹੋਣਾ ਚਾਹੀਦਾ ਹੈ। ਮਕਾਨ ਕਿਰਾਏ ’ਤੇ ਹੋਣ ਦੀ ਸੂਰਤ ਵਿਚ ਕਾਰਬਨ ਮੌਨਆਕਸਾਈਡ ਅਲਾਰਮ ਲਾਉਣ ਦੀ ਜ਼ਿੰਮੇਵਾਰੀ ਲੈਂਡਲੌਰਡ ਦੀ ਬਣਦੀ ਹੈ। ਅਲਾਰਮ ਨਾਲ ਛੇੜਛਾੜ ਕਰਨੀ ਜਾਂ ਇਸ ਦੀਆਂ ਬੈਟਰੀਆਂ ਕੱਢਣਾ ਕਾਨੂੰਨੀ ਤੌਰ ’ਤੇ ਜੁਰਮ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਧੇਰੇ ਜਾਣਕਾਰੀ ਲਈ ਸ਼ਹਿਰ ਜਾਂ ਕਸਬੇ ਦੇ ਫਾਇਰ ਡਿਪਾਰਟਮੈਂਟ ਨਾਲ ਸੰਪਰਕ ਕੀਤਾ ਜਾਵੇ।