ਟਰੂਡੋ ਸਰਕਾਰ ਵਿਰੁੱਧ ਬੇਵਿਸਾਹੀ ਮਤੇ ਦੀ ਹਮਾਇਤ ਨਹੀਂ ਕਰੇਗੀ ਐਨ.ਡੀ.ਪੀ.

ਕੈਨੇਡੀਅਨ ਸੰਸਦ ਵਿਚ ਬੇਵਿਸਾਹੀ ਮਤਾ ਆਉਣ ਤੋਂ ਪਹਿਲਾਂ ਹੀ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਹੈ ਕਿ ਉਹ ਲਿਬਰਲ ਸਰਕਾਰ ਨੂੰ ਡੇਗਣ ਵਿਚ ਮਦਦਗਾਰ ਨਹੀਂ ਬਣਨਗੇ।

Update: 2024-12-04 12:10 GMT

ਔਟਵਾ : ਕੈਨੇਡੀਅਨ ਸੰਸਦ ਵਿਚ ਬੇਵਿਸਾਹੀ ਮਤਾ ਆਉਣ ਤੋਂ ਪਹਿਲਾਂ ਹੀ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਦੀਆਂ ਚਾਲਾਂ ਵਿਚ ਉਲਝ ਕੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੇਗਣ ਦੇ ਕਿਸੇ ਵੀ ਯਤਨ ਵਿਚ ਮਦਦਗਾਰ ਨਹੀਂ ਬਣਨਗੇ। ਜਗਮੀਤ ਸਿੰਘ ਨੇ ਦਲੀਲ ਦਿਤੀ ਕਿ ਪੌਇਲੀਐਵ ਉਨ੍ਹਾਂ ਯੋਜਨਾਵਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਜਿਨ੍ਹਾਂ ਵਾਸਤੇ ਐਨ.ਡੀ.ਪੀ. ਸੰਘਰਸ਼ ਕਰ ਰਹੀ ਹੈ। ਅਜਿਹੇ ਵਿਚ ਚੋਣਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਗਮੀਤ ਸਿੰਘ ਦੇ ਤਾਜ਼ਾ ਐਲਾਨ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੱਡੀ ਚਿੰਤਾ ਮੁੱਕ ਗਈ ਜੋ ਸੰਭਾਵਤ ਤੌਰ ’ਤੇ ਵੀਰਵਾਰ ਨੂੰ ਪੇਸ਼ ਹੋਣ ਵਾਲੇ ਬੇਵਿਸਾਹੀ ਮਤੇ ਦੇ ਮੱਦੇਨਜ਼ਰ ਲਗਾਤਾਰ ਵਧਦੀ ਜਾ ਰਹੀ ਸੀ। ਕੰਜ਼ਰਵੇਟਿਵ ਪਾਰਟੀ ਵੱਲੋਂ ਜਗਮੀਤ ਸਿੰਘ ਦਾ ਨਾਂ ਲੈ ਕੇ ਬੇਵਿਸਾਹੀ ਮਤਾ ਲਿਆਉਣ ਦੇ ਯਤਨ ਕੀਤੇ ਜਾ ਰਹੇ ਸਨ ਤਾਂਕਿ ਵੋਟਿੰਗ ਦੌਰਾਨ ਐਨ.ਡੀ.ਪੀ., ਘੱਟ ਗਿਣਤੀ ਲਿਬਰਲ ਸਰਕਾਰ ਦੇ ਹੱਕ ਵਿਚ ਨਾ ਭੁਗਤੇ।

ਜਗਮੀਤ ਸਿੰਘ ਨੇ ਵਿਰੋਧੀ ਧਿਰ ਦੇ ਆਗੂ ’ਤੇ ਚਾਲਾਂ ਚੱਲਣ ਦਾ ਦੋਸ਼ ਲਾਇਆ

ਮੀਡੀਆ ਨਾਲ ਗੱਲਬਾਤ ਕਰਦਿਆਂ ਜਗਮੀਤ ਸਿੰਘ ਲੇ ਕਿਹਾ ਕਿ ਉਹ ਪਿਅਰੇ ਪੌਇਲੀਐਵ ਦੀਆਂ ਚਾਲਾਂ ਵਿਚ ਨਹੀਂ ਫਸਣਗੇ ਕਿਉਂਕਿ ਸਾਡੀ ਪਾਰਟੀ ਲੋਕਾਂ ਦੇ ਹਿਤ ਵਾਲੀਆਂ ਯੋਜਨਾਵਾਂ ਬੰਦ ਨਹੀਂ ਕਰਵਾਉਣਾ ਚਾਹੁੰਦੀ। ਸਾਡੀ ਪਾਰਟੀ ਡੈਂਟਲ ਕੇਅਰ ਪ੍ਰੋਗਰਾਮ ਦਾ ਘੇਰਾ ਵਧਾਉਣਾ ਚਾਹੁੰਦੀ ਹੈ ਅਤੇ ਫਾਰਮਾਕੇਅਰ ਦਾ ਅਸਲ ਲਾਭ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਕਰ ਰਹੀ ਹੈ। ਜਗਮੀਤ ਸਿੰਘ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਚੋਣ ਸਰਵੇਖਣਾਂ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਵੱਡੀ ਲੀਡ ਮਿਲ ਰਹੀ ਹੈ ਅਤੇ ਟੋਰੀ, ਸੱਤਾਧਾਰੀ ਲਿਬਰਲ ਪਾਰਟੀ ਅਤੇ ਐਨ.ਡੀ.ਪੀ. ਤੋਂ 20 ਅੰਕਾਂ ਨਾਲ ਅੱਗੇ ਚੱਲ ਰਹੇ ਹਨ। ਉਧਰ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਸੰਭਾਵਤ ਬੇਵਿਸਾਹੀ ਮਤਾ ਪੇਸ਼ ਹੋਣ ਮਗਰੋਂ ਟੋਰੀਆਂ ਕੋਲ ਟਰੂਡੋ ਸਰਕਾਰ ਨੂੰ ਡੇਗਣ ਦੇ ਦੋ ਹੋਰ ਮੌਕੇ ਹੋਣਗੇ।

Tags:    

Similar News